ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਦਾ ਸ਼ਰਫ਼ ਰੱਖਣ ਵਾਲੇ ਸਾਡੇ ਦੇਸ਼ ਚ ‘ਕੌਮੀ ਵੋਟਰ ਦਿਵਸ’ ਮਨਾਉਣ ਦੀ ਆਰੰਭਤਾ 25 ਜਨਵਰੀ, 2011 ਵਿਚ ਹੋਈ ਸੀ ਤੇ ਇਹ ਦਿਵਸ ਮਨਾਉਣ ਲਈ 25 ਜਨਵਰੀ ਦਾ ਹੀ ਦਿਨ ਚੁਣੇ ਜਾਣ ਪਿੱਛੇ ਮਹੱਤਵਪੂਰਨ ਤੱਥ ਇਹ ਸੀ ਕਿ ਸੰਨ 1950 ਵਿਚ 25 ਜਨਵਰੀ ਦੇ ਹੀ ਦਿਨ ਭਾਰਤੀ ਚੋਣ ਕਮਿਸ਼ਨ ਦੀ ਸਥਾਪਨਾ ਹੋਈ ਸੀ।

ਅੱਜ 25 ਜਨਵਰੀ ਦਾ ਦਿਨ ‘ਕੌਮੀ ਵੋਟਰ ਦਿਵਸ’ ਮਨਾਉਣ ਦਾ ਦਿਨ ਹੈ। ਇਹ ਦਿਨ ਭਾਰਤ ਦੇ ਸਮੂਹ ਨਾਗਰਿਕਾਂ ਤੇ ਵਿਸ਼ੇਸ਼ ਕਰਕੇ ਸਾਰੇ ਹੀ ਵੋਟਰਾਂ ਨੂੰ ਉਨ੍ਹਾਂ ਦੇ ਵੋਟ ਦੇ ਹੱਕ ਪ੍ਰਤੀ ਚੇਤੰਨ ਕਰਾਉਣ ਦਾ ਸੁਭਾਗਾ ਦਿਨ ਹੈ। ਇਹ ਦਿਵਸ ਉਨ੍ਹਾਂ ਨੂੰ ਯਾਦ ਕਰਵਾਉਂਦਾ ਹੈ ਕਿ ਭਾਰਤੀ ਸੰਵਿਧਾਨ ਦੇ ਆਰਟੀਕਲ 326 ਤਹਿਤ ਹਰ ਭਾਰਤੀ ਨਾਗਰਿਕ ਨੂੰ ਇਹ ਤਾਕਤਵਰ ਹੱਕ ਦਿੱਤਾ ਗਿਆ ਹੈ, ਜਿਸ ਨਾਲ ਉਹ ਨਾਗਰਿਕ ਕਿਸੇ ਵੀ ਸੱਤਾਧਾਰੀ ਸਰਕਾਰ ਦਾ ਤਖ਼ਤਾ ਵੀ ਪਲਟ ਸਕਦਾ ਹੈ ਤੇ ਆਪਣੀ ਮਨਪਸੰਦ ਸਰਕਾਰ ਨੂੰ ਤਖ਼ਤ ’ਤੇ ਬਿਠਾ ਸਕਦਾ ਹੈ। ਇਹ ਦਿਨ ਭਾਰਤ ਦੇ ਸਮੁੱਚੇ ਨੌਜਵਾਨ ਵਰਗ ਨੂੰ ਵੀ ਇਹ ਸੰਦੇਸ਼ ਦੇਣ ਲਈ ਨਿਸ਼ਚਿਤ ਕੀਤਾ ਗਿਆ ਹੈ ਕਿ ਆਪਣੇ ਮੁਲਕ ਨੂੰ ਚੰਗੇ, ਨੇਕ, ਇਮਾਨਦਾਰ ਤੇ ਜ਼ਿੰਮੇਵਾਰ ਸਿਆਸੀ ਆਗੂਆਂ ਦੇ ਹੱਥਾਂ ਵਿਚ ਦੇਣ ਵਿਚ ਨੌਜਵਾਨ ਵਰਗ ਦਾ ਵੱਡੀ ਭੂਮਿਕਾ ਬਣਦੀ ਹੈ ਤੇ ਇਹ ਭੂਮਿਕਾ ਸਾਰਥਿਕ ਤਾਂ ਹੀ ਹੋ ਸਕਦੀ ਹੈ, ਜੇ ਨੌਜਵਾਨ ਸਮੇਂ ਸਿਰ ਆਪਣੀ ਵੋਟ ਬਣਵਾਉਣ ਤੇ ਹਰ ਚੋਣ ਪ੍ਰਕਿਰਿਆ ਵਿਚ ਹਿੱਸਾ ਲੈਂਦਿਆਂ ਸਹੀ ਉਮੀਦਵਾਰ ਨੂੰ ਵੋਟ ਪਾ ਕੇ ਆਪਣੇ ਜ਼ਿੰਮੇਵਾਰ ਨਾਗਰਿਕ ਤੇ ਸੂਝਵਾਨ ਵੋਟਰ ਹੋਣ ਦਾ ਪ੍ਰਮਾਣ ਦੇਣ।
ਦਿਵਸ ਮਨਾਉਣ ਦੀ ਸ਼ੁਰੂਆਤ
ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਦਾ ਸ਼ਰਫ਼ ਰੱਖਣ ਵਾਲੇ ਸਾਡੇ ਦੇਸ਼ ਚ ‘ਕੌਮੀ ਵੋਟਰ ਦਿਵਸ’ ਮਨਾਉਣ ਦੀ ਆਰੰਭਤਾ 25 ਜਨਵਰੀ, 2011 ਵਿਚ ਹੋਈ ਸੀ ਤੇ ਇਹ ਦਿਵਸ ਮਨਾਉਣ ਲਈ 25 ਜਨਵਰੀ ਦਾ ਹੀ ਦਿਨ ਚੁਣੇ ਜਾਣ ਪਿੱਛੇ ਮਹੱਤਵਪੂਰਨ ਤੱਥ ਇਹ ਸੀ ਕਿ ਸੰਨ 1950 ਵਿਚ 25 ਜਨਵਰੀ ਦੇ ਹੀ ਦਿਨ ਭਾਰਤੀ ਚੋਣ ਕਮਿਸ਼ਨ ਦੀ ਸਥਾਪਨਾ ਹੋਈ ਸੀ। ਇਸ ਦਿਵਸ ਨੂੰ ਮਨਾਉਣ ਦੀ ਲੋੜ ਅਸਲ ਵਿਚ ਉਸ ਵਕਤ ਇਸ ਕਰਕੇ ਮਹਿਸੂਸ ਕੀਤੀ ਗਈ ਸੀ ਕਿਉਂਕਿ ਕਈ ਸਾਰੀਆਂ ਰਿਪੋਰਟਾਂ ਤੇ ਸਰਵੇਖਣਾਂ ਤੋਂ ਇਹ ਗੱਲ ਸਾਹਮਣੇ ਆਈ ਸੀ ਕਿ ਉਦੋਂ 18 ਤੋਂ 21 ਸਾਲ ਦੀ ਉਮਰ ਦੇ ਨੌਜਵਾਨਾਂ ਵਿਚ ਵੋਟ ਬਣਵਾਉਣ ਅਤੇ ਵੋਟ ਪਾਉਣ ਦੇ ਅਮਲ ਵਿਚ ਜ਼ਿਆਦਾ ਰੁਚੀ ਨਹੀਂ ਵਿਖਾਈ ਜਾ ਰਹੀ ਸੀ। ਉਸ ਵੇਲੇ ਦੇ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦੀ ਅਗਵਾਈ ਵਿਚ ਬਣੀ ਇਕ ਕਮੇਟੀ ਵਿਚ ਨੌਜਵਾਨਾਂ ਦੀ ਉਕਤ ਘਟਦੀ ਰੁਚੀ ਦੇ ਰੁਝਾਨ ਨੂੰ ਠੱਲ੍ਹ ਪਾਉਣ ਦੇ ਮਕਸਦ ਨਾਲ ਦੇਸ਼ ਵਿਚ ਹਰ ਸਾਲ ‘ਕੌਮੀ ਵੋਟਰ ਦਿਵਸ’ ਮਨਾਏ ਜਾਣ ਦਾ ਸੁਝਾਅ ਪੇਸ਼ ਹੋਇਆ ਸੀ, ਜੋ ਪ੍ਰਵਾਨ ਕਰ ਲਿਆ ਗਿਆ ਸੀ ਤੇ ਸੰਨ 2011 ਵਿਚ ਲਾਗੂ ਵੀ ਕਰ ਦਿੱਤਾ ਗਿਆ ਸੀ। ਸਰਕਾਰ ਨੇ ਇਹ ਫ਼ੈਸਲਾ ਕੀਤਾ ਸੀ ਕਿ ਹਰ ਸਾਲ 1 ਜਨਵਰੀ ਤਕ ਉਨ੍ਹਾ ਸਾਰੇ ਨੌਜਵਾਨਾਂ ਦੀ ਪਛਾਣ ਕਰ ਲਈ ਜਾਵੇ, ਜੋ ਵੋਟ ਬਣਵਾਉਣ ਲਈ ਲੋੜੀਂਦੀ 18 ਸਾਲ ਦੀ ਉਮਰ ਤੱਕ ਪੁੱਜ ਚੁੱਕੇ ਹਨ ਅਤੇ 25 ਜਨਵਰੀ ਦੇ ਦਿਨ ਉਨ੍ਹਾਂ ਨੂੰ ਵੋਟਰ ਕਾਰਡ ਬਣਾ ਕੇ ਸੌਂਪ ਦਿੱਤੇ ਜਾਣ ਅਤੇ ਇਹ ਕਾਰਜ ਇਸ ਢੰਗ ਨਾਲ ਕੀਤਾ ਜਾਵੇ ਕਿ ਨੌਜਵਾਨਾਂ ਨੂੰ ਇਹ ਅਹਿਸਾਸ ਹੋ ਸਕੇ ਕਿ ਉਨ੍ਹਾ ਦੇ ਹੱਥਾਂ ਵਿੱਚ ਵੱਡੀ ਤਾਕਤ ਅਤੇ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ। ਨਵੇਂ ਵੋਟਰਾਂ ਨੂੰ ਅਜਿਹੇ ਬੈਜ ਅਤੇ ਸਰਟੀਫ਼ਿਕੇਟ ਪ੍ਰਦਾਨ ਕਰਨ ਬਾਰੇ ਵੀ ਪ੍ਰਬੰਧ ਕੀਤੇ ਜਾਂਦੇ ਹਨ, ਜਿਨ੍ਹਾਂ ਵਿਚ ਇਹ ਅੰਕਿਤ ਹੁੰਦਾ ਹੈ, ‘ਮੈਨੂੰ ਵੋਟਰ ਬਣਨ ’ਤੇ ਫ਼ਖ਼ਰ ਹੈ,ਮੈਂ ਵੋਟ ਪਾਉਣ ਲਈ ਤਿਆਰ ਹਾਂ।’
ਉਮਰ ਹੱਦ
ਪ੍ਰਾਪਤ ਅੰਕੜਿਆਂ ਅਨੁਸਾਰ ਫਰਵਰੀ, 2024 ਵਿਚ ਭਾਰਤ ਵਿਚ ਯੋਗ ਵੋਟਰਾਂ ਦੀ ਸੰਖਿਆ 96.88 ਕਰੋੜ ਸੀ, ਜਿਨ੍ਹਾਂ ਵਿੱਚੋਂ 49.70 ਕਰੋੜ ਪੁਰਸ਼ ਅਤੇ 47.10 ਕਰੋੜ ਮਹਿਲਾ ਵੋਟਰ ਸਨ, ਜਦੋਂਕਿ ‘ਥਰਡ ਜੈਂਡਰ’ ਵੋਟਰਾਂ ਦੀ ਸੰਖਿਆ 48,044 ਸੀ ਅਤੇ ਓਵਰਸੀਜ਼ ਵੋਟਰਾਂ ਦੀ ਗਿਣਤੀ 1.2 ਲੱਖ ਸੀ। ਇਸੇ ਤਰ੍ਹਾਂ ਦਿਵਿਆਂਗ ਵੋਟਰਾਂ ਦੀ ਗਿਣਤੀ 88.35 ਲੱਖ ਸੀ ਅਤੇ 18-19 ਸਾਲ ਦੇ ਉਮਰ ਗੁੱਟ ਵਾਲੇ ਕੁੱਲ ਵੋਟਰ 1.85 ਕਰੋੜ ਸਨ। ਇੱਥੇ ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਹੈ ਕਿ ਸਾਲ 1988 ਵਿਚ ਸੰਵਿਧਾਨ ਦੀ 61ਵੀਂ ਸੋਧ ਰਾਹੀਂ ਵੋਟ ਪਾਉਣ ਲਈ ਨੌਜਵਾਨਾਂ ਦੀ ਯੋਗ ਉਮਰ ਹੱਦ 21 ਸਾਲ ਤੋਂ ਘਟਾ ਕੇ 18 ਸਾਲ ਕਰ ਦਿੱਤੀ ਗਈ ਸੀ। ਅੰਕੜੇ ਦੱਸਦੇ ਹਨ ਕਿ ਭਾਰਤ ਦੇ ਸ਼ਹਿਰੀ ਖੇਤਰਾਂ ਵਿਚ ਵੱਸਦੇ ਨੌਜਵਾਨਾਂ ਦੀ ਕੁੱਲ ਸੰਖਿਆ ਵਿੱਚੋਂ 45 ਫ਼ੀਸਦੀ ਨੌਜਵਾਨ ਉਹ ਹਨ, ਜੋ ਰਹਿੰਦੇ ਤਾਂ ਸ਼ਹਿਰਾਂ ਵਿਚ ਹਨ ਪਰ ਉਨ੍ਹਾਂ ਦੇ ਅਸਲ ਘਰ ਪਿੰਡਾਂ ਵਿਚ ਹਨ ਤੇ ਉਨ੍ਹਾਂ ਦੀਆਂ ਵੋਟਾਂ ਵੀ ਉਨ੍ਹਾ ਦੇ ਸਬੰਧਿਤ ਪਿੰਡਾਂ ਵਿਚ ਹਨ ਪਰ ਵੱਖ-ਵੱਖ ਕਾਰਨਾਂ ਕਰਕੇ ਚੋਣਾਂ ਵਾਲੇ ਦਿਨ ਇਹ ਨੌਜਵਾਨ ਵੋਟ ਪਾਉਣ ਲਈ ਆਪੋ ਆਪਣੇ ਪਿੰਡਾਂ ਵੱਲ ਨਹੀਂ ਪਰਤਦੇ। ਪ੍ਰਾਪਤ ਜਾਣਕਾਰੀ ਅਨੁਸਾਰ ਅਜਿਹੀ ਮਨੋਬਿਰਤੀ ਵਾਲੇ ਨੌਜਵਾਨਾਂ ਦੀ ਸੰਖਿਆ ਦਿੱਲੀ ਵਿਚ 51 ਫ਼ੀਸਦੀ, ਮੁੰਬਈ ਵਿਚ 47 ਫ਼ੀਸਦੀ, ਪੂਨਾ ਵਿਚ 45 ਫ਼ੀਸਦੀ ਸਮੇਤ ਸਮੁੱਚੇ ਭਾਰਤ ਵਿਚ ਔਸਤਨ 45 ਫ਼ੀਸਦੀ ਬਣਦੀ ਹੈ, ਜੋ ਚਿੰਤਾ ਦਾ ਵਿਸ਼ਾ ਹੈ।
ਮੁੱਖ ਮੰਤਵ ਤੇ ਨਾਅਰਾ
ਭਾਰਤੀ ਚੋਣ ਕਮਿਸ਼ਨ ਦਾ ਵੋਟ ਬਣਾਉਣ ਦੇ ਸਬੰਧ ਵਿਚ ਮੁੱਖ ਮੰਤਵ ਤੇ ਨਾਅਰਾ ਹੈ, ‘ਕੋਈ ਵੀ ਵੋਟਰ ਵੋਟ ਬਣਵਾਉਣ ਤੋਂ ਵਾਂਝਾ ਨਾ ਰਹਿ ਜਾਵੇ।’ ਇਸ ਲਈ 25 ਜਨਵਰੀ ਨੂੰ ‘ਕੌਮੀ ਵੋਟਰ ਦਿਵਸ’ ਦੇ ਮੌਕੇ ’ਤੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਰ ਯੋਗ ਨੌਜਵਾਨ ਨੂੰ ਚਾਹੀਦਾ ਹੈ ਕਿ ਉਹ ਭਾਰਤੀ ਚੋਣ ਕਮਿਸ਼ਨ ਜਾਂ ਸਬੰਧਿਤ ਸੂਬੇ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਧਾਰਤ ਥਾਂ ’ਤੇ ਪੁੱਜ ਕੇ ਸਮਰੱਥ ਅਧਿਕਾਰੀ ਜਾਂ ਕਰਮਚਾਰੀ ਰਾਹੀਂ ਆਪਣੇ ਵੋਟ ਬਣਵਾਏ ਅਤੇ ਫਿਰ ਚੋਣਾਂ ਸਮੇਂ ਆਪਣੇ ਉਸ ਵੋਟ ਦੇ ਹੱਕ ਦਾ ਇਸਤੇਮਾਲ ਬਿਨਾਂ ਕਿਸੇ ਵੀ ਪ੍ਰਕਾਰ ਦੇ ਲਾਲਚ, ਡਰ ਅਤੇ ਦਬਾਅ ਦੇ ਪੂਰੀ ਸੂਝਬੂਝ, ਦਿਆਨਤਦਾਰੀ ਅਤੇ ਜ਼ਿੰਮੇਵਾਰੀ ਨਾਲ ਕਰੇ। ਅੱਜ ਦੇ ਦਿਨ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਕ ਵੋਟਰ ਦਾ ਪੜ੍ਹੇ-ਲਿਖੇ ਤੇ ਜਾਗਰੂਕ ਹੋਣਾ ਸਿਹਤਮੰਦ ਲੋਕਤੰਤਰ ਲਈ ਬੇਹੱਦ ਜ਼ਰੂਰੀ ਹੈ। ਹਰ ਵੋਟਰ, ਚਾਹੇ ਉਹ ਕਿਸੇ ਵੀ ਉਮਰ ਗੁੱਟ ਦਾ ਹੋਵੇ, ਉਸ ਨੂੰ ਇਹ ਜ਼ਰੂਰ ਵੇਖਣਾ ਚਾਹੀਦਾ ਹੈ ਕਿ ਉਹ ਜਿਸ ਵੀ ਪਾਰਟੀ ਜਾਂ ਪਾਰਟੀ ਦੇ ਨੁਮਾਇੰਦੇ ਨੂੰ ਚੁਣਨ ਜਾ ਰਿਹਾ ਹੈ, ਉਸ ਦਾ ਕਿਰਦਾਰ ਕਿਵੇਂ ਦਾ ਹੈ? ਹਰ ਵੋਟਰ ਨੂੰ ਚਾਹੀਦਾ ਹੈ ਕਿ ਉਹ ਨਿਜੀ ਮੁਫ਼ਾਦਾਂ ਨੂੰ ਤਿਆਗ ਕੇ ਆਪਣੇ ਪਿੰਡ, ਸ਼ਹਿਰ, ਸੂਬੇ ਜਾਂ ਮੁਲਕ ਦੀ ਬਿਹਤਰੀ ਲਈ ਸੋਚੇ ਅਤੇ ਚੰਗੀ ਸੋਚ, ਚੰਗੇ ਕਿਰਦਾਰ ਅਤੇ ਦੂਰਅੰਦੇਸ਼ੀ ਵਾਲੇ ਆਗੂ ਦੀ ਚੋਣ ਕਰੇ। ਮਹਾਨ ਵਿਦਵਾਨ ਥਾਮਸ ਜੈਫ਼ਰਸਨ ਨੇ ਸਹੀ ਕਿਹਾ ਸੀ, ‘ਲੋਕਤੰਤਰ ਉਸ ਵੇਲੇ ਖ਼ਤਮ ਹੋ ਜਾਂਦਾ ਹੈ, ਜਦੋਂ ਸੱਤਾ ਉਨ੍ਹਾਂ ਲੋਕਾਂ ਦੇ ਹੱਥਾਂ ਵਿਚ ਸੌਂਪ ਦਿੱਤੀ ਜਾਂਦੀ ਹੈ, ਜੋ ਕੰਮ ਨਹੀਂ ਕਰਨਾ ਚਾਹੁੰਦੇ ਜਾਂ ਕੰਮ ਕਰਨ ਦੇ ਸਮਰੱਥ ਨਹੀਂ ਹੁੰਦੇ।’
ਹਰ ਵੋਟਰ ਦਾ ਇਹ ਕਰਤੱਵ ਬਣਦਾ ਹੈ ਕਿ ਉਹ ਧਰਮ, ਜਾਤ ਜਾਂ ਮਜ਼੍ਹਬ ਦੀਆਂ ਵਲਗਣਾਂ ਤੋਂ ਉਪਰ ਉੱਠ ਕੇ ਸਰਬੱਤ ਦੇ ਭਲੇ ਲਈ ਕਾਰਜਸ਼ੀਲ ਹੋਵੇ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਗ਼ਰੀਬੀ, ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ ਖ਼ਤਮ ਕਰਨ ਦੀਆਂ ਗੱਲਾਂ ਕਰਨ ਵਾਲੇ ਲੀਡਰਾਂ ਦਾ ਪਿਛਲਾ ਰਿਕਾਰਡ ਅਤੇ ਆਉਣ ਵਾਲੇ ਸਮੇਂ ਦਾ ਰੋਡਮੈਪ ਜ਼ਰੂਰ ਪਰਖਣ ਤੇ ਫਿਰ ਹੀ ਆਪਣਾ ਕੀਮਤੀ ਵੋਟ ਉਸ ਦੇ ਹੱਕ ਵਿਚ ਭੁਗਤਾਉਣ।
- ਪ੍ਰੋ. ਪਰਮਜੀਤ ਸਿੰਘ