ਸ੍ਰੀ ਅਨੰਦਪੁਰ ਸਾਹਿਬ ਇਕ ਕਸਬਾ ਹੀ ਨਹੀਂ ਬਲਕਿ ਸਮੁੱਚੀ ਦੁਨੀਆ ’ਚ ਵਸਦੇ ਸਿੱਖਾਂ ਦਾ ਪਹਿਲਾ ਘਰ ਹੈ। ਇਸੇ ਕਾਰਨ ਇਸ ਧਰਤ ਸੁਹਾਵੀ ਨੂੰ ਖ਼ਾਲਸਾ ਪੰਥ ਦਾ ਘਰ ਕਹਿ ਕੇ ਸਤਿਕਾਰਿਆ ਜਾਂਦਾ ਹੈ। ਦੁਨੀਆ ਦੇ ਨਕਸ਼ੇ ’ਤੇ ਸ੍ਰੀ ਅਨੰਦਪੁਰ ਸਾਹਿਬ ਦੀ ਪਛਾਣ ਇਸ ਲਈ ਵੀ ਹੈ ਕਿ ਇਸ ਧਰਤੀ ਨੇ ਮੁਰਦਾ ਹੋ ਚੁੱਕੀ ਕੌਮ ਦੇ ਅੰਦਰ ਨਵੀਂ ਰੂਹ ਪਾਈ।

ਸ੍ਰੀ ਅਨੰਦਪੁਰ ਸਾਹਿਬ ਇਕ ਕਸਬਾ ਹੀ ਨਹੀਂ ਬਲਕਿ ਸਮੁੱਚੀ ਦੁਨੀਆ ’ਚ ਵਸਦੇ ਸਿੱਖਾਂ ਦਾ ਪਹਿਲਾ ਘਰ ਹੈ। ਇਸੇ ਕਾਰਨ ਇਸ ਧਰਤ ਸੁਹਾਵੀ ਨੂੰ ਖ਼ਾਲਸਾ ਪੰਥ ਦਾ ਘਰ ਕਹਿ ਕੇ ਸਤਿਕਾਰਿਆ ਜਾਂਦਾ ਹੈ। ਦੁਨੀਆ ਦੇ ਨਕਸ਼ੇ ’ਤੇ ਸ੍ਰੀ ਅਨੰਦਪੁਰ ਸਾਹਿਬ ਦੀ ਪਛਾਣ ਇਸ ਲਈ ਵੀ ਹੈ ਕਿ ਇਸ ਧਰਤੀ ਨੇ ਮੁਰਦਾ ਹੋ ਚੁੱਕੀ ਕੌਮ ਦੇ ਅੰਦਰ ਨਵੀਂ ਰੂਹ ਪਾਈ। ਇਸ ਧਰਤੀ ’ਤੇ ਖ਼ਾਲਸਾ ਪੰਥ ਦੀ ਸਾਜਨਾ ਹੋਈ ਤੇ ਇੱਥੇ ਹੀ ਦਸਮ ਪਾਤਸ਼ਾਹ ਨੇ ਸਿੱਖਾਂ ਨੂੰ ਅੰਮ੍ਰਿਤ ਦੀ ਗੁੜਤੀ ਦੇ ਕੇ ਅਜਿਹੀ ਸ਼ਕਤੀ ਬਖ਼ਸ਼ੀ ਜਿਸ ਦੀ ਗਵਾਹੀ ਅੱਜ ਵੀ ਚਮਕੌਰ ਦੀ ਗੜ੍ਹੀ ਭਰਦੀ ਹੈ। ਇਸ ਛੋਟੇ ਜਿਹੇ ਕਸਬੇ ਨੇ ਬਹੁਤ ਵੱਡੀ ਤੇ ਅਮੀਰ ਵਿਰਾਸਤ ਸੰਭਾਲ ਕੇ ਰੱਖੀ ਹੈ।
ਇਤਿਹਾਸ ਅਨੁਸਾਰ ਸ੍ਰੀ ਅਨੰਦਪੁਰ ਸਾਹਿਬ ਦਾ ਮੁੱਢ ਉਸ ਵਕਤ ਬੱਝਾ ਜਦੋਂ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਰਾਜਾ ਦੀਪ ਚੰਦ ਦੀ ਰਾਣੀ ਚੰਪਾ ਕੋਲੋਂ ਜ਼ਮੀਨ ਦੀ ਖ਼ਰੀਦ ਕੀਤੀ ਜਿਸ ਵਿਚ ਪ੍ਰਮੁੱਖ ਪਿੰਡ ਮਾਖੋਵਾਲ, ਲੋਧੀਪੁਰ, ਮੀਆਂਪੁਰ ਆਦਿ ਸ਼ਾਮਲ ਸਨ। ਗੁਰੂ ਸਾਹਿਬ ਨੇ 19 ਜੂਨ ਸੰਨ 1665 ਈ. ਨੂੰ ਇਹ ਨਗਰੀ ਵਸਾਈ ਤੇ ਇਸ ਪਵਿੱਤਰ ਰਮਣੀਕ ਥਾਂ ਦਾ ਨਾਮ ਆਪਣੇ ਪੂਜਨੀਕ ਮਾਤਾ ਜੀ ਦੇ ਨਾਮ ’ਤੇ ਚੱਕ ਨਾਨਕੀ ਰੱਖਿਆ। ਸ੍ਰੀ ਗੁਰੂ ਪੰਥ ਪ੍ਰਕਾਸ਼ ਅਨੁਸਾਰ :
ਜੈਸੇ ਪੁਰਾ ਗੁਰੁ ਬਹੁ ਗ੍ਰਾਮ ਹੈ ਬਸਾਏ,
ਤੈਸੇ ਹਮ ਭੀ ਨਗਰ ਏਕ ਰਚੀਏ ਸਛੰਦ ਹੈ॥
ਐਸੇ ਮਨਿ ਧਾਰਿਕੈ ਨਿਹਾਰ ਕੈ ਜਮੀਨ ਵਰ,
ਬਾਂਧਯੋ ਅਨੰਦਪੁਰ ਦਾਇ ਪਰਮਾਨੰਦ ਹੈ॥
ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਰਮਭੂਮੀ ਵੀ ਹੈ। ਇਸ ਦੀ ਇਤਿਹਾਸਕ ਮਹੱਤਤਾ ਦਾ ਇਕ ਕਾਰਨ ਇਹ ਵੀ ਹੈ ਕਿ ਗੁਰੂ ਸਾਹਿਬ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਜ਼ਿਆਦਾ ਸਮਾਂ ਲਗਪਗ 27 ਸਾਲ ਇਸ ਧਰਤੀ ’ਤੇ ਬਤੀਤ ਕੀਤਾ ਤੇ ਇਹ ਧਰਤੀ ਪੁੱਠੇ ਲੇਖਾਂ ਨੂੰ ਸਿੱਧੇ ਕਰਨ ਵਾਲੀ ਬਣੀ। ਇਹੀ ਉਹ ਪਵਿੱਤਰ ਧਰਤੀ ਸੀ ਜਿੱਥੇ ਕਸ਼ਮੀਰੀ ਪੰਡਿਤਾਂ ਦੀ ਫਰਿਆਦ ’ਤੇ 9 ਸਾਲ ਦੀ ਉਮਰ ਦੇ ਬਾਲ ਗੋਬਿੰਦ ਰਾਏ ਨੇ ਧਰਮ ਦੀ ਖ਼ਾਤਰ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਬਲਿਦਾਨ ਦੇਣ ਲਈ ਦਿੱਲੀ ਰਵਾਨਾ ਕੀਤਾ। ਇੱਥੇ ਹੀ ਦਸਮ ਪਾਤਸ਼ਾਹ ਦੇ ਗ੍ਰਹਿ ਤਿੰਨ ਸਾਹਿਬਜ਼ਾਦਿਆਂ ਦਾ ਜਨਮ ਹੋਇਆ। ਇੱਥੋਂ ਹੀ ਗੁਰੂ ਨਾਨਕ ਸਾਹਿਬ ਦੁਆਰਾ ਸਮੁੱਚੀ ਕਾਇਨਾਤ ਨੂੰ ਦਿੱਤੇ ਸਰਬ ਸਾਂਝੀਵਾਲਤਾ ਦੇ ਪੈਗ਼ਾਮ ਦਾ ਹੋਕਾ ਵਿਸ਼ਵ ਭਰ ’ਚ ਸੇਵਾ ਦੇ ਰੂਪ ’ਚ ਪਹੁੰਚਿਆ ਜਦੋਂ ਭਾਈ ਘਨ੍ਹੱਈਆ ਜੀ ਨੇ ਦੁਸ਼ਮਣਾਂ ਨੂੰ ਵੀ ਪਾਣੀ ਪਿਆ ਕੇ ਤੇ ਮੱਲ੍ਹਮ-ਪੱਟੀ ਕਰ ਕੇ ਮਾਨਵਤਾ ਦੀ ਸੇਵਾ ਦਾ ਸੰਕਲਪ ਦਿ੍ਰੜ੍ਹ ਕਰਵਾਇਆ।
ਮੁਗਲ ਹਕੂਮਤ ਦੇ ਅੱਤਿਆਚਾਰਾਂ ਤੋਂ ਤੰਗ ਇਸ ਧਰਤੀ ਦੇ ਲੋਕ ਜੋ ਅਕਸਰ ਕਿਹਾ ਕਰਦੇ ਸਨ ਕਿ ਅਸੀਂ ਕਦੇ ਨੰਗੀ ਕਰਦ ਨਹੀਂ ਫੜੀ ਤਾਂ ਮੈਦਾਨੇ-ਏ-ਜੰਗ ’ਚ ਸ਼ਮਸ਼ੀਰ ਕਿੱਥੋਂ ਫੜ ਲਵਾਂਗੇ? ਉਨ੍ਹਾਂ ਲੋਕਾਂ ਨੂੰ ਦਸਮ ਪਾਤਸ਼ਾਹ ਨੇ ਇਸ ਧਰਤੀ ’ਤੇ ਖੰਡੇ ਦੀ ਪਹੁਲ ਦੇ ਕੇ ਭਰੇ ਪੰਡਾਲ ’ਚ ਕਿਹਾ :
‘ਜਿਨਕੀ ਜਾਤ ਗੋਤ ਕੁਲ ਮਾਹੀ,
ਸਰਦਾਰੀ ਨਾ ਭਈ ਕਦਾਹੀ
ਤਿੰਨਹੀ ਕੌ ਸਰਦਾਰ ਬਨਾਉ,
ਤਬੈ ਗੋਬਿੰਦ ਸਿੰਘ ਨਾਮ ਕਹਾੳ।’
ਅਸਲ ’ਚ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਸਰਦਾਰੀਆਂ ਦੀ ਬਖ਼ਸ਼ਿਸ਼ ਕਰਨ ਵਾਲੀ ਧਰਤੀ ਹੈ ਪਰ ਅੱਜ ਮੌਜੂਦਾ ਸਮੇਂ ’ਚ ਇਹ ਆਪਣੇ ਅਸਲ ਵਜੂਦ ਤੋਂ ਕੋਹਾਂ ਦੂਰ ਜਾ ਚੁੱਕੀ ਹੈ ਤੇ ਕਈ ਉਲਟ ਭੂਗੋਲਿਕ ਸਥਿਤੀਆਂ ਦਾ ਸਾਹਮਣਾ ਕਰ ਰਹੀ ਹੈ। ਅਨੰਦਪੁਰ ਸਾਹਿਬ ਦੇ ਪੁਰਾਤਾਨ ਸਥਾਨ ’ਤੇ ਵਸਤਾਂ ਅੱਜ ਲੋਪ ਹੋ ਚੁੱਕੀਆਂ ਹਨ ਜਿਨ੍ਹਾਂ ਦੀ ਥਾਂ ਆਲੀਸ਼ਾਨ ਇਮਾਰਤਾਂ ਨੇ ਲੈ ਲਈ ਹੈ। ਦਸਮ ਪਾਤਸ਼ਾਹ ਵੱਲੋਂ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਮੁਗਲ ਹਕੂਮਤ ਨੇ ਮਜ਼ਬੂਤ ਕਿਲ੍ਹੇ ਤੇ ਬਹੁਤ ਸਾਰੀਆਂ ਥਾਵਾਂ ਨੂੰ ਢਹਿ-ਢੇਰੀ ਕਰ ਦਿੱਤਾ ਸੀ ਤਾਂ ਜੋ ਗੁਰੂ ਸਾਹਿਬ ਵਾਪਸ ਆ ਕੇ ਇਨ੍ਹਾਂ ਕਿਲ੍ਹਿਆਂ ’ਤੇ ਕਬਜ਼ਾ ਨਾ ਕਰ ਲੈਣ ਪਰ ਸਭ ਕੁਝ ਢਹਿ-ਢੇਰੀ ਹੋਣ ਤੋਂ ਬਾਅਦ ਗੁਰਦੁਆਰਾ ਸੀਸ ਗੰਜ ਸਾਹਿਬ ਦਾ ਪੁਰਾਤਨ ਥੜ੍ਹਾ ਅੱਜ ਵੀ ਮੌਜੂਦ ਹੈ ਜਿੱਥੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸਸਕਾਰ ਹੋੋਇਆ ਸੀ ਤੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਅਸਥਾਨ ਨੂੰ ਖ਼ੁਦ ਤਾਮੀਰ ਕਰਵਾਇਆ ਸੀ।
ਇਤਿਹਾਸਕ ਦਸਤਾਵੇਜ਼ਾਂ ਨੂੰ ਪੜਿ੍ਹਆਂ ਪਤਾ ਲੱਗਦਾ ਹੈ ਕਿ ਸਤਲੁਜ ਦਰਿਆ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੇਠਾਂ ਵਗਦਾ ਸੀ ਪਰ ਅੱਜ ਇਹ ਕਈ ਕਿਲੋਮੀਟਰ ਦੂਰ ਜਾ ਚੁੱਕਾ ਹੈ। ਇਸ ਤੋਂ ਇਲਾਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੀ ਹਿਫ਼ਾਜ਼ਤ ਕਰਨ ਵਾਲਾ ਹਿਮੈਤੀ ਨਾਲਾ ਵੀ ਅੱਜ ਆਪਣਾ ਵਜੂਦ ਗੁਆ ਚੁੱਕਾ ਹੈ। ਸਾਰੇ ਇਤਿਹਾਸਕ ਗੁਰਦੁਆਰੇ ਸੰਗਮਰਮਰ ਦਾ ਰੂਪ ਧਾਰ ਚੁੱਕੇ ਹਨ। ਅੱਜ ਪਹਾੜੀਆਂ ਨੂੰ ਮੈਦਾਨ ਦੇ ਵਿਚ ਤਬਦੀਲ ਕੀਤਾ ਜਾ ਚੁੱਕਿਆ ਹੈ। ਖ਼ਾਲਸਾ ਪੰਥ ਦੀ 300 ਸਾਲਾ ਸ਼ਤਾਬਦੀ ਮੌਕੇ ਅਨੰਦਪੁਰ ਸਾਹਿਬ ਦੇ ਸਰਵਪੱਖੀ ਵਿਕਾਸ ਤੋਂ ਬਾਅਦ ਆਲੇ-ਦੁਆਲੇ ਕਾਲੋਨੀਆਂ, ਹੋਟਲਾਂ ਦੀ ਭਰਮਾਰ ਨੇ ਪੁਰਾਤਨਤਾ ਨੂੰ ਖ਼ਤਮ ਕਰ ਦਿੱਤਾ ਹੈ।
ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦਾ ਚੰਗਰ ਦਾ ਇਲਾਕਾ ਜੋ ਕਿਸੇ ਵੇਲੇ ਦੁਰਲਭ ਜੜ੍ਹੀ-ਬੂਟੀਆਂ ਲਈ ਜਾਣਿਆ ਜਾਂਦਾ ਸੀ, ਅੱਜ ਆਪਣੀ ਵਿਰਾਸਤ ਗਵਾ ਰਿਹਾ ਹੈ। ਇੱਥੋਂ 8 ਕਿਲੋਮੀਟਰ ਦੂਰ ਕੀਰਤਪੁਰ ਸਾਹਿਬ ਵਿਖੇ ਗੁਰੂ ਹਰਰਾਇ ਸਾਹਿਬ ਨੇ ਨੌ ਲੱਖਾ ਬਾਗ ਲਵਾਇਆ ਸੀ। ਗੁਰੂ ਹਰਕਿ੍ਰਸ਼ਨ ਜੀ ਨੇ ਦਵਾਖ਼ਾਨਾ ਖੋਲ੍ਹਿਆ ਸੀ ਜਿਸ ਲਈ ਦੁਰਲੱਭ ਜੜ੍ਹੀ-ਬੂਟੀਆਂ ਇਨ੍ਹਾਂ ਪਹਾੜਾਂ ’ਚੋਂ ਹੀ ਮੰਗਵਾਈਆਂ ਜਾਂਦੀਆਂ ਸਨ। ਕੁਦਰਤ ਨਾਲ ਛੇੜਛਾੜ ਦਾ ਸਿੱਟਾ ਇਹ ਨਿਕਲਿਆ ਕਿ ਇਹ ਦੁਰਲੱਭ ਬੂਟੀਆਂ ਅੱਜ ਲੋਪ ਹੋ
ਰਹੀਆਂ ਹਨ।
ਹਰ ਸਾਲ ਹੋਲੇ-ਮਹੱਲੇ ਦੇ ਮੌਕੇ ਇਸ ਧਰਤੀ ’ਤੇ 50 ਲੱਖ ਦਾ ਵੱਡਾ ਇਕੱਠ ਹੁੰਦਾ ਹੈ ਤੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਇਸ ਧਰਤੀ ਦਾ ਬਹੁਪੱਖੀ ਵਿਕਾਸ ਕਰਵਾਇਆ ਹੈ। ਜਿੱਥੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਇਸ ਧਰਤੀ ਦੇ ਵਿਕਾਸ ਦਾ ਮੁੱਢ ਬੰਨਿ੍ਹਆ, ਉੱਥੇ ਹੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਜੋ ਸੌਗਾਤਾਂ ਇਸ ਧਰਤੀ ਨੂੰ ਮਿਲੀਆਂ, ਉਸ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਜਿਸ ਵਿਚ ਵਿਰਾਸਤ-ਏ-ਖ਼ਾਲਸਾ, ਸ੍ਰੀ ਦਸਮੇਸ਼ ਅਕੈਡਮੀ, ਮਾਰਸ਼ਲ ਆਰਟ ਅਕੈਡਮੀ, ਪੰਜ ਪਿਆਰਾ ਪਾਰਕ ਅਤੇ ਹੋਰ ਵੀ ਬਹੁਤ ਕੁਝ ਸ਼ਾਮਲ ਹੈ। ਸਰਦਾਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਵੀ ਵੱਡੇ ਫੰਡ ਇਸ ਧਰਤੀ ਨੂੰ ਮਿਲੇ ਜਿਸ ਨਾਲ ਬਹੁਤ ਕੁਝ ਨਵਾਂ ਬਣਿਆ ਪਰ ਇਸ ਸਭ ਦੇ ਬਾਵਜੂਦ ਅੱਜ ਦਾ ਅਨੰਦਪੁਰ ਸਾਹਿਬ ਗੁਰੂ ਸਾਹਿਬਾਨ ਦੇ ਅਨੰਦਪੁਰ ਸਾਹਿਬ ਨਾਲੋਂ ਕਿੱਤੇ ਵੱਖਰਾ ਤੇ ਅਲੱਗ ਹੈ।
ਬੇਸ਼ੱਕ ਤਰੱਕੀ ਤੇ ਆਧੁਨਿਕਤਾ ਦਾ ਹਵਾਲਾ ਦੇ ਕੇ ਅਸੀਂ ਕੁਦਰਤ ਨਾਲ ਖਿਲਵਾੜ ਕਰਨ ’ਚ ਕੋਈ ਕਸਰ ਨਹੀਂ ਛੱਡ ਰਹੇ ਪਰ ਅਜੇ ਵੀ ਵੇਲਾ ਹੈ ਕਿ ਅਨੰਦਪੁਰ ਸਾਹਿਬ ’ਚ ਮੌਜੂਦ ਅਣਮੁੱਲੀ ਵਿਰਾਸਤ ਤੇ ਕੁਦਰਤੀ ਖ਼ਜ਼ਾਨੇ ਨੂੰ ਸੰੰਭਾਲਣ ਲਈ ਗੰਭੀਰ ਹੋਈਏ ਤੇ ਨੌਵੇਂ ਪਾਤਸ਼ਾਹ ਵੱਲੋਂ ਖ਼ਰੀਦ ਕੇ ਵਸਾਈ ਨਗਰੀ ਤੇ ਦਸਮ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਇਸ ਅਣਮੁੱਲੀ ਧਰਤੀ ਨੂੰ ਬਚਾਉਣ ਲਈ ਹੰਭਲਾ ਮਾਰੀਏ।
ਪਰਮਜੀਤ ਸਿੰਘ
-ਮੋਬਾਈਲ : 98721-35434