ਮਹਾਨ ਕ੍ਰਾਂਤੀਕਾਰੀ ਦੇਸ਼ ਭਗਤ ਕਾਮਰੇਡ ਤੇਜਾ ਸਿੰਘ ਸੁਤੰਤਰ ਦਾ ਜਨਮ ਕ੍ਰਿਪਾਲ ਸਿੰਘ ਉਰਫ਼ ਦੇਸਾ ਸਿੰਘ ਦੇ ਗ੍ਰਹਿ ਵਿਖੇ 1901 ਵਿਚ ਪਿੰਡ ਅਲੂਣਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ ਸੀ। ਉਨ੍ਹਾਂ ਦੇ ਵੱਡੇ-ਵਡੇਰੇ ਕਿਸਾਨ ਘਰਾਣੇ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਦੇ ਪਿਤਾ ਜੀ ਖ਼ੁਦ ਕ੍ਰਾਂਤੀਕਾਰੀ ਵਿਚਾਰਾਂ ਦੇ ਮਾਲਕ ਸਨ।
-ਬਲਵਿੰਦਰ ਬਾਲਮ
ਮਹਾਨ ਕ੍ਰਾਂਤੀਕਾਰੀ ਦੇਸ਼ ਭਗਤ ਕਾਮਰੇਡ ਤੇਜਾ ਸਿੰਘ ਸੁਤੰਤਰ ਦਾ ਜਨਮ ਕ੍ਰਿਪਾਲ ਸਿੰਘ ਉਰਫ਼ ਦੇਸਾ ਸਿੰਘ ਦੇ ਗ੍ਰਹਿ ਵਿਖੇ 1901 ਵਿਚ ਪਿੰਡ ਅਲੂਣਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ ਸੀ। ਉਨ੍ਹਾਂ ਦੇ ਵੱਡੇ-ਵਡੇਰੇ ਕਿਸਾਨ ਘਰਾਣੇ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਦੇ ਪਿਤਾ ਜੀ ਖ਼ੁਦ ਕ੍ਰਾਂਤੀਕਾਰੀ ਵਿਚਾਰਾਂ ਦੇ ਮਾਲਕ ਸਨ।
ਉਨ੍ਹਾਂ ਦੀ ਜੀਵਨ-ਸ਼ੈਲੀ ਉੱਚ-ਕੋਟੀ ਦੀ ਸੀ। ਉਨ੍ਹਾਂ ਦੇ ਆਪਣਾ ਸਵਾਸ-ਸਵਾਸ ਦੇਸ਼ ਸੇਵਾ ਦੇ ਲੇਖੇ ਲਾਇਆ। ਉਹ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਪੜ੍ਹੇ। ਜੱਲ੍ਹਿਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਅੰਗਰੇਜ਼ਾਂ ਵਿਰੁੱਧ ਅਨੇਕਾਂ ਹੀ ਕ੍ਰਾਂਤੀਕਾਰੀ ਮੁਹਿੰਮਾਂ ਚਲਾਈਆਂ ਤੇ ਕਈ ਜੱਥੇਬੰਦੀਆਂ ਨੂੰ ਹੋਂਦ ਵਿਚ ਲਿਆਂਦਾ। ਭ੍ਰਿਸ਼ਟਾਚਾਰ, ਮਹੰਤਾਂ ਤੇ ਮਸੰਦਾਂ ਵਿਰੁੱਧ ਡਟ ਕੇ ਆਵਾਜ਼ ਉਠਾਈ। ਅਕਾਲੀ ਜੱਥੇ ਭਰਤੀ ਕੀਤੇ। ਉਹ ਦੇਸ਼-ਪ੍ਰਦੇਸ਼ ਦੇ ਪਰਪੱਕ ਭਾਸ਼ਾਈ ਗਿਆਤਾ ਪ੍ਰਚਾਰਕ ਸਨ। ਅਨੇਕ ਹੀ ਭਾਸ਼ਾਵਾਂ ਦੇ ਗਿਆਤਾ ਨੇ ਵਿਦੇਸ਼ੀ ਯੂਨੀਵਰਸਿਟੀਆਂ ਤੋਂ ਕਈ ਡਿਗਰੀਆਂ ਹਾਸਲ ਕੀਤੀਆਂ। ਉਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਵਿਦੇਸ਼ਾਂ ਵਿਚ ਰਹਿ ਕੇ ਜਹਾਜ਼ ਖ਼ਰੀਦੇ ਤੇ ਤੁਰਕੀ ਆਦਿ ਦੇਸ਼ਾਂ ਦੀ ਫ਼ੌਜ ਵਿਚ ਅਫ਼ਸਰ ਵੀ ਰਹੇ। ਖ਼ਾਸ ਕਰਕੇ ਈਸਟਰਨ ਯੂਨੀਵਰਸਿਟੀ ਮਾਸਕੋ ਤੋਂ ਫ਼ਲਸਫ਼ੇ ਤੇ ਤਕਨੀਕੀ ਸਿੱਖਿਆ ਦੇ ਕਈ ਕੋਰਸ ਪਾਸ ਕੀਤੇ।
ਉਹ ਇਕ ਵਧੀਆ ਲੇਖਕ, ਆਲੋਚਕ ਤੇ ਸੰਪਾਦਕ ਵੀ ਸਨ। ਉਹ ਪੰਜਾਬ ਅਸੈਂਬਲੀ ਦੇ ਬਿਨਾਂ ਮੁਕਾਬਲਾ ਮੈਂਬਰ ਚੁਣੇ ਗਏ। ਇਸ ਤਰ੍ਹਾਂ ਦੀਆਂ ਅਨੇਕਾਂ ਪ੍ਰਾਪਤੀਆਂ, ਦੇਸ਼ ਭਗਤੀ ਦੇ ਜਜ਼ਬੇ ਤੇ ਨਿਸ਼ਕਾਮ ਸੇਵਾ ਲਈ ਉਨ੍ਹਾਂ ਨੂੰ ਹਮੇਸ਼ਾ ਲਈ ਯਾਦ ਕੀਤਾ ਜਾਇਆ ਕਰੇਗਾ। ਉਨ੍ਹਾਂ ਦੇ ਗੁਪਤਵਾਸ ਸਮੇਂ ਉਨ੍ਹਾਂ ਦੇ ਦੋ ਛੋਟੇ ਭਾਈ, ਇਕ ਥਾਣਿਆਂ ਵਿਚ ਪੁਲਿਸ ਦੇ ਤਸੀਹੇ ਝੱਲ ਰਿਹਾ ਸੀ ਤੇ ਉਸ ਤੋਂ ਛੋਟਾ ਮੇਦਨ ਸਿੰਘ ਮੇਦਨ ਬਰੇਲੀ ਸੈਂਟਰਲ ਜੇਲ੍ਹ ਵਿਚ ਉਮਰ ਕੈਦ ਕੱਟ ਰਿਹਾ ਸੀ। ਬਿਰਧ ਮਾਤਾ-ਪਿਤਾ, ਉਨ੍ਹਾਂ ਦੀ ਵਿਧਵਾ, ਛੋਟੀ ਭੈਣ, ਭਾਣਜਾ ਅਤੇ ਉਨ੍ਹਾਂ ਦੀ ਇਕਲੌਤੀ ਪੁੱਤਰੀ ਆਦਿ ਦੀਆਂ ਮੌਤਾਂ ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿਚ ਹੀ ਹੋਈਆਂ। ਘਰ ਦੀ ਤਬਾਹੀ, ਗ਼ਰੀਬੀ, ਤੰਗੀ, ਮਸੀਬਤਾਂ ਦੇ ਅਨੇਕਾਂ ਹੀ ਪਹਾੜ ਟੁੱਟੇ। ਉਮਰ ਕੈਦ ਕੱਟ ਰਹੇ ਮੇਦਨ ਜੀ ਦੀ ਧਰਮ ਪਤਨੀ ਦੀ ਚਿੱਠੀ ਵੀ ਉਨ੍ਹਾਂ ਨੂੰ ਜੇਲ੍ਹ ਵਿਚ ਹੀ ਮਿਲੀ ਜਿਸ ਵਿਚ ਘਰ ਦੀ ਤਬਾਹੀ ਦਾ ਜ਼ਿਕਰ ਸੀ। ਸੁਤੰਤਰ ਜੀ ਨੇ ਤੇਜਾ ਵਹੀਲਾ ਗੁਰਦੁਆਰਾ ਜੋ ਕਿਲ੍ਹੇਨੁਮਾ ਬਣਿਆ ਹੋਇਆ ਸੀ ਅਤੇ ਉਠੀਆਂ ਦਾ ਗੁਰਦੁਆਰਾ ਫ਼ੌਜੀ ਵਿਓਂਤਬੰਦੀ ਨਾਲ ਮਹੰਤਾਂ ਪਾਸੋਂ ਆਜ਼ਾਦ ਕਰਵਾਏ। ਇਸ ਮੁਹਿੰਮ ਵਿਚ ਕਿਸੇ ਨੂੰ ਚਪੇੜ ਵੀ ਨਾ ਮਾਰਨੀ ਪਈ। ਜਦਕਿ ਹੋਰਨਾਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਲਈ ਮਹੀਨੇ-ਮਹੀਨੇ ਤੇ ਸਾਲਾਂਬੱਧੀ ਮੋਰਚੇ ਲੱਗਦੇ ਰਹੇ। ਮੋਰਚੇ ਲੰਬੇ ਹੋ ਜਾਂਦੇ ਰਹੇ। ਗੁਰੂ ਕੇ ਬਾਗ਼ ਦਾ ਮੋਰਚਾ ਲੰਬਾ ਸਮਾਂ ਲੈਂਦਾ ਵੇਖ ਕੇ ਸੁਤੰਤਰ ਜੀ ਨੇ ਉਸ ਵੇਲੇ ਦੀ ਲੀਡਰਸ਼ਿਪ ਨੂੰ ਰਾਇ ਦਿੱਤੀ ਕਿ ਸ਼ਾਂਤਮਈ ਵਤੀਰਾ ਛੱਡ ਕੇ ਡੁਰਲੀ ਜੱਥੇ
ਰਾਹੀਂ ਇਹ ਮੋਰਚਾ ਲੜਿਆ ਜਾਵੇ।
ਆਖ਼ਰ ਉਸ ਜੱਥੇ ਵਿਚ ਆਪਣਾ ਸੁਤੰਤਰ ਸ਼ਹੀਦ ਜੱਥਾ ਮੂਹਰੇ ਲਿਆਂਦਾ ਤੇ ਗੁਰੂ ਦੇ ਬਾਗ਼ ਦਾ ਮੋਰਚਾ ਸਰ ਕਰ ਲਿਆ। ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਉਨ੍ਹਾਂ ਨੂੰ ਅਫ਼ਗਾਨਿਸਤਾਨ ਭੇਜਿਆ ਕਿਉਂਕਿ ਸੁਤੰਤਰ ਜੀ ਦੇ ਪਿਤਾ ਬਾਬਾ ਕ੍ਰਿਪਾਲ ਸਿੰਘ ਦੇ ਗ਼ਦਰੀਆਂ ਨਾਲ ਸਬੰਧ ਸਨ। ਇਸ ਲਈ ਕਾਬੁਲ ਵਿਚ ਉਹ ਗ਼ਦਰੀਆਂ ਦੇ ਸੰਪਰਕ ਵਿਚ ਆਏ। ਭਾਈ ਰਤਨ ਸਿੰਘ, ਮਾਸਟਰ ਊਧਮ ਸਿੰਘ, ਬਾਬਾ ਗੁਰਮੁਖ ਸਿੰਘ ਆਦਿ ਉਸ ਸਮੇਂ ਦੇ ਭਗੌੜੇ ਗ਼ਦਰੀਆਂ ਨਾਲ ਉਨ੍ਹਾਂ ਦਾ ਪੂਰਾ ਤਾਲਮੇਲ ਹੋ ਗਿਆ। ਤੁਰਕੀ ਤੇ ਅਫ਼ਗਾਨਿਸਤਾਨ ਦੀਆਂ ਹਕੂਮਤਾਂ ਅੰਗਰੇਜ਼ ਵਿਰੋਧੀ ਸਨ। ਇਨ੍ਹਾਂ ਹਕੂਮਤਾਂ ਦੀ ਪ੍ਰੇਰਨਾ ਨੇ ਸੁਤੰਤਰ ਜੀ ਨੂੰ ਫ਼ੌਜੀ ਵਿੱਦਿਆ ਲੈਣ ਲਈ ਤੁਰਕੀ ਭੇਜਿਆ ਜਿੱਥੇ ਉਨ੍ਹਾਂ ਕੂਸਤੁਨਤਨੀਆਂ ਫ਼ੌਜੀ ਕਾਲਜ ਤੋਂ ਉੱਚ ਵਿੱਦਿਆ ਪ੍ਰਾਪਤ ਕੀਤੀ। ਸੰਨ 1929 ਵਿਚ ਅਮਰੀਕਾ ਦੀ ਗ਼ਦਰ ਪਾਰਟੀ ਟੁੱਟ-ਭੱਜ ਗਈ ਸੀ। ਅੰਗਰੇਜ਼ਾਂ ਦੀ ਸਾਜ਼ਿਸ਼ ਕਾਰਨ ਉਨ੍ਹਾਂ ਦੇ ਖ਼ਰੀਦੇ ਗ਼ਦਾਰਾਂ ਨੇ ਭਾਈ ਸਿੰਘ ਵਰਗੇ ਗ਼ਦਰੀ ਮਰਵਾ ਦਿੱਤੇ। ਗ਼ਦਰ ਪਾਰਟੀ ਦੇ ਹੁਕਮ ਮੁਤਾਬਕ ਉਹ ਨੌਕਰੀ ਛੱਡ ਕੇ ਅਮਰੀਕਾ ਗਏ। ਉੱਥੇ ਜਾ ਕੇ ਉਨ੍ਹਾਂ ‘ਗ਼ਦਰ’ ਅਖ਼ਬਾਰ ਕੱਢਿਆ ਤੇ ਉਸ ਵਿਚ ਲੰਬੇ-ਲੰਬੇ ਲੇਖ ਲਿਖ ਕੇ ਲੋਕਾਂ ਨੂੰ ਦੇਸ਼ ਦੀ ਆਜ਼ਾਦੀ ਲਈ ਲਾਮਬੰਦ ਕੀਤਾ ਅਤੇ ਇਸ ਦੇ ਨਾਲ ਹੀ ਗੁਰੀਲੇ ਜਥੇਬੰਦ ਕਰ ਕੇ 30 ਦੇ ਕਰੀਬ ਅੰਗਰੇਜ਼ਾਂ ਦੇ ਖ਼ਰੀਦੇ ਗ਼ਦਾਰਾਂ ਨੂੰ ਸੋਧਿਆ।
ਅਮਰੀਕਾ ਵਿਚ ਉਸ ਸਮੇਂ ਤਹਿਲਕਾ ਮਚ ਗਿਆ। ਅੰਗਰੇਜ਼ਾਂ ਨੇ ਅਮਰੀਕਾ ਸਰਕਾਰ ਨੂੰ ਮਜਬੂਰ ਕੀਤਾ ਕਿ ਉਹ ਸੁਤੰਤਰ ਨੂੰ ਅਮਰੀਕਾ ’ਚੋਂ ਕੱਢ ਦੇਵੇ। ਸੁਤੰਤਰ ਜੀ ਸ਼ਾਂਤ ਵਿਵਸਥਾ ਦੇ ਉੱਥੋਂ ਤਕ ਹਾਮੀ ਸਨ ਜਿੱਥੋਂ ਤੱਕ ਲੋਕਾਂ ਨੂੰ ਜਾਗ੍ਰਿਤ ਤੇ ਲਾਮਬੰਦ ਕਰਨਾ ਹੁੰਦਾ ਹੈ ਪਰ ਇਸ ਦੇ ਨਾਲ-ਨਾਲ ਉਹ ਹਥਿਆਰਬੰਦ ਹੋਣ ਨੂੰ ਬਹੁਤ ਲਾਜ਼ਮੀ ਸਮਝਦੇ ਸਨ। ਉਹ ਕਿਹਾ ਕਰਦੇ ਸਨ ਕਿ ਕਿਸੇ ਇਨਕਲਾਬੀ ਲਹਿਰ ਲਈ ਤਕਰੀਰ ਤੇ ਸ਼ਮਸ਼ੀਰ, ਦੋਵੇਂ ਹੋਣੀਆਂ ਲਾਜ਼ਮੀ ਨੇ ਅਤੇ ਇਨ੍ਹਾਂ ਦੀ ਵਰਤੋਂ ਲੋੜ ਸਮੇਂ ਕਰਨੀ ਚਾਹੀਦੀ ਹੈ। ਸੁਤੰਤਰ ਜੀ ਨੇ ਹਿੰਦੁਸਤਾਨ ਦੀ ਅੱਸੀ ਫ਼ੀਸਦੀ ਕਿਸਾਨੀ ਨੂੰ ਜਥੇਬੰਦ ਕਰਨ ਵਿਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਅਤੇ ਉਹ ਕੁੱਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਵੀ ਰਹੇ, ਪੈਪਸੂ ਦੀ ਮੁਜਾਰਾ ਲਹਿਰ ਨੂੰ ਜਥੇਬੰਦ ਕਰ ਕੇ ਗੁਰੀਲਾ ਜੱਥੇ ਬਣਾ ਕੇ 171/2 ਏਕੜ ਜ਼ਮੀਨ ਮੁਜਾਰਿਆਂ, ਬੇਜ਼ਮੀਨੇ ਲੋਕਾਂ ਵਿਚ ਵੰਡੀ। ਉਹ ਇਸ ਲਹਿਰ ਦੇ ਜਨਮ ਦਾਤਾ ਸਨ। ਉਹ ਭਾਰਤੀ ਜ਼ੁਬਾਨਾਂ ਤੋਂ ਇਲਾਵਾ 14 ਵਿਦੇਸ਼ੀ ਜ਼ੁਬਾਨਾਂ ਦੇ ਮਾਹਰ ਸਨ।
ਉਹ ਇਕ ਮਹਾਨ ਜਰਨੈਲ, ਮਹਾਨ ਸਿਆਸਤਦਾਨ, ਲੇਖਕ, ਕੀਲ ਲੈਣ ਵਾਲੇ ਬੁਲਾਰੇ, ਤਿਆਗੀ, ਤਪੱਸਵੀ ਅਤੇ ਸੂਰਮੇ ਦੇਸ਼ ਭਗਤ ਸਨ। ਉਨ੍ਹਾਂ ਦੀਆਂ ਅੱਖਾਂ ਵਿਚ ਮਿਕਨਾਤੀਸੀ ਖਿੱਚ ਹੁੰਦੀ ਸੀ। ਉਨ੍ਹਾਂ ਨੂੰ ਸੰਸਦ ਅੰਦਰ ਹੀ 12 ਅਪ੍ਰੈਲ 1973 ਨੂੰ ਸ਼ੂਗਰ ਦਾ ਦੌਰਾ ਪਿਆ ਤੇ ਉਨ੍ਹਾਂ ਦੀ ਮੌਤ ਹੋ ਗਈ। ਸਰਕਾਰ ਨੇ ਇਸ ਪਰਿਵਾਰ ਵੱਲ ਕਦੇ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਉਸ ਨੇ ਉਨ੍ਹਾਂ ਦੀ ਕੋਈ ਉਚੇਚੀ ਵੱਡੀ ਯਾਦਗਾਰ ਹੀ ਬਣਾਈ ਹੈ ਤੇ ਨਾ ਹੀ ਉਨ੍ਹਾਂ ਦੇ ਪਿੰਡ ਨੂੰ ਇਤਿਹਾਸਕ ਕਰਾਰ ਦਿੱਤਾ ਹੈ। ਉਨ੍ਹਾਂ ਦੇ ਪਿੰਡ ਦੇ ਮਕਾਨ ਦੇ ਨਜ਼ਦੀਕ ਉਨ੍ਹਾਂ ਦੀ ਇਕ ਛੋਟੀ ਜਿਹੀ ਸਮਾਧ ਜ਼ਰੂਰ ਬਣਾਈ ਗਈ ਹੈ ਜਦਕਿ ਸਰਕਾਰ ਨੂੰ ਉਨ੍ਹਾਂ ਦੇ ਪਿੰਡ ਅਲੂਣਾ (ਹਰਦੋਛੰਨੀ) ਨੂੰ ਜਾਂਦੀ ਸੜਕ ਦਾ ਨਾਂ ਤੇਜਾ ਸਿੰਘ ‘ਸੁਤੰਤਰ’ ਮਾਰਗ ਰੱਖਣਾ ਚਾਹੀਦਾ ਹੈ। ਉਨ੍ਹਾਂ ਦੀ ਬਰਸੀ 12 ਅਪ੍ਰੈਲ ਨੂੰ ਮਨਾਈ ਜਾਂਦੀ ਹੈ।