ਉੱਘੇ ਦੇਸ਼ ਭਗਤ ਕਮਿਊਨਿਸਟ ਆਗੂ, ਕਲਮਕਾਰ, ਕਵੀ ਅਤੇ ਚੋਟੀ ਦੇ ਬੁਲਾਰੇ ਕਾਮਰੇਡ ਸੋਹਣ ਸਿੰਘ ਜੋਸ਼ ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਚੇਤਨਪੁਰਾ ਵਿਖੇ 12 ਨਵੰਬਰ 1898 ਈਸਵੀ ਨੂੰ ਪਿਤਾ ਸ੍ਰੀ ਲਾਲ ਸਿੰਘ ਅਤੇ ਮਾਤਾ ਦਿਆਲ ਕੌਰ ਦੇ ਗ੍ਰਹਿ ਵਿਖੇ ਹੋਇਆ ਸੀ। ਮੁੱਢਲੀ ਤਾਲੀਮ ਉਨ੍ਹਾਂ ਨੇ ਪਿੰਡ ਦੇ ਮੌਲਵੀ ਪਾਸੋਂ ਹਾਸਲ ਕੀਤੀ ਅਤੇ ਮੈਟਿ੍ਕ ਮਜੀਠਾ ਦੇ ਹਾਈ ਸਕੂਲ ਵਿੱਚੋਂ ਪਾਸ ਕੀਤੀ ਸੀ।

ਉੱਘੇ ਦੇਸ਼ ਭਗਤ ਕਮਿਊਨਿਸਟ ਆਗੂ, ਕਲਮਕਾਰ, ਕਵੀ ਅਤੇ ਚੋਟੀ ਦੇ ਬੁਲਾਰੇ ਕਾਮਰੇਡ ਸੋਹਣ ਸਿੰਘ ਜੋਸ਼ ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਚੇਤਨਪੁਰਾ ਵਿਖੇ 12 ਨਵੰਬਰ 1898 ਈਸਵੀ ਨੂੰ ਪਿਤਾ ਸ੍ਰੀ ਲਾਲ ਸਿੰਘ ਅਤੇ ਮਾਤਾ ਦਿਆਲ ਕੌਰ ਦੇ ਗ੍ਰਹਿ ਵਿਖੇ ਹੋਇਆ ਸੀ। ਮੁੱਢਲੀ ਤਾਲੀਮ ਉਨ੍ਹਾਂ ਨੇ ਪਿੰਡ ਦੇ ਮੌਲਵੀ ਪਾਸੋਂ ਹਾਸਲ ਕੀਤੀ ਅਤੇ ਮੈਟਿ੍ਰਕ ਮਜੀਠਾ ਦੇ ਹਾਈ ਸਕੂਲ ਵਿੱਚੋਂ ਪਾਸ ਕੀਤੀ ਸੀ। ਉੱਚ ਵਿੱਦਿਆ ਦੇ ਮਨੋਰਥ ਹਿੱਤ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਦਾਖ਼ਲਾ ਤਾਂ ਲਿਆ ਪਰ ਘਰ ਦੀ ਹਾਲਤ ਪਤਲੀ ਹੋਣ ਕਰਕੇ ਅਗਲੇਰੀ ਪੜ੍ਹਾਈ ਤੋਂ ਵੰਚਿਤ ਰਹਿ ਗਏ। ਕਾਮਰੇਡ ਜੋਸ਼ ਵਿਚ ਦੇਸ਼ ਭਗਤੀ ਦੀ ਜਾਗ ਉਸ ਵਕਤ ਲਾਹੌਰ ਤੋਂ ਛਪਣ ਵਾਲੇ ‘ਅਕਾਲੀ’ ਅਖ਼ਬਾਰ ਨੇ ਲਗਾਈ। ਉਸ ਵਿਚ ਛਪਣ ਵਾਲੇ ਲੇਖਾਂ ਅਤੇ ਕਵਿਤਾਵਾਂ ਨੇ ਉਨ੍ਹਾਂ ਦੇ ਮਨ ਵਿਚ ਅੰਗਰੇਜ਼ ਹਕੂਮਤ ਖ਼ਿਲਾਫ਼ ਨਫ਼ਰਤ ਪੈਦਾ ਕਰ ਦਿੱਤੀ। ਇਸ ਕਾਰਨ ਹੀ ਉਨ੍ਹਾਂ ਨੇ ਗੁਰਦੁਆਰਾ ਸੁਧਾਰ ਲਹਿਰ ਤੇ ਚਾਬੀਆਂ ਦੇ ਮੋਰਚੇ ਵਿਚ ਅਹਿਮਤਰੀਨ ਭੂਮਿਕਾ ਅਦਾ ਕੀਤੀ। ਕਾਮਰੇਡ ਜੋਸ਼ ਨੇ ਅੰਗਰੇਜ਼ਾਂ ਦੀਆਂ ਗ਼ਲਤ ਨੀਤੀਆਂ ਤੇ ਇਰਾਦਿਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਅਤੇ ਲਾਮਬੰਦ ਕਰਨ ਹਿੱਤ ਪਿੰਡ-ਪਿੰਡ ਜਾ ਕੇ ਤੱਤਾ ਭਾਸ਼ਣ ਕੀਤਾ ਜਿਸ ਦੇ ਸਿੱਟੇ ਵਜੋਂ ਉਨ੍ਹਾਂ ਦੇ ਗਿ੍ਰਫ਼ਤਾਰੀ ਵਾਰੰਟ ਜਾਰੀ ਹੋ ਗਏ। ਕਾਫ਼ੀ ਸਮਾਂ ਉਹ ਪੁਲਿਸ ਦੇ ਅੜਿੱਕੇ ਨਾ ਆਏ ਪਰ ਅਖ਼ੀਰ ਫੜੇ ਗਏ। ਉਨ੍ਹਾਂ ’ਤੇ ਕੇਸ ਚੱਲਿਆ ਜਿਸ ਤਹਿਤ ਉਨ੍ਹਾਂ ਨੂੰ ਇਕ ਸਾਲ ਦੀ ਕੈਦ ਅਤੇ 400 ਰੁਪਏ ਜੁਰਮਾਨਾ ਕੀਤਾ ਗਿਆ। ਕਾਮਰੇਡ ਜੋਸ਼ ਨੇ ਆਪਣੀ ਹਿਯਾਤੀ ਦੇ ਇਕ ਦਰਜਨ ਸਾਲ ਜੇਲ੍ਹਾਂ ਵਿਚ ਹੀ ਬਿਤਾਏ। ਕਾਮਰੇਡ ਜੋਸ਼ ਕੁਝ ਸਮਾਂ ਐੱਸਜੀਪੀਸੀ ਦੇ ਮੈਂਬਰ ਵੀ ਰਹੇ। ਮਾਰਚ 1923 ਨੂੰ ਉਹ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਣੇ। ਇਸੇ ਸਾਲ ਅਕਤੂਬਰ ਮਹੀਨੇ ਦੇ ਲਗਪਗ ਅੱਧ ਵਿਚ ਅੰਗਰੇਜ਼ ਹਕੂਮਤ ਨੇ ਐੱਸਜੀਪੀਸੀ, ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲੀ ਜੱਥਿਆਂ ਨੂੰ ਕਾਨੂੰਨ ਵਿਰੋਧੀ ਗਰਦਾਨ ਦਿੱਤਾ ਅਤੇ ਭਾਗੀਦਾਰਾਂ ਦੀ ਫੜੋ-ਫੜੀ ਸ਼ੁਰੂ ਹੋ ਗਈ। ਅਕਾਲੀ ਸਾਜ਼ਿਸ਼ ਮੁਕੱਦਮੇ ਵਿਚ ਕਾਮਰੇਡ ਜੋਸ਼ ਲੰਮਾ ਅਰਸਾ ਕਿਲ੍ਹੇ ਵਿਚ ਬੰਦ ਰਹੇ। ਇੱਥੇ ਆਪ ਨੇ ਮਾਰਕਸਵਾਦੀ ਫ਼ਲਸਫ਼ੇ ਦਾ ਗਹਿਗੱਚ ਅਧਿਐਨ ਕੀਤਾ। ਸੰਨ 1926 ’ਚ ਅਗਾਂਹਵਧੂ ਵਿਚਾਰਾਂ ਦੇ ਪ੍ਰਚਾਰ ਹਿੱਤ ‘ਕਿਰਤੀ’ ਰਸਾਲੇ ਦੀ ਪ੍ਰਕਾਸ਼ਨਾ ਆਰੰਭ ਹੋਈ। ਬਾਰਾਂ ਜਨਵਰੀ 1927 ਨੂੰ ਕਾਮਰੇਡ ਜੋਸ਼ ਨੇ ਇਸ ਰਸਾਲੇ ਦੀ ਸੰਪਾਦਕੀ ਸੰਭਾਲੀ। ਇਸ ਦੇ ਮਾਧਿਅਮ ਰਾਹੀਂ ਉਨ੍ਹਾਂ ਨੇ ਸੁਤੰਤਰਤਾ ਅਤੇ ਸਮਾਜਵਾਦੀ ਦਰਸ਼ਨ ਦਾ ਜ਼ੋਰਦਾਰ ਪ੍ਰਚਾਰ ਕੀਤਾ। ਅਪ੍ਰੈਲ 1928 ’ਚ ‘ਕਿਰਤੀ’ ਰਸਾਲੇ ਦੇ ਸੰਚਾਲਕਾਂ ਦੀ ਨੌਜਵਾਨ ਸਭਾ ਬਣਾਉਣ ਖ਼ਾਤਰ ਜੱਲ੍ਹਿਆਂ ਵਾਲੇ ਬਾਗ ਵਿਚ ਇਕ ਮੀਟਿੰਗ ਹੋਈ ਜਿਸ ਵਿਚ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਵੀ ਸ਼ਿਰਕਤ ਕੀਤੀ। ਇੱਕੀ ਦਸੰਬਰ 1928 ਨੂੰ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ ਗਈ। ਇਸ ਸਭਾ ਦੀ ਜ਼ਿਲ੍ਹਾ ਅੰਮ੍ਰਿਤਸਰ ਦੀ ਪ੍ਰਧਾਨਗੀ ਕਾਮਰੇਡ ਜੋਸ਼ ਨੂੰ ਸੌਂਪੀ ਗਈ। ਭਗਤ ਸਿੰਘ ਤੇ ਕਾਮਰੇਡ ਸੋਹਣ ਸਿੰਘ ਜੋਸ਼ ਵਿਚ ਬਹੁਤ ਨੇੜਤਾ ਸੀ। ਸਤਾਰਾਂ ਦਸੰਬਰ 1928 ਨੂੰ ਸਾਂਡਰਸ ਨੂੰ ਗੱਡੀ ਚਾੜ੍ਹਨ ਤੋਂ ਬਾਅਦ ਭਗਤ ਸਿੰਘ ਅਤੇ ਸੁਖਦੇਵ ਰਾਤ ਉਨ੍ਹਾਂ ਕੋਲ ਹੀ ਠਹਿਰੇ ਸਨ। ਸਾਂਡਰਸ ਦੇ ਕਤਲ ਤੋਂ ਬਾਅਦ ਨੌਜਵਾਨ ਭਾਰਤ ਸਭਾ ਦੇ ਕਈ ਕਾਰਕੁੰਨ ਗਿ੍ਰਫ਼ਤਾਰ ਕਰ ਲਏ ਗਏ ਅਤੇ ਕਈਆਂ ਦੇ ਗਿ੍ਰਫ਼ਤਾਰੀ ਦੇ ਵਾਰੰਟ ਨਿਕਲ ਗਏ। ਮੇਰਠ ਸਾਜ਼ਿਸ਼ ਕੇਸ ਜੋ ਕਾਫ਼ੀ ਲੰਬਾ ਅਰਸਾ ਚੱਲਿਆ, ਉਸ ਵਿਚ ਜੋਸ਼ ਨੂੰ 7 ਸਾਲ ਦੀ ਕੈਦ ਹੋਈ। ਕੈਦ ਭੁਗਤਣ ਤੋਂ ਬਾਅਦ ਉਹ 1934 ਈ. ਵਿਚ ਰਿਹਾਅ ਹੋਏ। ਰਿਹਾਈ ਤੋਂ ਮਗਰੋਂ ਉਨ੍ਹਾਂ ਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਇਕਮੁੱਠ ਕਰਨ ਦਾ ਕੰਮ ਕੀਤਾ। ਦੂਜੀ ਵਿਸ਼ਵ ਜੰਗ ਆਰੰਭ ਹੋਣ ’ਤੇ ਕੁਝ ਖਾੜਕੂ ਰਾਜਨੀਤਕਾਂ ਨੇ ਹਿੰਸਕ ਢੰਗ-ਤਰੀਕੇ ਵਰਤ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਠਾਣੀ ਪਰ ਕਾਮਰੇਡ ਜੋਸ਼ ਹਿੰਸਾ ਵਿਰੋਧੀ ਸਨ। ਉਨ੍ਹਾਂ ਨੇ ਕਮਿਊਨਿਸਟ ਪਾਰਟੀ ਦੇ ਵੱਖ-ਵੱਖ ਅਹੁਦਿਆਂ ’ਤੇ ਰਹਿ ਕੇ ਕੌਮ ਦੀ ਨਿਸ਼ਕਾਮ ਸੇਵਾ ਕੀਤੀ। ਸੰਨ 1922 ਈ. ਤੋਂ ਲੈ ਕੇ ਦੇਸ਼ ਦੀ ਆਜ਼ਾਦੀ ਤਕ ਅਤੇ ਇਸ ਤੋਂ ਮਗਰੋਂ ਵੀ ਵਿਚਾਰਧਾਰਾ ਦੇ ਵਖਰੇਵੇਂ ਕਾਰਨ ਕਾਮਰੇਡ ਜੋਸ਼ ਨੂੰ ਕਈ ਸਾਲ ਜੇਲ੍ਹ ਵਿਚ ਗੁਜ਼ਾਰਨੇ ਪਏ। ਉਨ੍ਹਾਂ ਨੇ ਆਪਣੇ ਘਰ-ਪਰਿਵਾਰ ਵੱਲ ਤਵੱਜੋਂ ਘੱਟ ਹੀ ਦਿੱਤੀ ਅਤੇ ਆਪਣੇ ਮਿਸ਼ਨ ਦੀ ਪੂਰਤੀ ਲਈ ਜਨ-ਸੰਪਰਕ ਮੁਹਿੰਮ ਚਲਾਉਂਦੇ ਰਹੇ। ਉਨ੍ਹਾਂ ਨੇ ਬਹੁਤ ਸਾਰੀਆਂ ਪੁਸਤਕਾਂ ਜਿਵੇਂ ‘ਬੰਗਾਲੀ ਸਹਿਤ ਦੀ ਵੰਨਗੀ’, ‘ਰੁੱਤ ਨਵਿਆਂ ਦੀ ਆਈ’, ‘ਪੰਜਾਬੀ ਬੋਲੀ ਤੇ ਭਾਸ਼ਾ ਵਿਗਿਆਨ’, ‘ਮੇਰੀ ਰੂਸ ਯਾਤਰਾ’, ‘ਮੇਰਠ ਸਾਜ਼ਿਸ਼ ਕੇਸ’ ਅਤੇ ਸੱਠ ਸਾਲਾ ਗੱਭਰੂ’ ਆਦਿ ਦੀ ਰਚਨਾ ਕਰ ਕੇ ਪੰਜਾਬੀ ਬੋਲੀ ਦੀ ਵੱਡਮੁੱਲੀ ਸੇਵਾ ਕੀਤੀ। ਉਨ੍ਹਾਂ ਦਾ ਬਹੁਤ ਸਾਰਾ ਸਾਹਿਤ ਅਜੇ ਵੀ ਅਣਛਪਿਆ ਹੈ। ਕਾਮਰੇਡ ਸੋਹਣ ਸਿੰਘ ਜੋਸ਼ 29 ਜੁਲਾਈ 1982 ਨੂੰ ਇਸ ਫਾਨੀ ਸੰਸਾਰ ਤੋਂ ਵਫਾਤ ਪਾ ਗਏ।
-ਰਮੇਸ਼ ਬੱਗਾ ਚੋਹਲਾ। ਸੰਪਰਕ : 94631-32719