ਕਿ੍ਰਸ਼ਨ ਲਾਲ ਰੱਤੂ ਜੁਆਇੰਟ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਓਸ ਜਹਾਨ ’ਚ ਤੁਰ ਗਿਆ ਜਿੱਥੋਂ ਕੋਈ ਵਾਪਸ ਨਹੀਂ ਆਉਂਦਾ। ਉਹ ਮੁਹੱਬਤੀ ਜਿਊੜਾ ਸੀ ਜਿਸ ਨੇ ਆਪਣੀਆਂ ਨਿੱਘੀਆਂ ਗਲਵਕੜੀਆਂ ਨਾਲ ਮੁਹੱਬਤਾਂ ਦਾ ਵਿਸ਼ਾਲ ਦਾਇਰਾ ਸਿਰਜ ਲਿਆ ਸੀ। ਉਸ ਦੇ ਸਦਾ ਅੰਗ-ਸੰਗ ਰਹਿਣ ਵਾਲੇ ਅਸੀਂ ਸਾਰੇ ਹੌਲੀ-ਹੌਲੀ ਉਸ ਨੂੰ ਭੁੱਲ ਜਾਵਾਂਗੇ। ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਵੇਲੇ ਇਕੱਠੇ ਜ਼ਰੂਰ ਹੋਵਾਂਗੇ।

ਕਿ੍ਸ਼ਨ ਲਾਲ ਰੱਤੂ ਜੁਆਇੰਟ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਓਸ ਜਹਾਨ ’ਚ ਤੁਰ ਗਿਆ ਜਿੱਥੋਂ ਕੋਈ ਵਾਪਸ ਨਹੀਂ ਆਉਂਦਾ। ਉਹ ਮੁਹੱਬਤੀ ਜਿਊੜਾ ਸੀ ਜਿਸ ਨੇ ਆਪਣੀਆਂ ਨਿੱਘੀਆਂ ਗਲਵਕੜੀਆਂ ਨਾਲ ਮੁਹੱਬਤਾਂ ਦਾ ਵਿਸ਼ਾਲ ਦਾਇਰਾ ਸਿਰਜ ਲਿਆ ਸੀ। ਉਸ ਦੇ ਸਦਾ ਅੰਗ-ਸੰਗ ਰਹਿਣ ਵਾਲੇ ਅਸੀਂ ਸਾਰੇ ਹੌਲੀ-ਹੌਲੀ ਉਸ ਨੂੰ ਭੁੱਲ ਜਾਵਾਂਗੇ। ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਵੇਲੇ ਇਕੱਠੇ ਜ਼ਰੂਰ ਹੋਵਾਂਗੇ।
ਉਸ ਦੀਆਂ ਗੱਲਾਂ ਵੀ ਕਰਾਂਗੇ ਅਤੇ ਗੱਲਾਂ ਕਰਦੇ ਹੋਏ ਸ਼ਾਇਦ ਹੱਸਾਂਗੇ ਵੀ ਕਿਉਂਕਿ ਉਸ ਨਾਲ ਸਾਡਾ ਬਹੁਤ ਕੁਝ ਅਜਿਹਾ ਜੁੜਿਆ ਹੈ ਜੋ ਸਾਨੂੰ ਅੱਜ ਵੀ ਮੱਲੋ-ਜੋਰੀ ਹਸਾ ਜਾਵੇਗਾ। ਮਿਸਾਲ ਵਜੋਂ, ਉਸ ਦਾ ਹੈਂਡਲ ਨਾਲ ਝੋਲਾ ਟੰਗ ਕੇ ਤੇਜ਼ ਰਫ਼ਤਾਰ ਸਾਈਕਲ ਚਲਾਉਣਾ ਤੇ ਇਕਦਮ ਬਰੇਕ ਮਾਰਨਾ, ਫੇਰ ਲੰਮੀਆਂ ਲੱਤਾਂ ਸਹਾਰੇ ਸਾਈਕਲ ਨੂੰ ਡਿੱਗਣ ’ਤੋਂ ਬਚਾਉਣਾ, ਸਕੂਟਰ ਨੂੰ ਜਹਾਜ਼ ਵਾਂਗ ਚਲਾਉਣਾ। ਇਕ ਵਾਰ ਤਾਂ ਪਿੰਡ ਨੂੰ ਵਾਪਸ ਪਰਤਦਿਆਂ ਸਕੂਟਰ ਨੂੰ ਜਲੰਧਰ ਦੇ ਨਕੋਦਰ ਚੌਕ ਲਾਗੇ ਖੰਭੇ ’ਚ ਮਾਰਿਆ ਤੇ ਸੋਚਣ ਲੱਗਾ ਕਿ ‘ਸੜਕ ਵਿਚ ਖੰਭਾ ਕਿਸ ਭਲੇਮਾਣਸ ਨੇ ਗੱਡ ਦਿੱਤਾ, ਸਵੇਰੇ ਦਫ਼ਤਰ ਜਾਂਦੇ ਸਮੇਂ ਤਾਂ ਇਹ ਨਹੀਂ ਸੀ’।
ਅਸਲ ਵਿਚ ਇਸ ਟੱਕਰ ਵਾਲੀ ਦੇਰ ਰਾਤ ਰੱਤੂ ਆਪਣੇ ਦਫ਼ਤਰ ਦੇ ਸਾਥੀਆਂ ਨੂੰ ਪਾਰਟੀ ਦੇ ਕੇ ਘਰ ਪਰਤ ਰਿਹਾ ਸੀ ਕਿਉਂਕਿ ਉਸ ਦੀ ਨੌਕਰੀ ਅਜੀਤ ਅਖ਼ਬਾਰ ਵਿਚ ਤਾਜ਼ੀ-ਤਾਜ਼ੀ ਲੱਗੀ ਸੀ। ਨਵੀਂ-ਨਵੀਂ ਨੌਕਰੀ ਸੀ। ਅਗਲੇ ਦਿਨ ਦਫ਼ਤਰ ਤਾਂ ਜਾਣਾ ਹੀ ਸੀ। ਮੂੰਹ ’ਤੇ ਲੱਗੀਆਂ ਸੱਟਾਂ ਵੇਖ ਕੇ ਦਫ਼ਤਰ ’ਚ ਹਰ ਕੋਈ ਹੈਰਾਨ ਸੀ ਪਰ ਰੱਤੂ ਦੇ ਸੱਚੋ-ਸੱਚ ਬਿਆਨ ’ਤੇ ਸਾਥੀ ਠਹਾਕੇ ਮਾਰ ਕੇ ਹੱਸ ਰਹੇ ਸਨ।
ਰੱਤੂ ਨੇ ਇਸ ਤੋਂ ਬਹੁਤ ਪਹਿਲਾਂ ਆਪਣੇ ਪਿੰਡ ਦੇ ਕੋਲ ਇਕ ਬੂਟਾਂ ਦੀ ਦੁਕਾਨ ਵੀ ਖੋਲ੍ਹੀ ਸੀ ਜੋ ਬਹੁਤੀ ਦੇਰ ਚੱਲ ਨਾ ਸਕੀ ਕਿਉਂਕਿ ਲੋਕ ਜੁੱਤੀਆਂ ਤਾਂ ਲੈ ਜਾਂਦੇ ਪਰ ਵੱਟਕ ਸਿਫ਼ਰ ਹੀ ਰਹਿੰਦੀ! ਵਪਾਰ ਦਰਅਸਲ ਉਸ ਦੇ ਖ਼ੂਨ ’ਚ ਨਹੀਂ ਸੀ। ਅਸਲ ’ਚ ਲੋਕ ਉਧਾਰ ਕਰਦੇ ਅਤੇ ਰੱਤੂ ਤੋਂ ਇਨਕਾਰ ਨਾ ਕੀਤਾ ਜਾਂਦਾ ਕਿਉਂਕਿ ਸਭ ਉਧਾਰ ਜੁੱਤੀਆਂ ਲੈਣ ਵਾਲੇ ਪਿੰਡ ਦੇ ਪਛਾਣ ਵਾਲੇ ਹੀ ਸਨ। ਉਧਾਰ-ਦਰ-ਉਧਾਰ ਚੱਲਦਾ ਜਾਂਦਾ। ‘ਮਰਦਾ ਕੀ ਨਾ ਕਰਦਾ’, ਘਾਟਾ ਹੋਰ ਨਾ ਵਧੇ, ਛੇਤੀ ਹੀ ਰੱਤੂ ਨੇ ਦੁਕਾਨ ਬੰਦ ਕਰ ਕੇ ਜਾਂ ਸ਼ਾਇਦ ਔਣੇ-ਪੌਣੇ ਦਾਮ ਵਿਚ ਕਿਸੇ ਹੋਰ ਦੇ ਹਵਾਲੇ ਕਰ ਕੇ ਆਪਣੇ-ਆਪ ਨੂੰ ਇਸ ਧੰਦੇ ਤੋਂ ਸੁਰਖ਼ਰੂ ਕੀਤਾ। ਉਸ ਨੇ ਮਨਬਚਨੀ ਕੀਤੀ, ‘ਭਲਾ ਹੋਆ ਮੇਰਾ ਚਰਖਾ ਟੁੱਟਾ, ਜਿੰਦ ਅਜਾਬੋਂ ਛੁੱਟੀ।’
ਲਿਖਣ-ਪੜ੍ਹਨ ਦਾ ਮੱਸ ਰੱਖਣ ਵਾਲੇ ਰੱਤੂ ਨੇ ਮੀਡੀਆ ਦਾ ਧੁਰਾ ਮੰਨੇ ਜਾਂਦੇ ਜਲੰਧਰ ਸ਼ਹਿਰ ਵੱਲ ਰੁਖ਼ ਕਰ ਲਿਆ। ਛੇਤੀ ਹੀ ਉਸ ਨੂੰ ਰੋਜ਼ਾਨਾ ਅਖ਼ਬਾਰ ‘ਅੱਜ ਦੀ ਆਵਾਜ਼’ ਵਿਚ ਨੌਕਰੀ ਮਿਲ ਗਈ। ਨਾਲ ਦੀ ਨਾਲ ਜਲੰਧਰ ਦੇ ਈਵਨਿੰਗ ਕਾਲਜ ਵਿਚ ਚੱਲਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਕਮਲੇਸ਼ ਦੁੱਗਲ ਵਾਲੇ ਪੱਤਰਕਾਰੀ ਵਿਭਾਗ ਵਿਚ ਬੀਜੇਐੱਮਸੀ ’ਚ ਉਸ ਨੇ ਦਾਖ਼ਲਾ ਲੈ ਲਿਆ। ਉੱਥੇ ਹੀ ਮੈਂ ਪਹਿਲੀ ਵਾਰ ਰੱਤੂ ਨੂੰ ਮਿਲਿਆ ਸੀ। ਮੇਰਾ ਵੀ ਪੱਤਰਕਾਰੀ ਦੇ ਲੈਕਚਰਾਰ ਵਜੋਂ ਉਸ ਕਾਲਜ ਵਿਚ ਉਹ ਪਹਿਲਾ ਸੈਸ਼ਨ ਸੀ। ਉਸ ਤੋਂ ਪਹਿਲਾਂ ਮੈਂ ਡੀਏਵੀ ਕਾਲਜ ਵਿਚ ਪੰਜਾਬੀ ਪੜ੍ਹਾਉਂਦਾ ਸੀ।
ਰੱਤੂ ਦੇ ਬਾਕੀ ਸਾਥੀ ਬਖ਼ਸ਼ਿੰਦਰ, ਅਮਰਜੀਤ, ਇੰਦਰਜੀਤ, ਸਰਬਜੀਤ, ਰਣਜੋਧ, ਨੀਲਮ, ਨਮਰਤਾ ਤੇ ਕਈ ਹੋਰ ਇਕ-ਦੂਜੇ ਲਈ ਵਿਸ਼ੇਸ਼ ਲਗਾਅ ਰੱਖਦੇ ਸਨ। ਪਤਾ ਹੀ ਨਾ ਲੱਗਿਆ ਸਮਾਂ ਕਿਵੇਂ ਬੀਤ ਗਿਆ। ਫਿਰ ਰੱਤੂ ਨੇ ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਵਿਚ ਦਾਖ਼ਲਾ ਲਿਆ, ਜਿੱਥੋਂ ਮਾਸਟਰਜ਼ ਕਰਨ ਮਗਰੋਂ ਉਸ ਨੂੰ ਜਲੰਧਰ ਵਿਚ ਅਜੀਤ ਅਖ਼ਬਾਰ ਦੀ ਨੌਕਰੀ ਮਿਲ ਗਈ ਸੀ। ਉਦੋਂ ਤਕ ਮੈਂ ਲੋਕ ਸੰਪਰਕ ਵਿਭਾਗ ਵਿਚ ਬਤੌਰ ਸੂਚਨਾ ਤੇ ਲੋਕ ਸੰਪਰਕ ਅਧਿਕਾਰੀ ਨਿਯੁਕਤ ਹੋ ਚੁੱਕਾ ਸਾਂ। ਦੋ ਸਾਲ ਬਾਅਦ ਰੱਤੂ ਵੀ ਰਣਦੀਪ ਤੇ ਇਸ਼ਵਿੰਦਰ ਨਾਲ ਇਸੇ ਵਿਭਾਗ ਵਿਚ ਆ ਗਿਆ। ਰੱਤੂ ਜਦ ਵੀ ਮਿਲਦਾ, ਮੈਨੂੰ ਅਧਿਆਪਕ ਵਾਲਾ ਸਤਿਕਾਰ ਹੀ ਦਿੰਦਾ। ਹਾਲਾਂਕਿ ਸਮਾਂ ਬੀਤਣ ’ਤੇ ਉਸ ਦੀ ਤਰੱਕੀ ਮੇਰੇ ਤੋਂ ਪਹਿਲਾਂ (ਰਿਜ਼ਰਵ ਬੇਸ ’ਤੇ) ਬਤੌਰ ਡਿਪਟੀ ਡਾਇਰੈਕਟਰ ਹੋ ਗਈ ਪਰ ਉਸ ਦੇ ਮਨ ’ਚ ਮੇਰੇ ਪ੍ਰਤੀ ਸਤਿਕਾਰ ਉਹੀ ਸੀ, ਇਕ ਟੀਚਰ ਵਾਲਾ। ਫਿਰ ਸਾਡੀ ਤਰੱਕੀ ਬਤੌਰ ਜੁਆਇੰਟ ਡਾਇਰੈਕਟਰ ਇਕੱਠੇ ਹੋਈ। ਇਸ ਤੋਂ ਇਲਾਵਾ ਰੱਤੂ ਦੇ ਮਿੱਤਰ ਸਰਬਜੀਤ ਅਤੇ ਪ੍ਰੀਤ ਕੰਵਲ ਵੀ ਮੇਰੇ ਵਿਦਿਆਰਥੀ ਰਹੇ ਸਨ, ਉਹ ਦੋਵੇਂ ਵੀ ਵਿਭਾਗ ’ਚ ਅਧਿਕਾਰੀ ਹਨ।
ਨੌਕਰੀ ਦੇ ਸ਼ੁਰੂਆਤੀ ਦੌਰ ’ਚ ਰੱਤੂ ਨੂੰ ਅਣਭੋਲ ਹੀ ਕਈ ਮੁਸ਼ਕਲਾਂ ’ਚੋਂ ਵੀ ਗੁਜ਼ਰਨਾ ਪਿਆ ਸੀ। ਅਸੀਂ ਸਭ ਨੇ ਉਸ ਦਾ ਪੂਰਾ-ਪੂਰਾ ਸਾਥ ਦਿੱਤਾ। ਮੁੱਕਦੀ ਗੱਲ ਇਹ ਕਿ ਕੱਚੇ-ਕੋਠਿਆਂ ਦੇ ਜੰਮ-ਪਲ ਰੱਤੂ ਨੂੰ ਬੱਚਿਆਂ ਨੂੰ ਚੰਗੀ ਪਰਵਰਿਸ਼ ਦੇਣ ਦੇ ‘ਯੋਗ’ ਨੇ ਹੀ ਚੰਡੀਗੜ੍ਹ ਵਿਚ ਵਸਾ ਦਿੱਤਾ। ਆਪਣੀ ਹਿੰਮਤ ਤੇ ਹੌਸਲੇ ਨਾਲ ਪਿਛਲਾ ਲੰਬਾ ਸਮਾਂ ਉਹ ਸਰੀਰਕ ਕਸ਼ਟ ਨਾਲ ਵੀ ਜੂਝਦਾ ਰਿਹਾ ਤੇ ਅੰਤ ਇਸੇ ਸ਼ਹਿਰ ’ਚ ਸਰੀਰ ਨੂੰ ਮਿੱਟੀ ਕਰ ਗਿਆ।
ਮੁੜ ਉਸ ਕਦੇ ਨਹੀਂ ਮਿਲਣਾ, ਸਭ ਜਾਣਦੇ ਨੇ ਪਰ ਮੈਂ ਇਹ ਜਾਣਨਾ ਨਹੀਂ ਚਾਹੁੰਦਾ। ਮੈਨੂੰ ਸਤਿਕਾਰ ਤੇ ਪਿਆਰ ਦੇਣ ਵਾਲਾ ਕੋਈ ਇਕ ਵਿਅਕਤੀ ਮੇਰੀ ਸਤਿਕਾਰ ਲਿਸਟ ’ਚੋਂ ਘਟ ਜਾਵੇ, ਇਹ ਮੈਨੂੰ ਗਵਾਰਾ ਨਹੀਂ। ਇਸੇ ਕਾਰਨ ਮੈਂ ਉਸ ਦੇ ਸਸਕਾਰ ’ਚ ਸ਼ਾਮਲ ਨਹੀਂ ਹੋਇਆ ਕਿ ਕਿਤੇ ਮੇਰੀਆਂ ਅੱਖਾਂ ਉਸ ਨੂੰ ਮੌਤ ਦੀ ਨੀਂਦਰੇ ਪਏ ਨੂੰ ਤਕ ਨਾ ਲੈਣ ਅਤੇ ਮੈਨੂੰ, ਕਿਤੇ ਰੱਤੂ ਨੂੰ ਆਪਣੀ ਇਸ ਲਿਸਟ ’ਚੋਂ ਮਨਫ਼ੀ ਨਾ ਕਰਨਾ ਪਵੇ ! ਸ਼ਾਇਦ ਇਸੇ ਕਰਕੇ ਉਸ ਦਾ ਵਜੂਦ ਮੇਰੇ ਅੰਦਰੋਂ ਮਨਫ਼ੀ ਨਹੀਂ ਹੋਇਆ। ਮੈਨੂੰ ਇਲਮ ਹੈ ਕਿ ਜੋ ਜਨਮਿਆ ਹੈ, ਉਸ ਨੇ ਇਕ ਦਿਨ ਅਵੱਸ਼ ਬਿਨਸ ਜਾਣਾ ਹੈ। ਇਸ ਦੇ ਬਾਵਜੂਦ ਮੈਂ ਅਜੇ ਤਕ ਆਪਣੇ ਮਨ ਨੂੰ ਸਮਝਾ ਨਹੀਂ ਸਕਿਆ ਕਿ ਉਸ ਨੇ ਹੁਣ ਕਦੇ ਮਿਲਣਾ ਨਹੀਂ। ਮੈਨੂੰ ਜਾਪਦਾ ਏ ਜਿਵੇਂ ਰੱਤੂ ਅੱਜ ਵੀ ਕਿਤੇ ਅੰਬਰਾਂ ’ਚੋਂ ਨਿੰਮ੍ਹਾ-ਨਿੰਮ੍ਹਾ ਮੁਸਕਰਾਉਂਦਾ ਹੋਇਆ ਮੈਨੂੰ ਸਤਿਕਾਰ ਦੇ ਰਿਹਾ ਹੋਵੇ ਤੇ ਮੈਂ ਵੀ ਜਿਵੇਂ ਉਦਾਸੀ ਤੇ ਵਿਛੋੜੇ ਦੇ ਸੱਲ੍ਹ ਨੂੰ ਭੁੱਲ ਕੇ ਮੰਦ-ਮੰਦ ਮੁਸਕਰਾ ਰਿਹਾ ਹਾਂ।
ਡਾ. ਅਜੀਤ ਕੰਵਲ ਸਿੰਘ ਹਮਦਰਦ
-ਮੋਬਾਈਲ : 97800-36266