ਘੱਗਰ ਦਰਿਆ ਦੀ ਗਿਣਤੀ ਭਾਵੇਂ ਪੰਜਾਂ ਪਾਣੀਆਂ ਦੀ ਧਰਤੀ ’ਚ ਆਉਂਦੇ ਦਰਿਆਵਾਂ ਵਿਚ ਨਹੀਂ ਆਉਂਦੀ ਪਰ ਮੌਜੂਦਾ ਪੰਜਾਬ ’ਚ ਘੱਗਰ ਵੱਡਾ ਦਰਿਆ ਮੰਨਿਆ ਜਾਂਦਾ ਹੈ। ਬਰਸਾਤਾਂ ਦੇ ਦਿਨਾਂ ਦੌਰਾਨ ਦਰਿਆ ’ਚ ਵਹਿੰਦਾ ਪਾਣੀ ਹੜ੍ਹਾਂ ਦਾ ਕਾਰਨ ਬਣਦਾ ਹੈ। ਭਾਵੇਂ ਸਤਲੁਜ, ਰਾਵੀ ਤੇ ਬਿਆਸ ਦੇ ਵਹਿਣਾ ਨੂੰ ਰੋਕਣ ਦੀ ਕਦੇ ਕੋਈ ਕੋਸ਼ਿਸ਼ ਨਹੀਂ ਹੋਈ ਪਰ ਘੱਗਰ ਦੀ ਮਾਰ ਤੋਂ ਲੋਕਾਂ ਨੂੰ ਬਚਾਉਣ ਲਈ ਇਸ ਦੇ ਕੰਡਿਆਂ ਨੂੰ ਮਜ਼ਬੂਤ ਕਰਨ ਦਾ ਰੌਲਾ ਵਾਰ-ਵਾਰ ਪੈਂਦਾ ਰਿਹਾ ਹੈ।

ਘੱਗਰ ਦਰਿਆ ਦੀ ਗਿਣਤੀ ਭਾਵੇਂ ਪੰਜਾਂ ਪਾਣੀਆਂ ਦੀ ਧਰਤੀ ’ਚ ਆਉਂਦੇ ਦਰਿਆਵਾਂ ਵਿਚ ਨਹੀਂ ਆਉਂਦੀ ਪਰ ਮੌਜੂਦਾ ਪੰਜਾਬ ’ਚ ਘੱਗਰ ਵੱਡਾ ਦਰਿਆ ਮੰਨਿਆ ਜਾਂਦਾ ਹੈ। ਬਰਸਾਤਾਂ ਦੇ ਦਿਨਾਂ ਦੌਰਾਨ ਦਰਿਆ ’ਚ ਵਹਿੰਦਾ ਪਾਣੀ ਹੜ੍ਹਾਂ ਦਾ ਕਾਰਨ ਬਣਦਾ ਹੈ। ਭਾਵੇਂ ਸਤਲੁਜ, ਰਾਵੀ ਤੇ ਬਿਆਸ ਦੇ ਵਹਿਣਾ ਨੂੰ ਰੋਕਣ ਦੀ ਕਦੇ ਕੋਈ ਕੋਸ਼ਿਸ਼ ਨਹੀਂ ਹੋਈ ਪਰ ਘੱਗਰ ਦੀ ਮਾਰ ਤੋਂ ਲੋਕਾਂ ਨੂੰ ਬਚਾਉਣ ਲਈ ਇਸ ਦੇ ਕੰਡਿਆਂ ਨੂੰ ਮਜ਼ਬੂਤ ਕਰਨ ਦਾ ਰੌਲਾ ਵਾਰ-ਵਾਰ ਪੈਂਦਾ ਰਿਹਾ ਹੈ। ਰਾਜਨੀਤਕ ਪਾਰਟੀਆਂ ਸਮੇਂ-ਸਮੇਂ ’ਤੇ ਇਸ ਦੇ ਸਥਾਈ ਹੱਲ ਦੇ ਦਾਅਵੇ ਕਰਦੀਆਂ ਰਹੀਆਂ ਹਨ। ਘੱਗਰ ਦਰਿਆ ਦਾ ਪਾਣੀ ਨਾ ਸਿਰਫ਼ ਹੜ੍ਹਾਂ ਦੀ ਮਾਰ ਨਾਲ ਹੀ ਲੋਕਾਂ ਨੂੰ ਮਾਰਦਾ ਹੈ ਸਗੋਂ ਮੌਜੂਦਾ ਸਮੇਂ ’ਚ ਸਾਰਾ ਸਾਲ ਦਰਿਆ ਵਿਚ ਆਉਂਦਾ ਪ੍ਰਦੂਸ਼ਿਤ ਪਾਣੀ ਲੋਕਾਂ ਲਈ ਸਿਰਦਰਦੀ ਬਣਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਘੱਗਰ ਵਿਚ ਫੈਕਟਰੀਆਂ ਦਾ ਕੈਮੀਕਲ ਮਿਲਿਆ ਪਾਣੀ ਹੀ ਨਹੀਂ ਵਹਿੰਦਾ ਸਗੋਂ ਇਸ ’ਚ ਬਿਮਾਰੀਆਂ ਵਹਿੰਦੀਆਂ ਪ੍ਰਤੀਤ ਹੁੰਦੀਆਂ ਹਨ। ਸਾਰਾ ਸਾਲ ਵਹਿਣ ਵਾਲੇ ਪਾਣੀ ਦਾ ਰੰਗ ਕਾਲਾ ਹੈ। ਫੈਕਟਰੀਆਂ ਦੇ ਪਾਣੀ ’ਚ ਰਸਾਇਣਾਂ ਦੀ ਮਾਤਰਾ ਦਾ ਸਪੱਸ਼ਟ ਪਤਾ ਪੁਲਾਂ ਕੋਲੋਂ ਹੇਠਾਂ ਡਿੱਗਦੇ ਪਾਣੀ ਵਿਚ ਬਣੀ ਚਿੱਟੇ ਰੰਗ ਦੀ ਝੱਗ ਤੋਂ ਲੱਗ ਜਾਂਦਾ ਹੈ।
242 ਕਿਲੋਮੀਟਰ ਹੈ ਕੁੱਲ ਲੰਬਾਈ
ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚੋਂ ਸ਼ੁਰੂ ਹੋਏ ਘੱਗਰ ਦਰਿਆ ਦੀ ਕੁੱਲ ਲੰਬਾਈ 242 ਕਿਲੋਮੀਟਰ ਹੈ, ਜਿਸ ਵਿੱਚੋਂ ਪੰਜਾਬ ਦੇ ਹਿੱਸੇ ਅੰਦਰ ਇਸ ਦੀ ਲੰਬਾਈ 165 ਕਿਲੋਮੀਟਰ ਪੈਂਦੀ ਹੈ। ਦਰਿਆ ਦੇ ਆਸ-ਪਾਸ ਜ਼ਿੰਦਗੀ ਬਸਰ ਕਰਦੇ ਲੋਕ ਹੜ੍ਹਾਂ ਨਾਲੋਂ ਵੱਧ ਇਸ ਵਿਚ ਵਹਿੰਦੇ ਫੈਕਟਰੀਆਂ ਦੇ ਜ਼ਹਿਰੀਲੇ ਤੇ ਬਦਬੂ ਮਾਰਦੇ ਪਾਣੀ ਤੋਂ ਦੁਖੀ ਹਨ। ਬਦਬੂਦਾਰ ਤੇ ਜ਼ਹਿਰੀਲੇ ਰਸਾਇਣਕ ਪਾਣੀ ਕਾਰਨ ਘੱਗਰ ਪੱਟੀ ਦੇ ਪਿੰਡਾਂ ਦੇ ਲੋਕਾਂ ਨੂੰ ਕੈਂਸਰ, ਜਿਗਰ , ਹੈਪਾਟਾਈਟਸ-ਬੀ, ਸਧਾਰਨ ਪੀਲੀਆ, ਚਮੜੀ, ਵਾਲ ਸਫ਼ੈਦ ਹੋਣ ਤੇ ਸਾਹ ਦਮਾ ਦੇ ਰੋਗਾਂ ਦੇ ਨਾਲ-ਨਾਲ ਦਿਲ ਦੀਆਂ ਮਾਰੂ ਬਿਮਾਰੀਆਂ ਘੇਰਦੀਆਂ ਲੱਗਦੀਆਂ ਹਨ। ਘੱਗਰ ਪੱਟੀ ਦੇ ਪਿੰਡਾਂ ’ਚ ਕੈਂਸਰ ਵਰਗੀ ਮਾਰੂ ਬਿਮਾਰੀ ਦਾ ਲਗਾਤਾਰ ਵਾਧਾ ਹੋਣਾ ਚਿੰਤਾ ਦਾ ਵਿਸ਼ਾ ਹੈ। ਅੱਧੇ ਪੰਜਾਬ ’ਚ ਪਿੰਡਾਂ ਦੇ ਲੋਕ ਪ੍ਰਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ। ਸਿਹਤ ’ਚ ਲਗਾਤਾਰ ਨਿਘਾਰ ਆ ਰਿਹਾ ਹੈ। ਬਿਮਾਰੀਆਂ ਪਿੰਡਾਂ ਦੇ ਲੋਕਾਂ ਨੂੰ ਘੇਰ ਰਹੀਆਂ ਹਨ। ਦਰਿਆ ਵਿਚ ਆਉਂਦੇ ਗੰਦੇ ਪਾਣੀ ਦਾ ਮਾਮਲਾ ਪੰਜਾਬ ਵਿਧਾਨ ਸਭਾ ਵਿਚ ਉੱਠਣ ਉਪਰੰਤ ਪੰਜਾਬ ਤੇ ਹਰਿਆਣਾ ਦੋਵਾਂ ਸੂਬਿਆਂ ਦੀਆਂ ਉੱਚ ਪੱਧਰੀ ਮੀਟਿੰਗਾਂ ਮਗਰੋਂ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਘੱਗਰ ਦਰਿਆ ਵਿਚ ਪਾਣੀ ਸੁੱਟਣ ਵਾਲੀਆਂ ਫੈਕਟਰੀਆਂ ਨੂੰ ਨੋਟਿਸ ਜਾਰੀ ਕੀਤੇ ਸਨ। ਉਸ ਵਕਤ ਜ਼ਹਿਰੀਲੇ ਤੇ ਗੰਦੇ ਪਾਣੀ ਵਿਚ ਕੁਝ ਦਿਨ ਕਮੀ ਆਈ ਸੀ, ਹੁਣ ਸਥਿਤੀ ਬੇਹੱਦ ਖ਼ਤਰਨਾਕ ਪੱਧਰ ਉਤੇ ਨਜ਼ਰ ਆਉਂਦੀ ਹੈ।
ਕਿਥੋਂ ਆਉਂਦੈ ਜ਼ਹਿਰੀਲਾ ਪਾਣੀ?
ਹਿਮਾਚਲ ਦੀਆਂ ਵਾਦੀਆਂ ਵਿੱਚੋਂ ਸ਼ੁਰੂ ਹੁੰਦੇ ਘੱਗਰ ਦਰਿਆ ਵਿਚ ਪਾਣੀ ਬੇਹੱਦ ਸਾਫ਼ ਹੈ ਪਰ ਚੰਡੀਗੜ੍ਹ ਤੇ ਮੋਹਾਲੀ ਕੋਲੋਂ ਜਿਉਂ ਹੀ ਦਰਿਆ ਪੰਜਾਬ ਵਿਚ ਦਾਖ਼ਲ ਹੁੰਦਾ ਹੈ ਤਾਂ ਨਾਲ ਹੀ ਇਸ ਵਿਚ ਸ਼ਹਿਰਾਂ ਦੇ ਗੰਦੇ ਪਾਣੀ ਦੇ ਨਾਲ ਹੀ ਛੋਟੀਆਂ-ਵੱਡੀਆਂ ਸਨਅਤੀ ਇਕਾਈਆਂ ਦੇ ਨਾਲ-ਨਾਲ ਕਈ ਵੱਡੀਆਂ ਫੈਕਟਰੀਆਂ ਵੱਲੋਂ ਵੀ ਚੋਰੀ-ਛੁਪੇ ਨਦੀਆਂ ਨਾਲਿਆਂ ਵਿਚ ਸੁੱਟਿਆ ਜਾਣ ਵਾਲਾ ਪਾਣੀ ਘੱਗਰ ’ਚ ਆ ਕੇ ਪੈਂਦਾ ਹੈ। ਪਟਿਆਲਾ ਦਾ ਗੰਦਾ ਪਾਣੀ ਪਟਿਆਲਾ ਨਦੀ ਰਾਹੀਂ ਸਮਾਣਾ ਸਬ-ਡਵੀਜ਼ਨ ਦੇ ਪਿੰਡ ਰਤਨਹੇੜੀ ਕੋਲ ਘੱਗਰ ’ਚ ਆ ਡਿੱਗਦਾ ਹੈ। ਇਸੇ ਤਰ੍ਹਾਂ ਹਰਿਆਣਾ ਦੀ ਮੁਸਤਫਾਪੁਰ ਝੀਲ ਤੋਂ ਆਉਣ ਵਾਲਾ ਚੋਅ ਸਬ-ਡਵੀਜ਼ਨ ਪਾਤੜਾਂ ਦੇ ਪਿੰਡ ਰਸੋਲੀ ਨੇੜੇ ਤੇ ਕੈਥਲ ਡਰੇਨ ਦਾ ਪਾਣੀ ਖਨੌਰੀ ਨੇੜੇ ਘੱਗਰ ਵਿਚ ਆ ਕੇ ਪੈਂਦਾ ਹੈ। ਇਸ ਤਰ੍ਹਾਂ ਹਰਿਆਣਾ ਦਾ ਜ਼ਹਿਰੀਲਾ ਪਾਣੀ ਵੀ ਪੰਜਾਬ ਦੀ ਝੋਲੀ ਆ ਪੈਂਦਾ ਹੈ।
ਸਫ਼ਾਈ ਕਰਨ ਦੀ ਲੋੜ
ਮੌਜੂਦਾ ਸਰਕਾਰ ਵੱਲੋਂ ਸਾਲ 2025 ’ਚ ਆਏ ਹੜ੍ਹਾਂ ਤੋਂ ਬਾਅਦ ਦਰਿਆਵਾਂ ਦੀ ਸਫ਼ਾਈ ਕਰਨ ਲਈ 85 ਥਾਵਾਂ ਦੀ ਚੋਣ ਕੀਤੀ ਗਈ ਪਰ ਉਸ ’ਚ ਘੱਗਰ ਦਰਿਆ ਨੂੰ ਸ਼ਾਮਿਲ ਨਹੀ ਕੀਤਾ ਗਿਆ, ਜਦੋਂਕਿ ਇਸ ਦੀ ਸਫ਼ਾਈ ਬਹੁਤ ਜ਼ਰੂਰੀ ਹੈ ਕਿਉਕਿ ਘੱਗਰ ਦੇ ਦੋਵੇਂ ਪਾਸੇ ਤਕਰੀਬਨ ਅੱਧਾ-ਅੱਧਾ ਕਿੱਲਾ ਜ਼ਮੀਨ ਮਿੱਟੀ ਨਾਲ ਭਰ ਚੁੱਕੀ ਹੈ। ਇਸ ਮਿੱਟੀ ਨੂੰ ਚੁੱਕ ਕੇ ਦਰਿਆ ਦੇ ਕਿਨਾਰੇ ਮਜ਼ਬੂਤ ਕੀਤੇ ਜਾਣ ਅਤੇ ਦਰਿਆ ਨੂੰ ਡੂੰਘਾ ਕੀਤਾ ਜਾਵੇ ਤਾਂ ਹੀ ਹੜ੍ਹਾਂ ਦੀ ਮਾਰ ਤੋਂ ਬਚਾਅ ਹੋ ਸਕਦਾ ਹੈ।
ਕੈਂਸਰ ਦਾ ਫੈਲਦਾ ਦੈਂਤ
ਘੱਗਰ ਪੱਟੀ ਦੇ ਕਈ ਹੋਰ ਪਿੰਡਾਂ ਸਮੇਤ ਹਲਕਾ ਸ਼ੁਤਰਾਣਾ, ਡੇਰਾਬੱਸੀ, ਲਾਲੜੂ, ਦੇਵੀਗੜ੍ਹ, ਸਮਾਣਾ ਦੇ ਕੁਝ ਪਿੰਡਾਂ ਨੂੰ ਕੈਂਸਰ ਨੇ ਆਪਣੀ ਲਪੇਟ ਵਿਚ ਲਿਆ ਹੋਇਆ ਹੈ। ਇਲਾਕੇ ’ਚ ਸੈਂਕੜੇ ਮੌਤਾਂ ਕੈਂਸਰ ਨਾਲ ਹੋ ਚੁੱਕੀਆਂ ਹਨ। ਪਿੰਡ ਦੇਧਨਾਂ ਦੇ ਲੋਕਾਂ ਨੂੰ ਪਹਿਲੀ ਵਾਰ ਕੈਂਸਰ ਨਾਂ ਦੀ ਬਿਮਾਰੀ ਦਾ ਪਤਾ ਸੱਤਵੇਂ ਦਹਾਕੇ ’ਚ ਲੱਗ ਗਿਆ ਸੀ, ਜਦੋਂ ਪਿੰਡ ਦੇ ਇਕ ਬਜ਼ੁਰਗ ਦੇ ਸਿਰ ਵਿਚ ਹੋਏ ਫੋੜੇ ਨੂੰ ਡਾਕਟਰਾਂ ਨੇ ਕੈਂਸਰ ਦੱਸਿਆ। ਉਸ ਤੋਂ ਬਾਅਦ ਇਸ ਪਿੰਡ ਵਿਚ ਪੌਣੇ ਪੰਜ ਦਹਾਕਿਆਂ ਦੇ ਸਮੇਂ ਦੌਰਾਨ ਸੱਠ ਤੋਂ ਵੱਧ ਮਰੀਜ਼ ਕੈਂਸਰ ਦੀ ਇਸ ਨਾਮੁਰਾਦ ਬਿਮਾਰੀ ਦੀ ਭੇਟ ਚੜ੍ਹ ਚੁੱਕੇ ਹਨ।
ਬੁਨਿਆਦੀ ਸਹੂਲਤਾਂ ਤੋਂ ਸੱਖਣੇ ਪਰਿਵਾਰ
ਘੱਗਰ ਦਰਿਆ ਤੋਂ ਸਿਰਫ਼ ਇਕ ਕਿਲੋਮੀਟਰ ਦੂਰ ਹਰਿਆਣੇ ਦੀ ਹੱਦ ਉਪਰ ਵਸਿਆ ਪਿੰਡ ਮਰੌੜੀ ਕਿਸੇ ਸਮੇਂ ਘਰ ਦੀ ਕੱਢੀ ਦੇਸੀ ਦਾਰੂ ਵੇਚਣ ਕਰਕੇ ਮਸ਼ਹੂਰ ਸੀ। ਰੂੜ੍ਹੀ ਮਾਰਕਾ ਸ਼ਰਾਬ ਇਥੇ ਘੱਗਰ ਮਾਰਕਾ ਦੇ ਨਾਂ ਨਾਲ ਜਾਣੀ ਜਾਂਦੀ ਸੀ ਕਿਉਂਕਿ ਇੱਥੇ ਲਾਹਣ ਪਾਉਣ ਤੇ ਸ਼ਰਾਬ ਕੱਢਣ ਦਾ ਕੰਮ ਘੱਗਰ ਦਰਿਆ ਵਿਚ ਬਣਾਈਆਂ ਆਰਜ਼ੀ ਥਾਵਾਂ ਉਤੇ ਚੱਲਦਾ ਸੀ। ਪ੍ਰਦੂਸ਼ਿਤ ਪਾਣੀ ਦੀ ਮਾਰ ਦੇ ਨਾਲ-ਨਾਲ ਸਤੁੰਲਿਤ ਖ਼ੁਰਾਕ ਦੀ ਘਾਟ ਤੇ ਨਸ਼ਿਆਂ ਦੇ ਬੋਲਬਾਲੇ ਨੇ ਪਿੰਡ ਵਿਚ ਵਿਧਵਾਵਾਂ ਦੀ ਫ਼ੌਜ ਖੜ੍ਹੀ ਕਰ ਦਿੱਤੀ ਹੈ। ਬੇਸ਼ੱਕ ਨਵੀਂ ਪੀੜ੍ਹੀ ਵਿੱਚੋਂ ਜ਼ਿਆਦਾਤਰ ਪੁਰਖੀ ਧੰਦੇ ਨੂੰ ਛੱਡ ਕੇ ਹੋਰ ਰੁਜ਼ਗਾਰ ਕਰਨ ਲੱਗ ਪਈ ਹੈ ਪਰ ਤ੍ਰਾਸਦੀ ਇਹ ਹੈ ਕਿ ਜ਼ਿਆਦਾਤਰ ਪਰਿਵਾਰ ਜ਼ਿੰਦਗੀ ਦੀਆਂ ਬੁਨਿਆਦੀ ਸਹੂਲਤਾਂ ਤੋਂ ਹਾਲੇ ਵੀ ਸੱਖਣੇ ਹਨ। ਨਸ਼ਿਆਂ ਤੇ ਬਿਮਾਰੀਆਂ ਕਾਰਨ ਚੱਲ ਵਸੇ ਪਤੀਆਂ ਦੀਆਂ ਵਿਧਵਾਵਾਂ ਕਬੀਲਦਾਰੀ ਵੱਡੀ ਹੋਣ ਕਰਕੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਵੀ ਮੁਸ਼ਕਿਲ ਬਣਿਆ ਹੋਇਆ ਹੈ। ਵਿਧਵਾ ਹੋ ਜਾਣ ਦਾ ਦੁੱਖ, ਜ਼ਿੰਦਗੀ ਜਿਊਣ ਲਈ ਬੁਨਿਆਦੀ ਲੋੜਾਂ, ਸਿਰ ਉਪਰ ਛੱਤ, ਬੱਚਿਆ ਦਾ ਭਵਿੱਖ, ਜਵਾਨ ਧੀਆਂ ਦੇ ਵਿਆਹ ਦਾ ਫ਼ਿਕਰ ਪਿੰਡ ਦੀਆਂ ਦਰਜਨਾਂ ਹੀ ਵਿਧਵਾਵਾਂ ਦਿਲ ’ਚ ਦੱਬੀ ਬੈਠੀਆਂ ਹਨ।
ਮੰਦਬੁੱਧੀ ਬੱਚਿਆਂ ਦਾ ਪਿੰਡ ਅਰਨੇਟੂ
ਘੱਗਰ ਕੰਢੇ ਵਸੇ ਮਰੋੜੀ ਅਤੇ ਅਰਨੇਟੂ ਅਜਿਹੇ ਪਿੰਡ ਹਨ, ਜਿਥੇ ਅੰਗਹੀਣ ਬੱਚਿਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਕਈਆਂ ਦੇ ਸਰੀਰਕ ਅੰਗਾਂ ਦਾ ਪੂਰੀ ਤਰ੍ਹਾਂ ਵਿਕਾਸ ਹੀ ਨਹੀ ਹੋਇਆ ਹੁੰਦਾ। ਵਿਧਾਨ ਸਭਾ ਵਿਚ ਆਵਾਜ਼ ਉੱਠਣ ਮਗਰੋਂ ਪਿਛਲੀ ਸਰਕਾਰ ਨੇ ਪਿੰਡ ਅਰਨੇਟੂ ਵਿਚ ਪਾਣੀ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਦੇ ਨਮੂਨੇ ਲੈਣ ਲਈ ਟੀਮਾਂ ਵੀ ਭੇਜੀਆਂ, ਜਿਨ੍ਹਾਂ ਨੇ ਕਈ ਤਰ੍ਹਾਂ ਦੇ ਸੈਂਪਲ ਭਰੇ ਗਏ ਸਨ। ਅਰਨੇਟੂ ’ਚ ਦਸ ਕੁ ਸਾਲਾਂ ਦਾ ਮਨਦੀਪ ਸਿੰਘ ਜਨਮ ਤੋਂ ਹੀ ਅੰਗਹੀਣ ਹੈ। ਛੇ ਕੁ ਸਾਲ ਦੀ ਕੁੜੀ ਅੰਜੂ ਬੋਲਣ ਤੋਂ ਬਿਲਕੁਲ ਹੀ ਅਸਮਰੱਥ ਹੈ। ਦਰਸ਼ੂ ਅਤੇ ਟੇਲਰ ਮਾਸਟਰ ਦਾ ਕੰਮ ਕਰਨ ਵਾਲੇ ਦਰਬਾਰਾ ਰਾਮ ਦੀ ਹਾਲਤ ਵੀ ਕੋਈ ਬਹੁਤੀ ਵਧੀਆ ਨਹੀਂ ਹੈ। ਦਰਸ਼ੂ ਦੇ ਪਰਿਵਾਰ ਵਿਚ ਚਾਰ ਜਵਾਕ ਹਨ, ਜਿਨ੍ਹਾਂ ਦਾ ਪਾਲਣ-ਪੋਸ਼ਣ ਉਸ ਦੀ ਘਰ ਵਾਲੀ ਕਰਦੀ ਹੈ। ਦਰਸ਼ੂ ਕੁਝ ਸਾਲ ਪਹਿਲਾਂ ਆਪਣੀ ਸੁੱਧ-ਬੁੱਧ ਗਵਾ ਬੈਠਾ ਸੀ। ਇੱਥੇ ਜ਼ਹਿਰੀਲੇ ਪਾਣੀ ਕਾਰਨ ਬੱਚਿਆਂ ਦੇ ਵਾਲ ਸਫ਼ੈਦ ਹੋਣੇ, ਜੋੜਾਂ ਦੇ ਦਰਦ ਤੇ ਹੋਰ ਬਿਮਾਰੀਆਂ ਨਾਲ ਪੀੜਤ ਕਾਫ਼ੀ ਗਿਣਤੀ ਵਿਚ ਮੌਜੂਦ ਹਨ। ਘੱਗਰ ਦਰਿਆ ਵਿਚ ਆਉਂਦੇ ਹੜ੍ਹਾਂ ਤੇ ਇਸ ਦੇ ਸਥਾਈ ਹੱਲ ਨੂੰ ਲੈ ਕੇ ਹਰ ਵਾਰ ਚੋਣਾਂ ਨਜ਼ਦੀਕ ਹੀ ਸਿਆਸੀ ਪਾਰਟੀਆਂ ਵੱਲੋਂ ਸਿਆਸਤ ਤੇਜ਼ ਹੋ ਜਾਂਦੀ ਹੈ।
ਖੇਤਾਂ ਨੂੰ ਜ਼ਹਿਰੀਲਾ ਪਾਣੀ ਲਾਉਣ ਲਈ ਮਜਬੂਰ ਹਨ ਕਿਸਾਨ
ਘੱਗਰ ਦਰਿਆ ਵਿਚ ਬਰਸਾਤਾਂ ਦੇ ਦਿਨਾਂ ਅੰਦਰ ਹੜ੍ਹਾਂ ਤੋਂ ਬਾਅਦ ਭਾਵੇਂ ਘੱਗਰ ਪੱਟੀ ਦੇ ਲੋਕ ਫ਼ਸਲਾਂ ਤਬਾਹ ਹੋਣ ਤੋਂ ਬੇਹੱਦ ਦੁਖੀ ਹੁੰਦੇ ਹਨ ਪਰ ਬਾਕੀ ਸਾਰਾ ਸਾਲ ਕਿਸਾਨ ਇਸ ਨੂੰ ਆਪਣੇ ਲਈ ਵਰਦਾਨ ਮੰਨਦੇ ਹਨ ਕਿਉਂਕਿ ਦਰਿਆ ਕੰਢੇ ਵਸੇ ਹਜ਼ਾਰਾਂ ਕਿਸਾਨ ਜਿਨ੍ਹਾਂ ਕੋਲ ਜ਼ਮੀਨਦੋਜ਼ ਦੀ ਘਾਟ ਹੈ ਜਾਂ ਜ਼ਮੀਨੀ ਪਾਣੀ ਦਾ ਪੱਧਰ ਮਾੜਾ ਹੈ, ਉਹ ਆਰਜ਼ੀ ਟਿਊਬਵੈੱਲ ਲਗਾ ਕੇ ਦਰਿਆ ਵਿਚ ਵਹਿੰਦੇ ਪਾਣੀ ਦੀ ਵਰਤੋਂ ਆਪਣੇ ਖੇਤਾਂ ਨੂੰ ਲਗਾਉਣ ਲਈ ਕਰਦੇ ਹਨ। ਹਰਿਆਣਾ ਦੇ ਸਿਰਸਾ ਸਮੇਤ ਰਾਜਸਥਾਨ ਦੇ ਗੰਗਾਨਗਰ ਇਲਾਕੇ ਤਕ ਖੇਤਾਂ ਨੂੰ ਪਾਣੀ ਲੱਗਦਾ ਹੈ। ਪਾਣੀ ਨੂੰ ਦੂਰ-ਦੂਰ ਖੇਤਾਂ ’ਚ ਲਿਜਾਣ ਲਈ ਕਿਸਾਨਾਂ ਵੱਲੋਂ ਮਿਲ ਕੇ ਕਈ ਕਈ ਕਿਲੋਮੀਟਰ ਲੰਬੀਆਂ ਸਾਂਝੀਆਂ ਪਾਇਪ ਲਾਇਨਾਂ ਪਾਈਆਂ ਗਈਆਂ ਹਨ, ਜਿਸ ਕਰਕੇ ਕੈਮੀਕਲਾਂ ਵਾਲਾ ਰਸਾਇਣਕ ਪਾਣੀ ਖੇਤਾਂ ਵਿਚ ਹੀ ਨਹੀਂ ਲੱਗਦਾ ਸਗੋਂ ਪਾਣੀ ਵਿਚ ਮਿਲ ਕੇ ਇਹ ਧਰਤੀ ਹੇਠਲੇ ਪਾਣੀ ਨੂੰ ਵੀ ਪ੍ਰਦੂਸ਼ਿਤ ਕਰ ਰਿਹਾ ਹੈ। ਘੱਗਰ ਕੰਢੇ ਵਸੇ ਪਿੰਡਾਂ ਦੇ ਪਾਣੀ ਦੇ ਸੈਂਪਲ ਫੇਲ੍ਹ ਹੋ ਰਹੇ ਹਨ। ਜ਼ਮੀਨ ਹੇਠਲੇ ਪਾਣੀ ਦੇ ਪੱਧਰ ਦਾ ਘਟਣ ਦਾ ਸਭ ਤੋਂ ਵੱਡਾ ਕਾਰਨ ਘੱਗਰ ਦਰਿਆ ਦੀ ਡੂੰਘਾਈ ਦਾ ਬਹੁਤ ਜ਼ਿਆਦਾ ਹੋਣਾ ਹੈ। ਘੱਗਰ ਪੱਟੀ ਵਿਚ ਚੱਲਦੇ ਕਈ ਟਿਊਬਵੈੱਲਾਂ ਤੇ ਨਲਕਿਆਂ ਵਿੱਚੋਂ ਗੰਦਾ ਪਾਣੀ ਆ ਰਿਹਾ ਹੈ। ਕਿਸਾਨਾਂ ਵੱਲੋਂ ਘੱਗਰ ਦਰਿਆ ’ਚੋਂ ਪਾਣੀ ਚੁੱਕ ਕੇ ਖੇਤਾਂ ਵਿਚ ਸਬਜ਼ੀਆਂ, ਪਸ਼ੂਆਂ ਦੇ ਚਾਰੇ ਤੇ ਹੋਰ ਫ਼ਸ਼ਲਾਂ ਨੂੰ ਲਗਾਏ ਜਾਣ ਕਾਰਨ ਫ਼ਸਲਾਂ ਵਿਚ ਜ਼ਹਿਰੀਲਾ ਮਾਦਾ ਲਗਾਤਾਰ ਵੱਧ ਰਿਹਾ ਹੈ। ਬਦਬੂ ਮਾਰਦੇ ਪਾਣੀ ਤੋਂ ਪਿੰਡ ਵਾਸੀ ਪ੍ਰੇਸ਼ਾਨ ਹਨ। ਖੇਤਾਂ ਦੇ ਪੁੱਤਾਂ ਵੱਲੋਂ ਪਾਣੀ ਆਪਣੇ ਖੇਤਾਂ ਨੂੰ ਲਗਾਏ ਜਾਣ ਕਰਕੇ ਜ਼ਮੀਨਾਂ ਵਿਚ ਜ਼ਹਿਰੀਲੇ ਮਾਦੇ ਦਾ ਲਗਾਤਾਰ ਹੋ ਰਿਹਾ ਵਾਧਾ ਘੱਗਰ ਪੱਟੀ ਦੇ ਕੰਢੇ ਨੇੜੇ ਲੱਗਦੀਆਂ ਜ਼ਮੀਨਾਂ ਲਗਾਤਾਰ ਬੰਜਰ ਹੋਣ ਵੱਲ ਵਧ ਰਹੀਆਂ ਹਨ। ਜ਼ਮੀਨ ਤੋਂ ਵੱਧ ਝਾੜ ਲੈਣ ਦੇ ਚੱਕਰ ਵਿਚ ਕੀਟ ਤੇ ਨਦੀਨਨਾਸ਼ਕਾਂ ਦੀ ਵਰਤੋਂ ਬੇਹਤਾਸ਼ਾ ਵਧਣਾ ਵੀ ਚਿੰਤਾ ਦਾ ਵੱਡਾ ਕਾਰਨ ਹੈ। ਕੁਝ ਸਮਾਂ ਪਹਿਲਾਂ ਸਿਹਤ ਵਿਭਾਗ ਦੀ ਟੀਮ ਨੇ ਘੱਗਰ ਨੇੜਲੇ ਕਈ ਪਿੰਡਾਂ ਦਾ ਦੌਰਾ ਕਰਕੇ ਪਾਣੀ ਦੇ ਕੁਝ ਸੈਂਪਲ ਲਏ ਸਨ, ਜਿਸ ਤੋਂ ਬਾਅਦ ਲੋਕਾਂ ਨੂੰ ਨਲਕਿਆਂ ਤੇ ਘਰਾਂ ਵਿਚ ਲੱਗੇ ਸਬਮਰਸੀਬਲਾਂ ਦਾ ਪਾਣੀ ਨਾ ਪੀਣ ਦੀ ਲੋਕਾਂ ਨੂੰ ਸਲਾਹ ਦਿੱਤੀ ਗਈ ਸੀ।
ਕੈਨੇਡਾ ਦੀ ਸੰਸਥਾ ਲੈ ਚੁੱਕੀ ਪਾਣੀ ਦੇ ਨਮੂਨੇ
ਕੈਨੇਡਾ ਦੀ ਸਮਾਜਸੇਵੀ ਸੰਸਥਾ ਪਲੇਨੈੱਟ ਵਨ ਆਰਗੇਨਾਈਜ਼ੇਸ਼ਨ ਦੀ ਅਗਵਾਈ ਕਰ ਰਹੀ ਨੌਜਵਾਨ ਪੰਜਾਬਣ ਪ੍ਰਭਜੋਤ ਕੈਂਥ ਆਪਣੀ ਟੀਮ ਨਾਲ ਪਿੰਡ ਅਰਨੇਟੂ ਤੇ ਮਰੋੜੀ ਵਿਚ ਪਿਛਲੇ ਦੋ ਸਾਲਾਂ ਤੋਂ ਪੀਣ ਵਾਲੇ ਪਾਣੀ ਦੇ ਨਮੂਨੇ ਇੱਕਤਰ ਕਰ ਰਹੀ ਹੈ। ਉਨ੍ਹਾਂ ਨੇ ਇਸੇ ਵਰ੍ਹੇ ਫਰਵਰੀ ਮਹੀਨੇ ’ਚ ਅਰਨੇਟੂ ਵਿੱਚੋਂ 40 ਤੋਂ ਵੱਧ ਘਰਾਂ ਵਿੱਚੋਂ ਪਾਣੀ ਦੇ ਨਮੂਨੇ ਲਏ ਅਤੇ ਲੋਕਾਂ ਦੀ ਸਿਹਤ ਦਾ ਨਿਰੀਖਣ ਕਰਨ ਲਈ ਕੈਂਸਰ ਰੋਕੋ ਟੀਮ ਨੂੰ ਬੁਲਾਇਆ ਗਿਆ, ਜਿਸ ਦਾ ਪ੍ਰਤੀ ਦਿਨ ਖ਼ਰਚਾ ਦੋ ਲੱਖ ਦੇ ਕਰੀਬ ਸੀ। ਪ੍ਰਭਜੋਤ ਕੈਂਥ ਨੇ ਇਸ ਮਸਲੇ ਨੂੰ ਲੈ ਕੇ ਕੈਨੇਡਾ ’ਚ 16 ਪੰਨਿਆਂ ਦਾ ਸੋਵੀਨਾਰ ਵੀ ਜਾਰੀ ਕੀਤਾ।
- ਬ੍ਰਿਸ ਭਾਨ ਬੁਜਰਕ