ਅੱਜ ਦੇ ਡਿਜੀਟਲ ਯੁੱਗ ਵਿਚ ਮੋਬਾਈਲ ਫੋਨ ਸਾਡੀ ਜੀਵਨ ਰੇਖਾ ਬਣ ਚੁੱਕਾ ਹੈ। ਇਹ ਸਿਰਫ਼ ਸੰਚਾਰ ਦਾ ਸਾਧਨ ਨਹੀਂ, ਸਗੋਂ ਗਿਆਨ ਪ੍ਰਾਪਤੀ, ਆਨਲਾਈਨ ਸਿੱਖਿਆ, ਮਨੋਰੰਜਨ ਅਤੇ ਸੁਰੱਖਿਆ ਲਈ ਵੀ ਇਕ ਲਾਜ਼ਮੀ ਹਥਿਆਰ ਹੈ। ਵਿਦਿਆਰਥੀ ਰਿਸਰਚ, ਹੋਮਵਰਕ, ਕਲਾਸਾਂ ਅਤੇ ਨੋਟਸ ਲਈ ਇਸ ਦਾ ਵਧ-ਚੜ੍ਹ ਕੇ ਇਸਤੇਮਾਲ ਕਰ ਰਹੇ ਹਨ।
ਅੱਜ ਦੇ ਡਿਜੀਟਲ ਯੁੱਗ ਵਿਚ ਮੋਬਾਈਲ ਫੋਨ ਸਾਡੀ ਜੀਵਨ ਰੇਖਾ ਬਣ ਚੁੱਕਾ ਹੈ। ਇਹ ਸਿਰਫ਼ ਸੰਚਾਰ ਦਾ ਸਾਧਨ ਨਹੀਂ, ਸਗੋਂ ਗਿਆਨ ਪ੍ਰਾਪਤੀ, ਆਨਲਾਈਨ ਸਿੱਖਿਆ, ਮਨੋਰੰਜਨ ਅਤੇ ਸੁਰੱਖਿਆ ਲਈ ਵੀ ਇਕ ਲਾਜ਼ਮੀ ਹਥਿਆਰ ਹੈ। ਵਿਦਿਆਰਥੀ ਰਿਸਰਚ, ਹੋਮਵਰਕ, ਕਲਾਸਾਂ ਅਤੇ ਨੋਟਸ ਲਈ ਇਸ ਦਾ ਵਧ-ਚੜ੍ਹ ਕੇ ਇਸਤੇਮਾਲ ਕਰ ਰਹੇ ਹਨ। ਪਰ ਜਿਵੇਂ ਹਰ ਚੀਜ਼ ਦੀ ਇਕ ਹੱਦ ਹੁੰਦੀ ਹੈ, ਉਸੇ ਤਰ੍ਹਾਂ ਮੋਬਾਈਲ ਦੀ ਵੀ ਸੀਮਾ ਹੈ। ਜਦੋਂ ਇਹ ਸਹੂਲਤ ਲਤ ਵਿਚ ਬਦਲ ਜਾਂਦੀ ਹੈ ਤਾਂ ਬੱਚਿਆਂ ਦੀ ਸਿੱਖਿਆ, ਆਚਰਣ ਅਤੇ ਰਿਸ਼ਤੇ ਪ੍ਰਭਾਵਿਤ ਹੋਣ ਲੱਗ ਪੈਂਦੇ ਹਨ। ਇਕ ਮਾਂ ਅਤੇ ਵਿੱਦਿਅਕ ਖੇਤਰ ਵਿਚ ਹੋਣ ਦੇ ਨਾਤੇ ਮੈਨੂੰ ਇਹ ਦੇਖ ਕੇ ਗਹਿਰੀ ਚਿੰਤਾ ਹੁੰਦੀ ਹੈ ਕਿ ਬੱਚੇ ਰੀਲਜ਼, ਗੇਮਜ਼ ਅਤੇ ਚੈਟਾਂ ਵਿਚ ਇੰਨੇ ਮਗਨ ਹੋ ਗਏ ਹਨ ਕਿ ਉਨ੍ਹਾਂ ਨੂੰ ਘਰ ਵਿਚ ਮਾਪਿਆਂ ਦੀ ਆਵਾਜ਼ ਵੀ ਨਹੀਂ ਸੁਣਾਈ ਦਿੰਦੀ। ਜਦੋਂ ਮਾਪੇ ਕਈ ਵਾਰ ਬੁਲਾਉਂਦੇ ਹਨ ਤਾਂ ਉਲਟਾ ਬੱਚੇ ਚਿੜ ਜਾਂਦੇ ਹਨ ਜਾਂ ਰੁੱਖਾ ਜਿਹਾ ਜਵਾਬ ਦਿੰਦੇ ਹਨ।
ਅੱਜ-ਕੱਲ੍ਹ ਮੋਬਾਈਲ ਫੋਨਾਂ ਦੀ ਵਧ ਰਹੀ ਵਰਤੋਂ ਉਦਾਸੀ, ਆਲਸੀਪਣ, ਗੁੱਸਾ ਅਤੇ ਚਿੰਤਾ ਵਰਗੀਆਂ ਸਮੱਸਿਆਵਾਂ ਦਾ ਮੁੱਖ ਕਾਰਨ ਬਣ ਰਹੀ ਹੈ। ਖ਼ਾਸ ਕਰਕੇ ਨੌਜਵਾਨ ਤੇ ਬੱਚੇ ਇਸ ਆਦਤ ਵਿਚ ਇੰਨੇ ਜ਼ਿਆਦਾ ਡੁੱਬ ਰਹੇ ਹਨ ਕਿ ਉਹ ਆਪਣੀ ਅਸਲੀ ਜ਼ਿੰਦਗੀ ਤੋਂ ਦੂਰ ਹੋ ਰਹੇ ਹਨ। ਚਿੰਤਾਜਨਕ ਗੱਲ ਇਹ ਵੀ ਹੈ ਕਿ ਇਹ ਵਿਵਹਾਰ ਉਹ ਅਕਸਰ ਆਪਣੇ ਮਾਪਿਆਂ ਤੋਂ ਹੀ ਸਿੱਖ ਰਹੇ ਹਨ। ਜਦੋਂ ਮਾਪੇ ਸਾਰਾ ਸਮਾਂ ਆਪਣੇ ਫੋਨ ’ਚ ਮਗਨ ਰਹਿੰਦੇ ਹਨ ਤਾਂ ਬੱਚੇ ਵੀ ਉਹੀ ਆਦਤ ਅਪਣਾਉਂਦੇ ਹਨ। ਆਖ਼ਰਕਾਰ ਇਹ ਲਤ ਉਨ੍ਹਾਂ ਦੇ ਦਿਮਾਗ, ਵਿਅਕਤੀਗਤ ਵਿਕਾਸ ਅਤੇ ਰਿਸ਼ਤਿਆਂ ਉੱਤੇ ਨਕਾਰਾਤਮਕ ਪ੍ਰਭਾਵ ਪਾਉਂਦੀ ਹੈ। ਇਸ ਲਈ ਜ਼ਰੂਰੀ ਹੈ ਕਿ ਮਾਪੇ ਪਹਿਲਾਂ ਆਪਣਾ ਵਿਹਾਰ ਬਦਲਣ ਤੇ ਬੱਚਿਆਂ ਨੂੰ ਸਮਝਾ ਕੇ ਆਪਣੇ ਨਾਲ ਜੋੜ ਕੇ ਉਨ੍ਹਾਂ ਦੀ ਮਦਦ ਕਰਨ। ਇਹ ਗੱਲ ਤਦ ਹੋਰ ਵੀ ਪੀੜਾਦਾਇਕ ਬਣ ਜਾਂਦੀ ਹੈ ਜਦੋਂ ਆਪਣੇ ਹੀ ਪੁੱਤਰ ਨੂੰ ਛੋਟਾ ਜਿਹਾ ਕੰਮ ਦੋ-ਤਿੰਨ ਵਾਰੀ ਕਹਿਣਾ ਪੈਂਦਾ ਹੈ, ਫਿਰ ਵੀ ਉਹ ਭੁੱਲ ਜਾਂਦਾ ਹੈ। ਜਿਵੇਂ ਕਿ ਬਾਜ਼ਾਰ ਵਿੱਚੋਂ ਕਈ ਵਾਰ ਰੋਜ਼ਾਨਾ ਵਰਤੋਂ ਦੀਆਂ ਦੋ-ਤਿੰਨ ਆਈਟਮਾਂ ਲਿਆਉਣ ਲਈ ਕਿਹਾ ਜਾਵੇ ਤਾਂ ਉਹ ਕੋਈ ਨਾ ਕੋਈ ਚੀਜ਼ ਭੁੱਲ ਜਾਵੇਗਾ।
ਇਹ ਸਿਰਫ਼ ਆਲਸੀਪਣ ਨਹੀਂ, ਇਹ ਧਿਆਨ ਦੀ ਘਾਟ, ਯਾਦ ਰੱਖਣ ਦੀ ਅਣਸਮਝੀ ਤੇ ਅਕਸਰ ਮੋਬਾਈਲ ਦੀ ਅਤਿ ਵਰਤੋਂ ਨਾਲ ਜੁੜਿਆ ਤਣਾਅ ਵੀ ਹੋ ਸਕਦਾ ਹੈ। ਅਜਿਹੀ ਸਥਿਤੀ ਮਾਪਿਆਂ ਲਈ ਕੇਵਲ ਨਿਰਾਸ਼ਾ ਨਹੀਂ, ਸਗੋਂ ਚਿੰਤਾ ਦਾ ਵਿਸ਼ਾ ਬਣ ਜਾਂਦੀ ਹੈ। ਹੁਣ ਸਵਾਲ ਇਹ ਹੈ ਕਿ ਅਸੀਂ ਕੀ ਕਰੀਏ? ਕਿਵੇਂ ਆਪਣੇ ਬੱਚਿਆਂ ਨੂੰ ਵਰਚੁਅਲ ਦੁਨੀਆ ਤੋਂ ਬਾਹਰ ਕੱਢ ਕੇ ਅਸਲ ਰਿਸ਼ਤਿਆਂ ਅਤੇ ਜੀਵਨ ਨਾਲ ਜੋੜੀਏ? ਜੇ ਅਸੀਂ ਆਪਣੇ ਫੋਨ ਦੀ ਵਰਤੋਂ ਸੰਜਮ ਨਾਲ ਕਰੀਏ ਤਾਂ ਬੱਚੇ ਵੀ ਸਿੱਖਣ ਲੱਗ ਪੈਂਦੇ ਹਨ। ਪਿਆਰ, ਧੀਰਜ ਤੇ ਸਹਿਯੋਗ ਨਾਲ ਅਸੀਂ ਇਹ ਤਬਦੀਲੀ ਲਿਆ ਸਕਦੇ ਹਾਂ।
-ਹਰਪ੍ਰੀਤ ਕੌਰ, ਮੁੱਖ ਅਧਿਆਪਕਾ ਜੀਐੱਚਐੱਸ, ਭੈਣੀ।-(84277-86590)