ਪੰਜਾਬ ’ਚ ਖੁੱਲ੍ਹੇ ਹੋਏ ਕੁਝ ਸਪਾਅ ਸੈਂਟਰਾਂ ਦੇ ਓਹਲੇ ’ਚ ਹੋਣ ਵਾਲੀਆਂ ਅਨੈਤਿਕ ਗਤੀਵਿਧੀਆਂ ਨੂੰ ਰੋਕਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਖ਼ਤੀ ਕਰਨ ਦਾ ਮਨ ਬਣਾਇਆ ਹੈ। ਇਨ੍ਹਾਂ ਸੈਂਟਰਾਂ ਰਾਹੀਂ ਸੈਕਸ ਰੈਕਟ ਚਲਾਏ ਜਾ ਰਹੇ ਹਨ ਤੇ ਲੜਕੀਆਂ-ਔਰਤਾਂ ਦੀ ਮਨੁੱਖੀ ਤਸਕਰੀ ਦੀਆਂ ਸ਼ਿਕਾਇਤਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ।
ਪੰਜਾਬ ’ਚ ਖੁੱਲ੍ਹੇ ਹੋਏ ਕੁਝ ਸਪਾਅ ਸੈਂਟਰਾਂ ਦੇ ਓਹਲੇ ’ਚ ਹੋਣ ਵਾਲੀਆਂ ਅਨੈਤਿਕ ਗਤੀਵਿਧੀਆਂ ਨੂੰ ਰੋਕਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਖ਼ਤੀ ਕਰਨ ਦਾ ਮਨ ਬਣਾਇਆ ਹੈ। ਇਨ੍ਹਾਂ ਸੈਂਟਰਾਂ ਰਾਹੀਂ ਸੈਕਸ ਰੈਕਟ ਚਲਾਏ ਜਾ ਰਹੇ ਹਨ ਤੇ ਲੜਕੀਆਂ-ਔਰਤਾਂ ਦੀ ਮਨੁੱਖੀ ਤਸਕਰੀ ਦੀਆਂ ਸ਼ਿਕਾਇਤਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸੇ ਨੂੰ ਧਿਆਨ ਵਿਚ ਰੱਖਦਿਆਂ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਤਿੰਨ ਮਹੀਨਿਆਂ ’ਚ ਠੋਸ ਤੇ ਵਿਆਪਕ ਨੀਤੀ ਘੜਨ ਦੇ ਨਿਰਦੇਸ਼ ਦਿੱਤੇ ਹਨ। ਉੱਚ ਅਦਾਲਤ ਦਾ ਤਰਕ ਹੈ ਕਿ ਇਨ੍ਹਾਂ ਸੈਂਟਰਾਂ ਰਾਹੀਂ ਮਾਸੂਮ ਔਰਤਾਂ ਦਾ ਸ਼ੋਸ਼ਣ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਮਸਾਜ ਸੈਂਟਰਾਂ ਵਿਚ ਕੰਮ ਕਰਨ ਵਾਲੀਆਂ ਔਰਤਾਂ ਤੇ ਲੜਕੀਆਂ ਦੇ ਮਨੁੱਖੀ ਅਧਿਕਾਰਾਂ ਦਾ ਦਮਨ ਵੀ ਕੀਤਾ ਜਾਂਦਾ ਹੈ। ਬਹੁਤ ਸਾਰੀਆਂ ਘਰੋਂ ਗਾਇਬ ਹੋਈਆਂ ਲੜਕੀਆਂ ਇਨ੍ਹਾਂ ਮਸਾਜ ਸੈਂਟਰਾਂ ਤੋਂ ਮਿਲੀਆਂ ਹਨ ਜੋ ਵੱਡੀ ਚਿੰਤਾ ਦਾ ਵਿਸ਼ਾ ਹੈ। ਜਲੰਧਰ ’ਚ ਮਸਾਜ ਸੈਂਟਰਾਂ ’ਚ ਸੈਕਸ ਰੈਕਟ ਨਾਲ ਸਬੰਧਤ ਕਈ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ ਜਿਨ੍ਹਾਂ ’ਚ ਵੇਸਵਾਗਮਨੀ ਰੈਕਟ ਦੇ ਖ਼ੁਲਾਸੇ ਹੋਏ ਹਨ। ਕਾਫ਼ੀ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਿਨ੍ਹਾਂ ’ਚ ਮਸਾਜ ਸੈਂਟਰਾਂ ਤੋਂ ਵਿਦੇਸ਼ੀ ਮਹਿਲਾਵਾਂ ਤੇ ਲੜਕੀਆਂ ਦੀ ਬਰਾਮਦਗੀ ਹੋਈ ਹੈ। ਇਨ੍ਹਾਂ ਸੈਂਟਰਾਂ ਤੋਂ ਮਿਲੀਆਂ ਕਈ ਲੜਕੀਆਂ ਦੂਜੇ ਸੂਬਿਆਂ ਨਾਲ ਸਬੰਧਤ ਹਨ। ਇਸ ਲਈ ਇਸ ਗੱਲੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਨ੍ਹਾਂ ਦੀ ਮਨੁੱਖੀ ਤਸਕਰੀ ਨਹੀਂ ਹੋਈ ਹੈ।
ਇਸ ਨਾਲ ਸਬੰਧਤ ਇਕ ਮਾਮਲੇ ਦੀ ਸੁਣਵਾਈ ਦੌਰਾਨ ਹਾਈ ਕੋਰਟ ਦੇ ਜਸਟਿਸ ਕੁਲਦੀਪ ਤਿਵਾੜੀ ਨੇ ਚੰਡੀਗੜ੍ਹ ’ਚ ਇਸੇ ਤਰ੍ਹਾਂ ਦੇ ਇਕ ਮਾਮਲੇ ’ਚ ਤਾਲਮੇਲ ਬੈਂਚ ਦੇ ਨਿਰਦੇਸ਼ ਦਾ ਵੀ ਹਵਾਲਾ ਦਿੱਤਾ ਕਿ ਦਿੱਲੀ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੇ ਆਧਾਰ ’ਤੇ ਇਕ ਢਾਂਚਾ ਤਿਆਰ ਕੀਤਾ ਜਾਵੇ। ਦਿੱਲੀ ’ਚ ਸਪਾਅ ਜਾਂ ਮਸਾਜ ਸੈਂਟਰ ਚਲਾਉਣ ਲਈ ਬਾਕਾਇਦਾ ਸਰਕਾਰ ਦੀ ਵੈੱਬਸਾਈਟ ’ਤੇ ਇਸ ਨਾਲ ਸਬੰਧਤ ਨਿਯਮ-ਕਾਨੂੰਨ ਬਣਾਏ ਗਏ ਹਨ। ਇਸ ਮੁਤਾਬਕ ਸਪਾਅ ਸੈਂਟਰ ਚਲਾਉਣ ਲਈ ਸਥਾਨਕ ਸਰਕਾਰਾਂ ਤੋਂ ਇਸ ਦੀ ਮਨਜ਼ੂਰੀ ਲੈਣੀ ਜ਼ਰੂਰੀ ਹੈ ਤੇ ਇੱਥੇ ਕੰਮ ਕਰਨ ਵਾਲੇ ਥੈਰੇਪਿਸਟ ਕੋਲ ਵੀ ਬਾਕਾਇਦਾ ਲਾਇਸੈਂਸ ਹੋਣਾ ਚਾਹੀਦਾ ਹੈ। ਦਿੱਲੀ ਸਰਕਾਰ ਦੇ ਇਸ ਨੋਟੀਫਿਕੇਸ਼ਨ ਵਿਚ ਕ੍ਰਾਸ ਜੈਂਡਰ ਮਸਾਜ ਦੀ ਪੂਰਨ ਤੌਰ ’ਤੇ ਮਨਾਹੀ ਕੀਤੀ ਗਈ ਹੈ। ਇਸ ਮੁਤਾਬਕ ਔਰਤਾਂ ਮਰਦਾਂ ਦੀ ਤੇ ਮਰਦ ਔਰਤਾਂ ਦੀ ਮਸਾਜ ਨਹੀਂ ਕਰ ਸਕਣਗੇ ਪਰ ਪੂਰੇ ਦੇਸ਼ ਵਿਚ ਇਸ ਤਰ੍ਹਾਂ ਦੀਆਂ ਹਦਾਇਤਾਂ ਜਾਂ ਕਾਇਦੇ-ਕਾਨੂੰਨਾਂ ਦੀ ਸਿੱਧੇ ਤੌਰ ’ਤੇ ਉਲੰਘਣਾ ਕੀਤੀ ਜਾਂਦੀ ਹੈ।
ਹਾਲਾਂਕਿ ਪੰਜਾਬ ਵਿਚ ਚੱਲਣ ਵਾਲੇ ਸਪਾਅ ਸੈਂਟਰਾਂ ’ਚ ਹੋਣ ਵਾਲੀਆਂ ਅਨੈਤਿਕ ਗਤੀਵਿਧੀਆਂ ਨੂੰ ਰੋਕਣ ਲਈ ਸਰਕਾਰ ਕਈ ਵਾਰ ਸਖ਼ਤੀ ਕਰ ਚੁੱਕੀ ਹੈ ਪਰ ਫਿਰ ਵੀ ਇਨ੍ਹਾਂ ’ਚ ਔਰਤਾਂ ਦੀ ਸੁਰੱਖਿਆ ਸਵਾਲਾਂ ਦੇ ਘੇਰੇ ’ਚ ਰਹੀ ਹੈ। ਪੰਜਾਬ ਹੀ ਨਹੀਂ, ਪੂਰਾ ਦੇਸ਼ ਸਪਾਅ ਸੈਂਟਰਾਂ ’ਚ ਹੋਣ ਵਾਲੀਆਂ ਗਤੀਵਿਧੀਆਂ ਤੋਂ ਚਿੰਤਤ ਹੈ। ਕਈ ਹੋਟਲ ਵੀ ਸਪਾਅ ਸੈਂਟਰਾਂ ਦੇ ਓਹਲੇ ’ਚ ਗ਼ੈਰ-ਕਾਨੂੰਨੀ ਗਤੀਵਿਧੀਆਂ ਚਲਾ ਰਹੇ ਹਨ। ਆਪਣੇ ਹੋਟਲਾਂ ’ਚ ਆਉਣ ਵਾਲੇ ਗਾਹਕਾਂ ਨੂੰ ਮਸਾਜ ਦੀ ਆੜ ’ਚ ਕਈ ਤਰ੍ਹਾਂ ਦੇ ਲਾਲਚ ਦਿੰਦੇ ਹਨ। ਹੋਟਲਾਂ ’ਚ ਛਾਪੇਮਾਰੀ ਦੌਰਾਨ ਫੜੇ ਜਾਣ ਵਾਲੇ ਮੁੰਡੇ-ਕੁੜੀਆਂ ਤੇ ਮਰਦ-ਔਰਤਾਂ ਇਸ ਗੱਲ ਦਾ ਸਬੂਤ ਹਨ ਕਿ ਹੋਟਲ ਕਿਵੇਂ ਇਹ ਸਾਰਾ ਧੰਦਾ ਚਲਾਉਂਦੇ ਹਨ। ਬਹੁਤ ਸਾਰੀਆਂ ਆਰਥਿਕ ਪੱਖੋਂ ਕਮਜ਼ੋਰ ਲੜਕੀਆਂ ਤੇ ਔਰਤਾਂ ਦੀ ਇਸ ਮਜਬੂਰੀ ਦਾ ਫ਼ਾਇਦਾ ਮਸਾਜ ਸੈਂਟਰ ਚਲਾਉਣ ਵਾਲੇ ਚੁੱਕਦੇ ਹਨ।