ਅੱਜ ਦੇ ਦਿਨ ਜਨਮੇ ਰਾਜਿੰਦਰ ਪਰਦੇਸੀ ਪੰਜਾਬੀ ਜ਼ੁਬਾਨ ਦੇ ਬਹੁਤ ਵੱਡੇ ਸ਼ਾਇਰ ਸਨ ਤੇ ਮੈਨੂੰ ਉਨ੍ਹਾਂ ਦੀ ਨੇੜਤਾ ਦਾ ਮਾਣ ਹਾਸਲ ਹੋਇਆ, ਉਨ੍ਹਾਂ ਦਾ ਅਸ਼ੀਰਵਾਦ ਮਿਲਿਆ। ਉਹ ਪੰਜਾਬੀ ਦੇ ਨਾਲ-ਨਾਲ ਹਿੰਦੀ ’ਚ ਵੀ ਗੀਤ, ਕਵਿਤਾ, ਗ਼ਜ਼ਲ ਲਿਖਦੇ ਸਨ। ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਦਾਇਰਾ ਬੜਾ ਵਿਸ਼ਾਲ ਸੀ। ਮੈਨੂੰ ਪੰਜਾਬ ਭਰ ’ਚ ਹੀ ਪਰਦੇਸੀ ਸਾਹਿਬ ਦੇ ਨਾਲ ਸਾਹਿਤਕ ਪ੍ਰੋਗਰਾਮਾਂ ’ਚ ਜਾਣ ਦਾ ਮੌਕਾ ਮਿਲਦਾ ਰਿਹਾ। ਇਸ ਲਈ ਉਨ੍ਹਾਂ ਦੇ ਜਾਣਨ-ਪਛਾਣਨ ਵਾਲੇ ਮੈਨੂੰ ਵੀ ਜਾਣਦੇ ਸਨ। ਮਰਹੂਮ ਗਾਇਕ ਪਿਆਰੇ ਮਿੱਤਰ ਸਾਬਰ ਕੋਟੀ ਹੋਰਾਂ ਦਾ ਦਫ਼ਤਰ ਜਲੰਧਰ ਛਾਉਣੀ ਦੇ ਵੱਡੇ ਬਾਜ਼ਾਰ ’ਚ ਹੀ ਸੀ। ਜਦ ਕਦੇ ਵੀ ਮਿਲਣਾ ਤਾਂ ਉਨ੍ਹਾਂ ਪਰਦੇਸੀ ਸਾਹਿਬ ਦੀ ਗ਼ਜ਼


-ਜਗਦੀਸ਼ ਰਾਣਾ
ਅੱਜ ਦੇ ਦਿਨ ਜਨਮੇ ਰਾਜਿੰਦਰ ਪਰਦੇਸੀ ਪੰਜਾਬੀ ਜ਼ੁਬਾਨ ਦੇ ਬਹੁਤ ਵੱਡੇ ਸ਼ਾਇਰ ਸਨ ਤੇ ਮੈਨੂੰ ਉਨ੍ਹਾਂ ਦੀ ਨੇੜਤਾ ਦਾ ਮਾਣ ਹਾਸਲ ਹੋਇਆ, ਉਨ੍ਹਾਂ ਦਾ ਅਸ਼ੀਰਵਾਦ ਮਿਲਿਆ। ਉਹ ਪੰਜਾਬੀ ਦੇ ਨਾਲ-ਨਾਲ ਹਿੰਦੀ ’ਚ ਵੀ ਗੀਤ, ਕਵਿਤਾ, ਗ਼ਜ਼ਲ ਲਿਖਦੇ ਸਨ। ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਦਾਇਰਾ ਬੜਾ ਵਿਸ਼ਾਲ ਸੀ। ਮੈਨੂੰ ਪੰਜਾਬ ਭਰ ’ਚ ਹੀ ਪਰਦੇਸੀ ਸਾਹਿਬ ਦੇ ਨਾਲ ਸਾਹਿਤਕ ਪ੍ਰੋਗਰਾਮਾਂ ’ਚ ਜਾਣ ਦਾ ਮੌਕਾ ਮਿਲਦਾ ਰਿਹਾ। ਇਸ ਲਈ ਉਨ੍ਹਾਂ ਦੇ ਜਾਣਨ-ਪਛਾਣਨ ਵਾਲੇ ਮੈਨੂੰ ਵੀ ਜਾਣਦੇ ਸਨ। ਮਰਹੂਮ ਗਾਇਕ ਪਿਆਰੇ ਮਿੱਤਰ ਸਾਬਰ ਕੋਟੀ ਹੋਰਾਂ ਦਾ ਦਫ਼ਤਰ ਜਲੰਧਰ ਛਾਉਣੀ ਦੇ ਵੱਡੇ ਬਾਜ਼ਾਰ ’ਚ ਹੀ ਸੀ। ਜਦ ਕਦੇ ਵੀ ਮਿਲਣਾ ਤਾਂ ਉਨ੍ਹਾਂ ਪਰਦੇਸੀ ਸਾਹਿਬ ਦੀ ਗ਼ਜ਼ਲ ਜ਼ਰੂਰ ਸੁਣਾਉਣੀ ਜਿਹੜੀ ਮੈਨੂੰ ਅੱਜ ਵੀ ਬਹੁਤ ਪਸੰਦ ਹੈ। ਮਤਲਾ ਤੇ ਇਕ ਸ਼ਿਅਰ ਜ਼ਰੂਰ ਸਾਂਝਾ ਕਰਾਂਗਾ :
ਕਿੰਨਾ ਹੁਸੀਨ ਮੌਸਮ, ਕਿੰਨਾ ਉਦਾਸ ਹਾਂ ਮੈਂ,
ਤੂੰ ਜ਼ਿੰਦਗੀ ਦੇ ਨੇੜੇ ਪਰ ਮੌਤ ਪਾਸ ਹਾਂ ਮੈਂ,
ਮੇਰਾ ਹੈ ਕੀ ਭਰੋਸਾ,
ਕਿਸ ਪਲ ਹੈ ਤਿੜਕ ਜਾਣਾ,
ਪੱਥਰ ਦੇ ਹੱਥ ਨੇ ਸਾਰੇ,
ਕੱਚ ਦਾ ਗਲਾਸ ਹਾਂ ਮੈਂ।
ਪਰਦੇਸੀ ਸਾਹਿਬ ਦੀ ਸ਼ਾਇਰੀ ਕਵੀਆਂ, ਗ਼ਜ਼ਲਕਾਰਾਂ ਦੇ ਨਾਲ-ਨਾਲ ਆਮ ਲੋਕਾਂ ’ਚ ਵੀ ਬਹੁਤ ਪਸੰਦ ਕੀਤੀ ਜਾਂਦੀ ਸੀ। ਉਨ੍ਹਾਂ ਦੇ ਲਿਖੇ ਕਈ ਗੀਤ ਨਾਮਵਰ ਪੰਜਾਬੀ ਗਾਇਕਾਂ ਨੇ ਗਾਏ। ਪੰਜਾਬੀ ਗ਼ਜ਼ਲ ਦੇ ਖੇਤਰ ਵਿਚ ਉਨ੍ਹਾਂ ਇਹ ਮੁਕਾਮ ਹਾਸਲ ਕਰਨ ਲਈ ਸਖ਼ਤ ਮਿਹਨਤ ਕੀਤੀ। ਗ਼ਜ਼ਲਕਾਰੀ ਕਰਦਿਆਂ ਉਨ੍ਹਾਂ ਨਵੀਆਂ-ਨਕੋਰ ਰਦੀਫ਼ਾਂ ਲਿਖੀਆਂ, ਕਈ ਤਰ੍ਹਾਂ ਦੇ ਬਿੰਬਾਂ-ਅਲੰਕਾਰਾਂ ਨਾਲ ਆਪਣੀ ਸ਼ਾਇਰੀ ਦਾ ਹਾਰ-ਸ਼ਿੰਗਾਰ ਕੀਤਾ। ਪਰਦੇਸੀ ਹੋਰਾਂ ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਬਣਾਇਆ। ਮੈਨੂੰ ਸ਼ੁਰੂ ਤੋਂ ਹੀ ਉਨ੍ਹਾਂ ਨੇ ਇਸ ਮੰਚ ਦਾ ਜ਼ਰੂਰੀ ਹਿੱਸਾ ਬਣਾਈ ਰੱਖਿਆ। ਇਸ ਮੰਚ ਰਾਹੀਂ ਨਵੀਆਂ ਕਲਮਾਂ ਨੂੰ ਅੱਗੇ ਲਿਆਉਣ ਲਈ ਉਹ ਯਤਨ ਕਰਦੇ ਸਨ। ਉੱਥੇ ਹੀ ਨਾਮਵਰ ਲੇਖਕਾਂ/ਸ਼ਾਇਰਾਂ ਨੂੰ ਵੀ ਸਮੇਂ-ਸਮੇਂ ’ਤੇ ਸਨਮਾਨਤ ਕਰਦੇ ਸਨ। ਇਹ ਸਿਲਸਿਲਾ ਪਰਦੇਸੀ ਸਾਹਿਬ ਦੇ ਜਾਣ ਤੋਂ ਬਾਅਦ ਵੀ ਅਸੀਂ ਇਸ ਮੰਚ ਰਾਹੀਂ ਜਾਰੀ ਰੱਖਿਆ ਹੈ।
ਰਾਜਿੰਦਰ ਪਰਦੇਸੀ ਨੇ ਜ਼ਿੰਦਗੀ ਭਰ ਸੰਘਰਸ਼ ਬਹੁਤ ਕੀਤਾ। ਜਿੱਥੇ ਉਹ ਪ੍ਰਪੱਕ ਕਲਮਕਾਰ ਸਨ, ਉੱਥੇ ਹੀ ਆਪਣੇ ਕੰਮ ਪ੍ਰਤੀ ਦਿ੍ਰੜ੍ਹ, ਨਿਰਣਾ ਲੈ ਕੇ ਅੱਗੇ ਵਧਣ ਵਾਲੇ ਇਨਸਾਨ ਸਨ। ਪੀਡਬਲਿਊਡੀ ’ਚ ਨੌਕਰੀ ਕਰਦਿਆਂ ਵੀ ਉਹ ਮੁਲਾਜ਼ਮਾਂ ਦੇ ਹੱਕਾਂ ਲਈ ਸੰਘਰਸ਼ ਕਰਦੇ ਰਹੇ। ਜੀਵਨ ਨੂੰ ਹੋਰ ਬਿਹਤਰ ਬਣਾਉਣ ਲਈ ਲਗਾਤਾਰ ਜੱਦੋ-ਜਹਿਦ ਕਰਦੇ ਰਹੇ ਤੇ ਅਕਸਰ ਘਾਟੇ ਖਾਂਦੇ ਰਹੇ। ਕਈ ਵਾਰ ਮੈਨੂੰ ਦੱਸਦੇ ਹੁੰਦੇ ਸਨ ਕਿ ਕਿਸੇ ਦੇ ਮਗਰ ਲੱਗ ਕੇ ਦੋ ਨਵੇਂ ਟਰੱਕ ਪਾ ਲਏ ਤੇ ਫਿਰ ਡਰਾਈਵਰਾਂ ਨੇ ਦਿਨੇ ਹੀ ਤਾਰੇ ਦਿਖਾ ਦਿੱਤੇ। ਵੱਡਾ ਘਾਟਾ ਖਾ ਕੇ ਟਰੱਕ ਵੇਚੇ ਤੇ ਜਾਨ ਛੁਡਾਈ। ਪਰਦੇਸੀ ਸਾਹਿਬ ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ (ਰਜਿ.) ਦੇ ਸੰਸਥਾਪਕ ਪ੍ਰਧਾਨ ਹੋਣ ਦੇ ਨਾਲ-ਨਾਲ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸਕੱਤਰ ਵੀ ਸਨ। ਬੇਹੱਦ ਮਿਹਨਤੀ ਤੇ ਪੰਜਾਬੀ ਸਾਹਿਤ ਨੂੰ ਸਮਰਪਤ ਸਨ। ਨਵੇਂ ਕਲਮਕਾਰਾਂ ਦੀ ਨਿਰਸਵਾਰਥ ਮਦਦ ਕਰਨ ਵਾਲੇ ਸਨ।
ਜੀਵਨ ਦੇ ਆਖ਼ਰੀ ਸਾਲ ਉਨ੍ਹਾਂ ਦੇ ਔਖੇ ਗੁਜ਼ਰੇ। ਜੋ ਕਦੇ ਸੋਚਿਆ ਵੀ ਨਹੀਂ ਸੀ, ਉਹ ਵੀ ਹੋ ਗਿਆ ਉਨ੍ਹਾਂ ਨਾਲ। ਕਹਿੰਦੇ ਹੁੰਦੇ ਹਨ ਕਿ ਜਦੋਂ ਕਿਸੇ ਦਾ ਸਮਾਂ ਮਾੜਾ ਹੋਵੇ ਤਾਂ ਊਠ ’ਤੇ ਚੜ੍ਹੇ ਨੂੰ ਵੀ ਕੁੱਤੇ ਵੱਢ ਲੈਂਦੇ ਹਨ। ਅਜਿਹਾ ਹੀ ਕੁਝ ਵਾਪਰਿਆ ਪਰਦੇਸੀ ਹੋਰਾਂ ਨਾਲ। ਬਿਨਾਂ ਕਿਸੇ ਦੋਸ਼ ਦੇ ਵੀ ਜੇਲ੍ਹ ਯਾਤਰਾ ਕਰਨੀ ਪਈ। ਉਨ੍ਹਾਂ ਦੇ ਜੇਲ੍ਹ ਜਾਣ ਬਾਰੇ ਉਨ੍ਹਾਂ ਦੇ ਬਹੁਤੇ ਨਜ਼ਦੀਕੀਆਂ ਨੂੰ ਵੀ ਨਹੀਂ ਪਤਾ ਸੀ ਪਰ ਮੇਰੇ ਨਾਲ ਇਸ ਕਦਰ ਨੇੜਤਾ ਸੀ ਕਿ ਉਹ ਮੇਰੇ ਨਾਲ ਉੱਥੋਂ ਵੀ ਹਰ ਤਰ੍ਹਾਂ ਦੀ ਗੱਲ ਕਰ ਲੈਂਦੇ ਸਨ। ਬੁਲੰਦ ਹੌਸਲੇ ਏਨੇ ਕਿ ਉੱਥੋਂ ਵੀ ਕਹਿਣਾ ਕਿ ਏਥੇ ਮੈਂ ਠੀਕ ਹਾਂ। ਫਿਰ ਘਰ ਪਰਤੇ ਤਾਂ ਪਹਿਲਾਂ ਨਾਲੋਂ ਵੀ ਵੱਧ ਜੋਸ਼ ਨਾਲ ਸਾਹਿਤਕ ਰੁਝੇਵਿਆਂ ਤੇ ਹੋਰ ਜ਼ਿੰਮੇਵਾਰੀਆਂ ’ਚ ਰੁੱਝ ਗਏ। ਕਿਸਾਨਾਂ-ਮਜ਼ਦੂਰਾਂ ਦੇ ਸੰਘਰਸ਼ ਦੌਰਾਨ ਵੀ ਪੂਰੇ ਉਤਸ਼ਾਹ ਨਾਲ ਹਿੱਸਾ ਲੈਣਾ। ਕਈ ਵਾਰ ਚਿੰਤਾ ’ਚ ਡੁੱਬੇ ਹੋਏ ਕਹਿਣਾ, ‘‘ਕੀ ਬਣੇਗਾ ਸਾਡੇ ਪੰਜਾਬ ਦਾ।’’ ਮੈਨੂੰ ਅਕਸਰ ਕਹਿੰਦੇ ਸਨ ਕਿ ਰਾਣੇ, ਤੂੰ ਐਨੀ ਵਧੀਆ ਗ਼ਜ਼ਲ ਲਿਖਦਾ ਏਂ, ਕਿਤਾਬ ਕਿਉਂ ਨਹੀਂ ਛਪਾਉਂਦਾ। ਮੈਂ ਵੀ ਹਮੇਸ਼ਾ ਕਹਿ ਦੇਣਾ, ‘‘ਜੀ ਬਸ, ਜਲਦੀ ਹੀ ਦੇਖਦੇ ਹਾਂ।’’ ਇਕ ਵਾਰ ਮੇਰੇ ਨਾਲ ਮੇਰੀ ਕਿਤਾਬ ਛਪਾਉਣ ਬਾਰੇ ਗੱਲ ਕਰਦਿਆਂ ਕਹਿੰਦੇ, ‘‘ਯਾਰ ਕੋਈ ਕਮੀ-ਪੇਸ਼ੀ ਹੈ ਤਾਂ ਦੱਸ, ਮੈਂ ਖੜ੍ਹਾਂ ਹਾਂ ਤੇਰੇ ਨਾਲ, ਕਿਸ ਗੱਲੋਂ ਘਾਬਰਦਾ ਏਂ।’’ ਅਸਲ ਵਿਚ ਉਨ੍ਹਾਂ ਦਾ ਇਸ਼ਾਰਾ ਸੀ ਕਿ ਜੇ ਕੋਈ ਪੈਸੇ-ਧੇਲੇ ਦੀ ਗੱਲ ਹੈ ਤਾਂ ਚਿੰਤਾ ਨਾ ਕਰ। ਫਿਰ ਮੇਰੇ ਪਹਿਲੇ ਗ਼ਜ਼ਲ ਸੰਗ੍ਰਹਿ ‘ਅੱਧਖਿੜੇ ਗੁਲਾਬ’ ਦੀ ਤਿਆਰੀ ਸ਼ੁਰੂ ਹੋ ਗਈ। ਫਿਰ ਤਾਂ ਰੋਜ਼ ਹੀ ਮੈਨੂੰ ਫੋਨ ’ਤੇ ਪੁੱਛਣਾ ਕਿਤਾਬ ਬਾਰੇ। ਮੈਨੂੰ ਕਹਿੰਦੇ ਕਿ ਤੇਰੇ ਗ਼ਜ਼ਲ ਸੰਗ੍ਰਹਿ ਦਾ ਮੁੱਖ ਬੰਧ ਮੈਂ ਹੀ ਲਿਖਣਾ ਹੈ ਤੇ ਮੈਂ ਵੀ ਏਹੋ ਚਾਹੁੰਦਾ ਸੀ ਪਰ ਸਮੇਂ ਨੂੰ ਇਹ ਮਨਜ਼ੂਰ ਨਾ ਹੋ ਸਕਿਆ।
ਗੱਲ ਫਰਵਰੀ 2021 ਦੀ ਹੈ। ਮੈਨੂੰ ਫੋਨ ਕਰ ਕੇ ਕਹਿੰਦੇ ਕਿ ਯਾਰ ਰਣਜੀਤ, ਰੇਡੀਓ ’ਤੇ ਰਿਕਾਰਡਿੰਗ ਕਰਨੀ ਹੈ ਆਪਾਂ, ਪੰਜ-ਸੱਤ ਵਧੀਆ ਕਵੀਆਂ ਨੂੰ ਕਹਿ ਦੇਵੀਂ। ਪਰ ਰਿਕਾਰਡਿੰਗ ਵਾਲੇ ਦਿਨਾਂ ’ਚ ਹੀ ਉਨ੍ਹਾਂ ਨੂੰ ਖੰਘ ਹੋਈ ਸੀ। ਜਦੋਂ ਹਸਪਤਾਲ ਜਾ ਕੇ ਦਿਖਾਇਆ ਤਾਂ ਕੋਰੋਨਾ ਨਿਕਲ ਆਇਆ। ਮੈਨੂੰ ਫਿਰ ਫੋਨ ਕਰ ਕੇ ਕਹਿੰਦੇ, ‘‘ਮੇਰੇ ਕੋਲੋਂ ਰਿਕਾਰਡਿੰਗ ’ਚ ਹਿੱਸਾ ਨਹੀਂ ਲੈ ਹੋਣਾ। ਤੂੰ ਆਪ ਹੀ ਦੇਖ ਲਵੀਂ।’’ ਕੋਰੋਨਾ ਵਰਗੀ ਨਾਮੁਰਾਦ ਬਿਮਾਰੀ ਉਨ੍ਹਾਂ ਨੂੰ ਸਦਾ ਲਈ ਸਾਥੋਂ ਖੋਹ ਕੇ ਲੈ ਗਈ ਤੇ ਉਹ ਹਸਪਤਾਲੋਂ ਜਿਊਂਦੇ ਘਰ ਨਹੀਂ ਆ ਸਕੇ। ਪਹਿਲੀ ਮਾਰਚ 2021 ਨੂੰ ਉਹ ਸਾਨੂੰ ਛੱਡ ਕੇ ਕਿਸੇ ਹੋਰ ਦੁਨੀਆ ਵਿਚ ਜਾ ਵਸੇ। ਉਨ੍ਹਾਂ ਦੇ ਸਸਕਾਰ ਵੇਲੇ ਪਰਿਵਾਰ ਤੇ ਚੰਦ ਕੁ ਰਿਸ਼ਤੇਦਾਰਾਂ ਤੋਂ ਇਲਾਵਾ ਮੈਂ, ਹਰਜਿੰਦਰ ਬੱਲ ਤੇ ਦੀਪਕ ਬਾਲੀ ਹੀ ਸ਼ਾਮਲ ਹੋਏ। ਮੈਂ ਕਈ ਵਾਰ ਇਹ ਸੋਚਦਾ ਹਾਂ ਕਿ ਜਿਸ ਇਨਸਾਨ ਦਾ ਦੁਨੀਆ ਭਰ ’ਚ ਨਾਮ ਸੀ, ਜਿਹਦੇ ਚਾਹੁਣ ਵਾਲਿਆਂ ਦਾ ਦਾਇਰਾ ਬੜਾ ਵੱਡਾ ਸੀ, ਉਸ ਦੇ ਅੰਤਿਮ ਵੇਲੇ ਗਿਣਤੀ ਦੇ ਹੀ ਲੋਕ...। ਖ਼ੈਰ! ਕੋਰੋਨਾ ਕਰਕੇ ਉਦੋਂ ਹਾਲਾਤ ਵੀ ਅਜਿਹੇ ਸਨ ਕਿ ਕਈ ਜਗ੍ਹਾ ਬੱਚਿਆਂ ਨੇ ਆਪਣੇ ਮਾਪਿਆਂ ਦੀਆਂ ਲਾਸ਼ਾਂ ਦਾ ਸਸਕਾਰ ਕਰਨ ਤੋਂ ਵੀ ਨਾਂਹ ਕਰ ਦਿੱਤੀ ਸੀ। ਜੇ ਸੱਚ ਦੱਸਾਂ ਤਾਂ ਮੈਨੂੰ ਕਈ ਮਹੀਨੇ ਯਕੀਨ ਹੀ ਨਹੀਂ ਹੋਇਆ ਪਰਦੇਸੀ ਹੋਰਾਂ ਦੇ ਸਦਾ ਲਈ ਚਲੇ ਜਾਣ ਦਾ। ਮੈਨੂੰ ਤਾਂ ਅਜੇ ਵੀ ਐਂ ਲੱਗਦਾ ਰਹਿੰਦਾ ਜਿਵੇਂ ਰਾਜਿੰਦਰ ਪਰਦੇਸੀ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਨੇੜੇ-ਤੇੜੇ ਹੀ ਹਨ, ਸਾਡੇ ਨਾਲ ਹੀ ਹਨ ਤੇ ਸਦਾ ਰਹਿਣਗੇ।
-ਮੋਬਾਈਲ : 98726-30635