ਕਿੰਗ ਚਾਰਲਸ ਦੇ ਸਨਮਾਨ 'ਚ ਟਰੰਪ ਦਾ ਵੱਡਾ ਫੈਸਲਾ: ਸਕਾਚ ਵ੍ਹਿਸਕੀ ਤੋਂ ਹਟਾਇਆ ਟੈਰਿਫ; ਰਿਸ਼ਤਿਆਂ 'ਚ ਵਧੀ ਮਿਠਾਸ
ਇਹ ਦੌਰਾ ਅਮਰੀਕਾ ਦੀ ਬਰਤਾਨੀਆ ਤੋਂ ਆਜ਼ਾਦੀ ਦੇ 250 ਸਾਲ ਪੂਰੇ ਹੋਣ ਦੇ ਮੌਕੇ ਨਾਲ ਜੁੜਿਆ ਸੀ। ਟਰੰਪ ਨੇ ਕਿਹਾ ਕਿ ਇਹ ਕਦਮ ਕਿੰਗ ਤੇ ਕਵੀਨ ਦੇ ਸਨਮਾਨ ’ਚ ਹੈ ਤੇ ਮੁਲਾਕਾਤ ਨੇ ਫ਼ੈਸਲੇ ਨੂੰ ਪ੍ਰਭਾਵਿਤ ਕੀਤਾ।
Publish Date: Sat, 02 May 2026 08:47 AM (IST)
Updated Date: Sat, 02 May 2026 08:51 AM (IST)
ਵਾਸ਼ਿੰਗਟਨ (ਏਜੰਸੀ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਰਤਾਨੀਆ ਦੀ ਸਕਾਚ ਵ੍ਹਿਸਕੀ ’ਤੇ ਲਾਇਆ ਟੈਰਿਫ ਹਟਾਉਣ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਕਿੰਗ ਚਾਰਲਸ ਤੀਜੇ ਤੇ ਕਵੀਨ ਕੈਮਿਲਾ ਦੇ ਚਾਰ ਦਿਨਾਂ ਦੇ ਅਮਰੀਕੀ ਦੌਰੇ ਦੀ ਸਮਾਪਤੀ ’ਤੇ ਲਿਆ ਗਿਆ। ਇਹ ਦੌਰਾ ਅਮਰੀਕਾ ਦੀ ਬਰਤਾਨੀਆ ਤੋਂ ਆਜ਼ਾਦੀ ਦੇ 250 ਸਾਲ ਪੂਰੇ ਹੋਣ ਦੇ ਮੌਕੇ ਨਾਲ ਜੁੜਿਆ ਸੀ। ਟਰੰਪ ਨੇ ਕਿਹਾ ਕਿ ਇਹ ਕਦਮ ਕਿੰਗ ਤੇ ਕਵੀਨ ਦੇ ਸਨਮਾਨ ’ਚ ਹੈ ਤੇ ਮੁਲਾਕਾਤ ਨੇ ਫ਼ੈਸਲੇ ਨੂੰ ਪ੍ਰਭਾਵਿਤ ਕੀਤਾ।
ਇਸ ਫ਼ੈਸਲੇ ਦੇ ਪਿੱਛੇ ਤਿੰਨ ਵੱਡੇ ਕਾਰਨ ਰਹੇ। ਪਹਿਲਾ, ਬਰਤਾਨੀਆ ਦੇ ਨਾਲ ਰਿਸ਼ਤਿਆਂ ’ਚ ਆਈ ਕੁੜੱਤਣ ਨੂੰ ਘੱਟ ਕਰਨਾ, ਦੂਜਾ, ਲੰਬੇ ਸਮੇਂ ਤੋਂ ਜਾਰੀ ਵਪਾਰਕ ਦਬਾਅ ਤੇ ਤੀਜਾ, 250 ਵਰ੍ਹੇਗੰਢ ਵਰਗਾ ਪ੍ਰਤੀਕਾਤਮਕ ਮੌਕਾ। ਸਕਾਚ ਵ੍ਹਿਸਕੀ ਇੰਡਸਟਰੀ ਲੰਬੇ ਸਮੇਂ ਤੋਂ 10 ਫ਼ੀਸਦੀ ਟੈਰਿਫ ਹਟਾਉਣ ਦੀ ਮੰਗ ਕਰ ਰਹ ਸੀ, ਕਿਉਂਕਿ ਅਮਰੀਕਾ ਉਸਦਾ ਸਭ ਤੋਂ ਵੱਡਾ ਬਾਜ਼ਾਰ ਹੈ। ਨਾਲ ਹੀ ਸਕਾਟਲੈਂਡ ਹਰ ਸਾਲ ਕੇਂਟਕੀ ਤੋਂ ਮਹਿੰਗੇ ਓਕ ਬੈਰਲ ਖ਼ਰੀਦਦਾ ਹੈ, ਜਿਸ ਨਾਲ ਦੋਵਾਂ ਦੇਸ਼ਾਂ ਦਾ ਵਪਾਰ ਡੂੰਘਾਈ ਨਾਲ ਜੁੜਿਆ ਹੈ। ਇਹ ਕਦਮ ਇਕ ਵੱਡੇ ਅਮਰੀਕੀ-ਬਰਤਾਨੀਆ ਆਰਥਿਕ ਸਮਝੌਤੇ ਦਾ ਹਿੱਸਾ ਵੀ ਮੰਨਿਆ ਜਾ ਰਿਹਾ ਹੈ, ਜਿਸ ਵਿਚ ਫਾਰਮਾ ਤੇ ਐਥਨਾਲ ਵਰਗੇ ਸੈਕਟਰ ਸ਼ਾਮਲ ਹਨ।
ਸਕਾਚ ਉਦਯੋਗ ਨੂੰ ਵੱਡੀ ਰਾਹਤ, ਕੰਪਨੀਆਂ ’ਚ ਉਛਾਲ
ਬਰਤਾਨੀਆ ਦੇ ਵਪਾਰ ਮੰਤਰੀ ਪੀਟਰ ਕਰਾਈਲ ਨੇ ਇਸਨੂੰ ਵੱਡੀ ਰਾਹਤ ਦੱਸਿਆ। ਕਰੀਬ ਇਕ ਅਰਬ ਪਾਊਂਡ ਦੀ ਬਰਾਮਦੇ ਹਜ਼ਾਰਾਂ ਨੌਕਰੀਆਂ ਨੂੰ ਇਸ ਨਾਲ ਮਜ਼ਬੂਤੀ ਮਿਲੇਗੀ। ਡਿਯਾਜੀਓ ਨੇ ਫ਼ੈਸਲੇ ਦਾ ਸਵਾਗਤ ਕੀਤਾ ਤੇ ਖ਼ਬਰ ਤੋਂ ਬਾਅਦ ਉਸਦੇ ਸ਼ੇਅਰਾਂ ’ਚ ਕਰੀਬ ਤਿੰਨ ਫ਼ੀਸਦੀ ਉਛਾਲ ਆਇਆ। ਕੁੱਲ ਮਿਲਾ ਕੇ ਰਾਇਲ ਵਿਜ਼ਿਟ, 250 ਸਾਲ ਦਾ ਇਤਿਹਾਸਕ ਮੌਕਾ ਤੇ ਵਪਾਰਕ ਹਿੱਤ ਇਨ੍ਹਾਂ ਤਿੰਨਾਂ ਨੇ ਮਿਲ ਕੇ ਅਮਰੀਕਾ ਨੂੰ ਟੈਰਿਫ ਹਟਾਉਣ ਲਈ ਪ੍ਰੇਰਿਤ ਕੀਤਾ, ਜਿਸ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ’ਚ ਨਵੀਂ ਮਿਠਾਸ ਦਿਖ ਰਹੀ ਹੈ।