ਟਰੰਪ ਲਿਆ ਰਹੇ ਨੇ ਆਪਣਾ ਸਿੱਕਾ! ਜੂਲੀਅਸ ਸੀਜ਼ਰ ਦੇ ਰੋਮ ਵਰਗਾ ਨਾ ਹੋ ਜਾਵੇ ਅਮਰੀਕਾ ਦਾ ਹਸ਼ਰ
ਹਾਲਾਂਕਿ, ਅਮਰੀਕਾ ਦਾ ਪੁਰਾਣਾ ਕਾਨੂੰਨ ਦੇਸ਼ ’ਚ ਕਿਸੇ ਜ਼ਿੰਦਾ ਵਿਅਕਤੀ ਦੀ ਤਸਵੀਰ ਨੂੰ ਸਿੱਕਿਆਂ, ਬਾਂਡ, ਸਕਿਓਰਿਟੀਜ਼, ਨੋਟਾਂ, ਅੰਸ਼ਕ ਜਾਂ ਡਾਕ ਮੁਦਰਾ ’ਤੇ ਛਾਪਣ ਤੋਂ ਰੋਕਦਾ ਹੈ। ਪਰ ਇਸ ਖਬਰ ਨਾਲ ਪੁਰਾਤਨ ਰੋਮਨ ਮੁਦਰਾ ਸ਼ਾਸਤਰ ਦੀ ਦੁਨੀਆ ’ਚ ਚਰਚਾ ਤੇਜ਼ ਹੋ ਗਈ ਹੈ।
Publish Date: Sun, 12 Oct 2025 09:41 AM (IST)
Updated Date: Sun, 12 Oct 2025 09:44 AM (IST)
ਨਿਊ ਸਾਊਥਵੇਲਜ਼, ਕਨਵਰਸੇਸ਼ਨ : ਅਮਰੀਕਾ ਦੀ ਆਜ਼ਾਦੀ ਦੇ 250 ਸਾਲ ਪੂਰੇ ਹੋਣ ਮੌਕੇ 2026 ’ਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਸਵੀਰ ਵਾਲਾ ਇਕ ਡਾਲਰ ਦਾ ਸਿੱਕਾ ਜਾਰੀ ਕੀਤੇ ਜਾਣ ਦਾ ਅਨੁਮਾਨ ਹੈ। ਇਸ ਸਿੱਕੇ ਦੇ ਇਕ ਪਾਸੇ ਟਰੰਪ ਆਪਣੀ ਮੁੱਠੀ ਚੁੱਕੀ ਦਿਖਾਈ ਦੇਣਗੇ ਤੇ ਉਸ ’ਤੇ ਲਿਖਿਆ ਹੈ- ਲੜੋ, ਲੜੋ, ਲੜੋ। ਹਾਲਾਂਕਿ, ਅਮਰੀਕਾ ਦਾ ਪੁਰਾਣਾ ਕਾਨੂੰਨ ਦੇਸ਼ ’ਚ ਕਿਸੇ ਜ਼ਿੰਦਾ ਵਿਅਕਤੀ ਦੀ ਤਸਵੀਰ ਨੂੰ ਸਿੱਕਿਆਂ, ਬਾਂਡ, ਸਕਿਓਰਿਟੀਜ਼, ਨੋਟਾਂ, ਅੰਸ਼ਕ ਜਾਂ ਡਾਕ ਮੁਦਰਾ ’ਤੇ ਛਾਪਣ ਤੋਂ ਰੋਕਦਾ ਹੈ। ਪਰ ਇਸ ਖਬਰ ਨਾਲ ਪੁਰਾਤਨ ਰੋਮਨ ਮੁਦਰਾ ਸ਼ਾਸਤਰ ਦੀ ਦੁਨੀਆ ’ਚ ਚਰਚਾ ਤੇਜ਼ ਹੋ ਗਈ ਹੈ।
ਇਤਿਹਾਸਕਾਰਾਂ ਮੁਤਾਬਕ, 2000 ਸਾਲ ਪਹਿਲਾਂ ਰੋਮ ਸਾਮਰਾਜ ’ਚ ਦੋ ਅਜਿਹੇ ਸ਼ਾਸਕ ਹੋਏ ਜਿਨ੍ਹਾਂ ਨੇ ਜਿਊਂਦੇ ਜੀ ਆਪਣੀ ਤਸਵੀਰ ਵਾਲੇ ਸਿੱਕੇ ਢਲਵਾਏ ਤੇ ਜਾਰੀ ਕੀਤੇ। ਇਨ੍ਹਾਂ ’ਚ ਇਕ ਸੀ ਲੁਸੀਅਸ ਕੋਰਨੇਲੀਅਸ ਸੁੱਲਾ ਫੇਲਿਕਸ, ਜਿਸ ਨੇ ਰੋਮ ’ਤੇ 82 ਈਸਾ ਪੂਰਬ ਤੱਕ ਰਾਜ ਕੀਤਾ। ਚਾਂਦੀ ਦੇ ਸਿੱਕੇ ’ਤੇ ਸੁੱਲਾ ਨੂੰ ਚਾਰ ਘੋੜਿਆਂ ਵਾਲੇ ਰੱਥ ’ਤੇ ਸਵਾਰ ਦਿਖਾਇਆ ਗਿਆ ਸੀ। ਸੁੱਲਾ ਨੇ ਰੋਮ ’ਚ ਲੰਬੇ ਸਮੇਂ ਤੋਂ ਕਾਇਮ ਗਣਤੰਤਰੀ ਵਿਵਸਥਾ ਨੂੰ ਤਾਨਾਸ਼ਾਹੀ ’ਚ ਬਦਲ ਦਿੱਤਾ ਸੀ। ਇਸ ਦੇ ਲਈ ਉਸ ਨੇ ਐਮਰਜੈਂਸੀ ਅਧਿਕਾਰਾਂ ਦੀ ਵਰਤੋਂ ਕੀਤੀ ਸੀ। ਇਸ ਤਹਿਤ ਨਿਯਮ ਮੁਤਾਬਕ ਸਿਰਫ਼ ਛੇ ਮਹੀਨੇ ਲਈ ਤਾਨਾਸ਼ਾਹੀ ਲਾਗੂ ਹੋ ਸਕਦੀ ਸੀ, ਪਰ ਉਸ ਨੇ ਇਸ ਨੂੰ ਕਾਇਮ ਰੱਖਿਆ ਸੀ।
44 ਈਸਾ ਪੂਰਵ ’ਚ ਇਤਿਹਾਸ ਦੇ ਸਭ ਤੋਂ ਚਰਚਿਤ ਰੋਮ ਸ਼ਾਸਕ ਜੂਲੀਅਸ ਸੀਜ਼ਰ ਨੇ ਵੀ ਆਪਣੀ ਤਸਵੀਰ ਵਾਲਾ ਸਿੱਕਾ ਜਾਰੀ ਕੀਤਾ ਸੀ। ਇਸ ’ਚ ਉਸ ਦਾ ਚਿਹਰਾ ਸਾਫ਼ ਦੇਖਿਆ ਜਾ ਸਕਦਾ ਸੀ। ਸਿੱਕਾ ਜਾਰੀ ਕਰਨ ਦੇ ਮਹੀਨੇ ਅੰਦਰ ਹੀ ਸੀਜ਼ਰ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਦੇ ਨਾਲ ਹੀ ਰੋਮ ਦੀ ਸ਼ਾਨ ਵੀ ਢਹਿਢੇਰੀ ਹੋ ਗਈ ਸੀ। ਦੋਵਾਂ ਸ਼ਾਸਕਾਂ ਨੇ ਰੋਮ ’ਤੇ ਪੂਰੀ ਤਾਨਾਸ਼ਾਹੀ ਨਾਲ ਸ਼ਾਸਨ ਕੀਤਾ ਸੀ। ਸੁੱਲਾ ਨੇ ਰੋਮ ’ਚ ਲੋਕਤੰਤਰ ਖ਼ਤਮ ਕਰਦਿਆਂ ਤਾਨਾਸ਼ਾਹੀ ਵਿਵਸਥਾ ਲਾਗੂ ਕੀਤੀ•। ਉੱਧਰ, ਸੀਜ਼ਰ ਦੇ ਸਿੱਕੇ ’ਤੇ ਵੀ ‘ਉਮਰ ਭਰ ਲਈ ਤਾਨਾਸ਼ਾਹ’ ਲਿਖਿਆ ਸੀ।