ਟਰੰਪ ਪ੍ਰਸ਼ਾਸਨ ਨੂੰ ਹੁਣ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਹੈ। ਇਨ੍ਹਾਂ ਲੋਕਾਂ ਨੂੰ ਵਾਪਸ ਕੰਮ ’ਤੇ ਬੁਲਾ ਲਿਆ ਗਿਆ ਹੈ। ਉਥੇ ਹੀ, ਸ਼ਟਡਾਊਨ ਵਿਰੋਧ ਦੂਰ ਕਰਨ ਲਈ ਸੰਸਦ ਮੈਂਬਰਾਂ ਦੇ ਮੰਗਲਵਾਰ ਤੋਂ ਪਹਿਲਾਂ ਪਰਤਣ ਦੀ ਸੰਭਾਵਨਾ ਨਹੀਂ ਹੈ।
ਵਾਸ਼ਿੰਗਟਨ : ਅਮਰੀਕਾ ’ਚ 11 ਦਿਨਾਂ ਤੋਂ ਜਾਰੀ ਸ਼ਟਡਾਊਨ ’ਚ ਟਰੰਪ ਪ੍ਰਸ਼ਾਸਨ ਤੇਜ਼ੀ ਨਾਲ ਸੰਘੀ ਮੁਲਾਜ਼ਮਾਂ ਦੀ ਛਾਂਟੀ ਦਾ ਪ੍ਰੋਗਰਾਮ ਚਲਾ ਰਿਹਾ ਹੈ। ਇਸ ਵਿਚ ਤਮਾਮ ਵਿਭਾਗਾਂ ਲਈ ਜ਼ਰੂਰੀ ਮੁਲਾਜ਼ਮਾਂ ’ਤੇ ਵੀ ਗਾਜ ਡਿੱਗ ਰਹੀ ਹੈ। ਅਜਿਹੇ ਹੀ ਇਕ ਵਿਭਾਗ ਸੈਂਟਰਜ਼ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ (ਸੀਡੀਸੀ) ਦੇ ਮਾਹਿਰਾਂ ਨੂੰ ਵੀ ਸ਼ੁੱਕਰਵਾਰ ਨੂੰ ਕਾਹਲੀ ’ਚ ਬਰਖ਼ਾਸਤ ਕਰ ਦਿੱਤਾ ਗਿਆ ਸੀ। ਟਰੰਪ ਪ੍ਰਸ਼ਾਸਨ ਨੂੰ ਹੁਣ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਹੈ। ਇਨ੍ਹਾਂ ਲੋਕਾਂ ਨੂੰ ਵਾਪਸ ਕੰਮ ’ਤੇ ਬੁਲਾ ਲਿਆ ਗਿਆ ਹੈ। ਉਥੇ ਹੀ, ਸ਼ਟਡਾਊਨ ਵਿਰੋਧ ਦੂਰ ਕਰਨ ਲਈ ਸੰਸਦ ਮੈਂਬਰਾਂ ਦੇ ਮੰਗਲਵਾਰ ਤੋਂ ਪਹਿਲਾਂ ਪਰਤਣ ਦੀ ਸੰਭਾਵਨਾ ਨਹੀਂ ਹੈ। ਹਾਊਸ ਸਪੀਕਰ ਮਾਈਕ ਜਾਨਸਨ ਨੇ ਕਿਹਾ ਹੈ ਕਿ ਜਦੋਂ ਤੱਕ ਦੋਵੇਂ ਪੱਖ ਸਟਾਪਗੈਪ ਬਿੱਲ ਨੂੰ ਪਾਸ ਕਰਨ ’ਤੇ ਤਿਆਰ ਨਹੀਂ ਹੋ ਜਾਂਦੇ, ਉਦੋਂ ਤੱਕ ਉਹ ਸੰਸਦ ਨੂੰ ਬੰਦ ਹੀ ਰੱਖਣਾ ਚਾਹੁੰਦੇ ਹਨ।
ਮੀਜਲਸ ਰਿਸਪਾਂਸ ਦੀ ਇੰਸੀਡੈਂਟ ਕਮਾਂਡਰ ਅਥਾਲੀਆ ਕ੍ਰਿਸਟੀ ਕੋਲ ਇਬੋਲਾ, ਮਾਰਬਰਗ ਤੇ ਐਮਪਾਕਸ ਵਰਗੀਆਂ ਗੰਭੀਰ ਬਿਮਾਰੀਆਂ ਨਾਲ ਨਜਿੱਠਣ ਦਾ 30 ਸਾਲ ਤਜਰਬਾ ਹੈ। ਅਕਸਰ ਅਜਿਹੀਆਂ ਬਿਮਾਰੀਆਂ ਫੈਲਣ ’ਤੇ ਵ੍ਹਾਈਟ ਹਾਊਸ ਵੱਲੋਂ ਉਸ ਨਾਲ ਸੰਪਰਕ ਕੀਤਾ ਜਾਂਦਾ ਸੀ। ਟਰੰਪ ਪ੍ਰਸ਼ਾਸਨ ਨੇ ਉਸ ਨੂੰ ਵੀ ਕੱਢ ਬਾਹਰ ਕੀਤਾ ਸੀ। ਹੁਣ ਉਸ ਨੂੰ ਵਾਪਸ ਲਿਆਂਦਾ ਗਿਆ ਹੈ। ਇਸੇ ਤਰ੍ਹਾਂ ਇਕ ਹੋਰ ਸੀਨੀਅਰ ਇਨਫੈਕਸ਼ਨ ਰੋਗ ਮਾਹਿਰ ਮੌਰੀਨ ਬਾਰਟੀ ਦੀ ਵੀ ਬਰਖ਼ਾਸਤਗੀ ਖ਼ਤਮ ਕੀਤੀ ਗਈ ਹੈ। ਉਹ ਗ੍ਰਹਿ ਵਿਭਾਗ ਲਈ ਕੰਮ ਕਰਦੀ ਸੀ। ਇਹ ਦੋਵੇਂ ਸੀਡੀਸੀ ਦੇ ਗਲੋਬਲ ਹੈਲਥ ਸੈਂਟਰ ’ਚ ਕੰਮ ਕਰਦੀਆਂ ਸਨ, ਜਿਸ ਨੂੰ ਖ਼ਤਮ ਕਰ ਦਿੱਤਾ ਗਿਆ ਸੀ।
--
ਫ਼ੌਜੀਆਂ ਲਈ ਟਰੰਪ ਨੇ ਜਾਰੀ ਕੀਤੇ ਅੱਠ ਅਰਬ ਡਾਲਰ
ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਨ੍ਹਾਂ ਉਸ ਫੰਡ ਦੀ ਪਛਾਣ ਕਰ ਲਈ ਹੈ, ਜਿਸ ਰਾਹੀਂ ਫ਼ੌਜੀਆਂ ਨੂੰ ਸ਼ਟਡਾਊਨ ਮਿਆਦ ਦੌਰਾਨ ਤਨਖ਼ਾਹ ਦਾ ਭੁਗਤਾਨ ਕੀਤਾ ਜਾਵੇਗਾ। ਦੱਸ ਦੇਈਏ ਕਿ ਕਾਂਗਰਸ ਨੇ ਫ਼ੌਜੀਆਂ ਲਈ ਵਾਧੂ ਪੈਸੇ ਦੀ ਮਨਜ਼ੂਰੀ ਨਹੀਂ ਦਿੱਤੀ ਹੈ। ਪੈਂਟਾਗਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਵਿੱਤੀ ਸਾਲ ਦੌਰਾਨ ਖੋਜ, ਜਾਂਚ ਤੇ ਮੁਲਾਂਕਣ ਕੰਮਾਂ ਲਈ ਤੈਅ ਅੱਠ ਅਰਬ ਡਾਲਰ ਦੀ ਰਕਮ ਖ਼ਰਚ ਨਹੀਂ ਹੋਈ ਸੀ, ਜਿਸ ਨੂੰ ਫ਼ੌਜੀਆਂ ਲਈ ਤੈਅ ਕਰ ਦਿੱਤਾ ਗਿਆ ਹੈ। ਟਰੰਪ ਨੇ ਆਪਣੀ ਯੋਜਨਾ ਦੇ ਸਬੰਧ ’ਚ ਦੱਸਦੇ ਹੋਏ ਟਰੁੱਥ ਸੋਸ਼ਲ ’ਤੇ ਲਿਖਿਆ ਕਿ ਮੈਂ ਆਪਣੀ ਫ਼ੌਜ ਤੇ ਦੇਸ਼ ਦੇ ਰਾਖਿਆਂ ਨੂੰ ਡੈਮੋਕ੍ਰੇਟ ਪਾਰਟੀ ਦਾ ਬੰਧਕ ਨਹੀਂ ਬਣਨ ਦਿਆਂਗਾ, ਜਿਨ੍ਹਾਂ ਕਾਰਨ ਦੇਸ਼ ’ਚ ਖ਼ਤਰਨਾਕ ਸਰਕਾਰੀ ਸ਼ਟਡਾਊਨ ਚੱਲ ਰਿਹਾ ਹੈ।