ਅਮਰੀਕੀ ਆਰਥਿਕ ਮਾਮਲਿਆਂ ਦੇ ਉਪ ਵਿਦੇਸ਼ ਮੰਤਰੀ ਜੈਕਬ ਹੈਲਬਰਗ ਨੇ ਐਲਾਨ ਕੀਤਾ ਕਿ ਉਹ ਫਰਵਰੀ ’ਚ ਹੋਣ ਵਾਲੇ ਭਾਰਤ ਏਆਈ ਇੰਪੈਕਟ ਸਿਖਰ ਸੰਮੇਲਨ ’ਚ ਹਿੱਸਾ ਲੈਣਗੇ। ਵਾਸ਼ਿੰਗਟਨ, ਨਵੀਂ ਦਿੱਲੀ ਨਾਲ ਆਰਥਿਕ ਸੁਰੱਖਿਆ ਮਾਮਲਿਆਂ ’ਤੇ ਸਹਿਯੋਗ ਨੂੰ ਹੋਰ ਡੂੰਘਾ ਕਰਨਾ ਚਾਹੁੰਦਾ ਹੈ।

ਵਾਸ਼ਿੰਗਟਨ, ਏਐੱਨਆਈ : ਅਮਰੀਕਾ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਤੇ ਸੈਮੀਕੰਡਕਟਰ ਲਈ ਵਿਸ਼ਵ ਸਪਲਾਈ ਲੜੀ ਨੂੰ ਸੁਰੱਖਿਅਤ ਕਰਨ ਦੀਆਂ ਕੋਸ਼ਿਸ਼ਾਂ ’ਚ ਭਾਰਤ ਨੂੰ ਮਹੱਤਵਪੂਰਣ ਸੰਭਾਵਿਤ ਭਾਈਵਾਲ ਮੰਨਦਾ ਹੈ। ਇਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਇਹ ਗੱਲ ਕਹੀ ਹੈ। ਨਾਲ ਹੀ ਉਨ੍ਹਾਂ ਨੇ ਉਨ੍ਹਾਂ ਗੱਲਾਂ ਨੂੰ ਖਾਰਜ ਕਰ ਦਿੱਤਾ ਹੈ ਕਿ ਸਿਆਸੀ ਤਣਾਅ ਦੇ ਕਾਰਨ ਭਾਰਤ ਨੇ ਹਾਲੀਆ ਵਾਸ਼ਿੰਗਟਨ ’ਚ ਹੋਏ ਸਿਖਰ ਸੰਮੇਲਨ ’ਚ ਹਿੱਸਾ ਨਹੀਂ ਲਿਆ।
ਅਮਰੀਕੀ ਆਰਥਿਕ ਮਾਮਲਿਆਂ ਦੇ ਉਪ ਵਿਦੇਸ਼ ਮੰਤਰੀ ਜੈਕਬ ਹੈਲਬਰਗ ਨੇ ਐਲਾਨ ਕੀਤਾ ਕਿ ਉਹ ਫਰਵਰੀ ’ਚ ਹੋਣ ਵਾਲੇ ਭਾਰਤ ਏਆਈ ਇੰਪੈਕਟ ਸਿਖਰ ਸੰਮੇਲਨ ’ਚ ਹਿੱਸਾ ਲੈਣਗੇ। ਵਾਸ਼ਿੰਗਟਨ, ਨਵੀਂ ਦਿੱਲੀ ਨਾਲ ਆਰਥਿਕ ਸੁਰੱਖਿਆ ਮਾਮਲਿਆਂ ’ਤੇ ਸਹਿਯੋਗ ਨੂੰ ਹੋਰ ਡੂੰਘਾ ਕਰਨਾ ਚਾਹੁੰਦਾ ਹੈ। ਵਾਸ਼ਿੰਗਟਨ ’ਚ ਬੁੱਧਵਾਰ ਨੂੰ ਹੋਏ ਪੈਕਸ ਸਿਲਿਕਾ ਸਿਖਰ ਸੰਮੇਲਨ ’ਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਹੈਲਬਰਗ ਨੇ ਇਸ ਸੰਮੇਲਨ ’ਚ ਭਾਰਤ ਦੀ ਗੈਰਹਾਜ਼ਰੀ ਨਾਲ ਸਬੰਧਤ ਸਵਾਲਾਂ ਦੇ ਜਵਾਬ ਦਿੱਤੇ। ਇਸ ਸੰਮੇਲਨ ’ਚ ਤਕਨੀਕੀ ਰੂਪ ਨਾਲ ਉੱਨਤ ਅਰਥਚਾਰਿਆਂ ਨੇ ਏਆਈ ਢਾਂਚੇ ਤੇ ਸੈਮੀਕੰਡਕਰ ਸਪਲਾਈ ਲੜੀਆਂ ’ਤੇ ਰਣਨੀਤੀ ਤਾਲਮੇਲ ਸਥਾਪਤ ਕਰਨ ਲਈ ਹਿੱਸਾ ਲਿਆ ਸੀ।
ਹੈਲਬਰਗ ਨੇ ਕਿਹਾ ਕਿ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਵਪਾਰ ਸਮਝੌਤਿਆਂ ਨਾਲ ਸਬੰਧਤ ਅਮਰੀਕਾ ਤੇ ਭਾਰਤ ਵਿਚਾਲੇ ਗੱਲਬਾਤ ਸਪਲਾਈ ਲੜੀ ਸੁਰੱਖਿਆ ’ਤੇ ਸਾਡੀਆਂ ਚਰਚਾਵਾਂ ਤੋਂ ਪੂਰੀ ਤਰ੍ਹਾਂ ਨਾਲ ਅਲੱਗ ਤੇ ਸਮਾਂਤਰ ਹੈ। ਅਸੀਂ ਇਨ੍ਹੰ ਦੋਵਾਂ ਨੂੰ ਇਕ ਨਹੀਂ ਮੰਨ ਰਹੇ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕੂਟਨੀਤਕ ਮਤਭੇਦਾਂ ਦੇ ਕਾਰਨ ਭਾਰਤ ਨੂੰ ਸਿਖਰ ਸੰਮੇਲਨ ਤੋਂ ਬਾਹਰ ਨਹੀਂ ਰੱਖਿਆ ਗਿਆ, ਬਲਕਿ ਇਸ ਸਮੇਂ ਉਹ ਬਹੁਪੱਖੀ ਢਾਂਚੇ ਦੀ ਬਜਾਏ ਦੁਵੱਲੀਆਂ ਚਰਚਾਵਾਂ ਰਾਹੀਂ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸਪਲਾਈ ਲੜੀ ਸੁਰੱਖਿਆ ਨਾਲ ਸਬੰਧਤ ਕੋਸ਼ਿਸ਼ਾਂ ’ਚ ਭਾਰਤ ਨੂੰ ਅਤਿਅੰਤ ਰਣਨੀਤਕ ਸੰਭਾਵਿਤ ਭਾਈਵਾਲੀ ਮੰਨਦੇ ਹਨ ਤੇ ਉਨ੍ਹਾਂ ਨਾਲ ਜੁੜਨ ਦੇ ਮੌਕੇ ਦਾ ਸਵਾਗਤ ਕਰਦੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਦੋਵੇਂ ਦੇਸ਼ਾਂ ਦੇ ਅਧਿਕਾਰੀ ਹਰ ਰੋਜ਼ ਸੰਪਰਕ ’ਚ ਹਨ। ਪੈਕਸ ਸਿਲਿਕਾ ਦਾ ਟੀਚਾ ਟੈਕਨਾਲੋਜੀ ਸਪਲਾਈ ਲੜੀ ’ਚ ਚੀਨ ’ਤੇ ਨਿਰਭਰਤਾ ਨੂੰ ਘੱਟ ਕਰਨਾ ਹੈ, ਨਾਲ ਹੀ ਇਲੈਕਟ੍ਰਿਕ ਵਾਹਨ ਬੈਟਰੀ ਤੋਂ ਲੈ ਕੇ ਰੱਖਿਆ ਇਲੈਕਟ੍ਰਾਨਿਕਸ ਤੱਕ ਦੇ ਖੇਤਰਾਂ ’ਚ ਲਚੀਲਾਪਨ ਵਧਾਉਣਾ ਹੈ।