ਈਰਾਨ ਵਿੱਚ ਹੋ ਰਹੇ ਪ੍ਰਦਰਸ਼ਨਾਂ ਵਿੱਚ ਅਮਰੀਕਾ ਦੀ ਦਖ਼ਲਅੰਦਾਜ਼ੀ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਜ਼ੁਬਾਨੀ ਜੰਗ ਹੁਣ ਬੇਹੱਦ ਖ਼ਤਰਨਾਕ ਮੋੜ 'ਤੇ ਪਹੁੰਚ ਗਈ ਹੈ। ਟਰੰਪ ਦੀ ਧਮਕੀ ਦਾ ਈਰਾਨ 'ਤੇ ਕੋਈ ਅਸਰ ਨਹੀਂ ਹੋ ਰਿਹਾ, ਸਗੋਂ ਉਲਟਾ ਈਰਾਨ ਨੇ ਹੁਣ ਟਰੰਪ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ ਹੈ।

ਧਮਕੀ ਵਾਲਾ ਪੋਸਟਰ
ਈਰਾਨ ਦੇ ਸਰਕਾਰੀ ਟੈਲੀਵਿਜ਼ਨ 'ਤੇ ਪ੍ਰਸਾਰਿਤ ਫੁਟੇਜ ਵਿੱਚ, ਪ੍ਰਦਰਸ਼ਨਾਂ ਦੌਰਾਨ ਮਾਰੇ ਗਏ ਈਰਾਨੀ ਸੁਰੱਖਿਆ ਕਰਮਚਾਰੀਆਂ ਲਈ ਆਯੋਜਿਤ ਇੱਕ ਸਮਾਗਮ ਦਿਖਾਇਆ ਗਿਆ ਹੈ। ਇਸ ਦੌਰਾਨ ਇੱਕ ਨੌਜਵਾਨ ਈਰਾਨ ਨੂੰ ਧਮਕੀ ਦੇਣ ਵਾਲੇ ਟਰੰਪ ਦਾ ਪੋਸਟਰ ਫੜੀ ਦਿਖਾਈ ਦੇ ਰਿਹਾ ਹੈ। ਇਹ ਪੋਸਟਰ 2024 ਵਿੱਚ ਪੈਂਸਿਲਵੇਨੀਆ ਦੇ ਬਟਲਰ ਵਿੱਚ ਇੱਕ ਚੋਣ ਰੈਲੀ ਦੌਰਾਨ ਟਰੰਪ 'ਤੇ ਹੋਏ ਕਾਤਲਾਨਾ ਹਮਲੇ ਦਾ ਜ਼ਿਕਰ ਕਰ ਰਿਹਾ ਹੈ। ਉਸ ਹਮਲੇ ਵਿੱਚ ਟਰੰਪ ਵਾਲ-ਵਾਲ ਬਚ ਗਏ ਸਨ, ਇਸ ਲਈ ਪੋਸਟਰ ਵਿੱਚ ਇਹ ਇਸ਼ਾਰਾ ਕੀਤਾ ਗਿਆ ਹੈ ਕਿ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਨਿਸ਼ਾਨਾ ਨਹੀਂ ਚੁੱਕੇਗਾ।
ਜ਼ਿਕਰਯੋਗ ਹੈ ਕਿ ਜਿਸ ਫੁਟੇਜ ਨੂੰ ਈਰਾਨ ਦੇ ਸਰਕਾਰੀ ਟੈਲੀਵਿਜ਼ਨ 'ਤੇ ਪ੍ਰਸਾਰਿਤ ਕੀਤਾ ਗਿਆ ਹੈ, ਉਸ ਵਿੱਚ ਪੈਂਸਿਲਵੇਨੀਆ ਦੇ ਬਟਲਰ ਦੀ ਚੋਣ ਰੈਲੀ ਦਾ ਹਵਾਲਾ ਦਿੱਤਾ ਗਿਆ ਹੈ, ਜਿੱਥੇ ਥੌਮਸ ਕਰੂਕਸ ਨਾਮਕ ਬੰਦੂਕਧਾਰੀ ਨੇ ਟਰੰਪ 'ਤੇ ਗੋਲੀ ਚਲਾਈ ਸੀ। ਖ਼ੁਸ਼ਕਿਸਮਤੀ ਰਹੀ ਕਿ ਨਿਸ਼ਾਨਾ ਚੁੱਕ ਗਿਆ ਅਤੇ ਗੋਲੀ ਟਰੰਪ ਦੇ ਕੰਨ ਨੂੰ ਛੂਹ ਕੇ ਨਿਕਲ ਗਈ ਸੀ।
ਦੱਸ ਦੇਈਏ ਕਿ ਤੇਹਰਾਨ ਵਿੱਚ ਹਾਲ ਹੀ ਦੇ ਪ੍ਰਦਰਸ਼ਨਾਂ ਦੌਰਾਨ ਮਾਰੇ ਗਏ ਸੁਰੱਖਿਆ ਬਲਾਂ ਦੇ 100 ਤੋਂ ਵੱਧ ਮੈਂਬਰਾਂ ਅਤੇ ਹੋਰ ਲੋਕਾਂ, ਜਿਨ੍ਹਾਂ ਨੂੰ ਅਧਿਕਾਰੀਆਂ ਵੱਲੋਂ "ਸ਼ਹੀਦ" ਐਲਾਨਿਆ ਗਿਆ ਸੀ, ਦੇ ਸਸਕਾਰ ਸਮਾਗਮ ਦੌਰਾਨ ਇਸ ਵੀਡੀਓ ਨੂੰ ਇਸਲਾਮਿਕ ਰਿਪਬਲਿਕ ਆਫ ਈਰਾਨ ਨਿਊਜ਼ ਨੈੱਟਵਰਕ (IRINN) 'ਤੇ ਪ੍ਰਸਾਰਿਤ ਕੀਤਾ ਗਿਆ ਸੀ। ਸਮਾਗਮ ਵਿੱਚ ਹਾਜ਼ਰ ਲੋਕਾਂ ਨੇ 'ਅਮਰੀਕਾ ਮੁਰਦਾਬਾਦ!' ਲਿਖੇ ਬੈਨਰ ਫੜੇ ਹੋਏ ਸਨ, ਜਦੋਂ ਕਿ ਹੋਰ ਲੋਕ ਸਰਵਉੱਚ ਨੇਤਾ ਅਯਾਤੁੱਲਾ ਅਲੀ ਖ਼ਾਮੇਨੇਈ ਦੀਆਂ ਤਸਵੀਰਾਂ ਲਈ ਹੋਏ ਸਨ।
ਟਰੰਪ ਨੂੰ ਜਾਨੋਂ ਮਾਰਨ ਦੀ ਖਾਧੀ ਸਹੁੰ
ਈਰਾਨ ਦਾ ਨਾਂ ਪਹਿਲਾਂ ਵੀ ਵਿਦੇਸ਼ਾਂ ਵਿੱਚ ਕਤਲ ਦੀਆਂ ਸਾਜ਼ਿਸ਼ਾਂ ਨਾਲ ਜੁੜਿਆ ਰਿਹਾ ਹੈ। ਜਨਵਰੀ 2020 ਵਿੱਚ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰ ਦੀ ਕੁਦਸ ਫੋਰਸ ਦੇ ਮੁਖੀ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਦਾ ਹੁਕਮ ਦੇਣ ਤੋਂ ਬਾਅਦ, ਈਰਾਨ ਨੇ ਟਰੰਪ ਨੂੰ ਜਾਨੋਂ ਮਾਰਨ ਦੀ ਵਾਰ-ਵਾਰ ਸਹੁੰ ਖਾਧੀ ਹੈ।
ਅਮਰੀਕੀ ਨਿਆਂ ਵਿਭਾਗ ਦੇ ਅਨੁਸਾਰ, 2024 ਵਿੱਚ ਫਰਹਾਦ ਸ਼ਾਕੇਰੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਟਰੰਪ ਦੀ ਹੱਤਿਆ ਦੀ ਈਰਾਨ-ਨਿਰਦੇਸ਼ਿਤ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਸੀ। ਅਦਾਲਤੀ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਹੈ ਕਿ ਸ਼ਾਕੇਰੀ ਨੂੰ ਈਰਾਨ ਦੇ ਰਿਵੋਲਿਊਸ਼ਨਰੀ ਗਾਰਡ ਕੋਰ ਵੱਲੋਂ ਇਸ ਹੱਤਿਆ ਨੂੰ ਅੰਜਾਮ ਦੇਣ ਦਾ ਕੰਮ ਸੌਂਪਿਆ ਗਿਆ ਸੀ।