ਰਿਕਾਰਡਿੰਗ ਦੇ ਸਮੇਂ ਇਨ੍ਹਾਂ ਵਿੱਚ ਇੱਕ ਛੋਟੀ ਲਾਈਟ ਜਲਦੀ ਹੈ, ਪਰ ਇਸਦੀ ਦੁਰਵਰਤੋਂ ਦੀਆਂ ਚਿੰਤਾਵਾਂ ਲਗਾਤਾਰ ਵੱਧ ਰਹੀਆਂ ਹਨ। ਬ੍ਰਿਟੇਨ ਦੇ ਇਨਫਰਮੇਸ਼ਨ ਕਮਿਸ਼ਨਰ ਦਫ਼ਤਰ ਅਤੇ ਕੇਨੀਆ ਦੇ ਡੇਟਾ ਪ੍ਰੋਟੈਕਸ਼ਨ ਕਮਿਸ਼ਨਰ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ: ਟੈੱਕ ਦਿੱਗਜ ਮੈਟਾ (Meta) ਨੇ ਕੇਨੀਆ 'ਚ ਕੰਮ ਕਰਨ ਵਾਲੀ ਆਪਣੀ ਆਊਟਸੋਰਸਿੰਗ ਪਾਰਟਨਰ ਕੰਪਨੀ 'ਸਮਾ' (Sama) ਨਾਲ ਕੰਟਰੈਕਟ ਤੋੜ ਦਿੱਤਾ ਹੈ। AI ਨੂੰ ਟ੍ਰੇਨਡ ਕਰਨ ਵਾਲੀ ਇਸ ਕੰਪਨੀ ਦਾ ਕੰਟਰੈਕਟ ਰੱਦ ਕਰਨ ਤੋਂ ਬਾਅਦ ਫੇਸਬੁੱਕ ਦੀ ਪੇਰੈਂਟ ਕੰਪਨੀ ਮੈਟਾ ਵਿਵਾਦਾਂ 'ਚ ਘਿਰ ਗਈ ਹੈ।
ਇਸ ਵੱਡੇ ਫੈਸਲੇ ਕਾਰਨ ਕਰੀਬ 1,108 ਮੁਲਾਜ਼ਮਾਂ ਦੀ ਨੌਕਰੀ ਜਾਣ ਦਾ ਖਤਰਾ ਮੰਡਰਾ ਰਿਹਾ ਹੈ। ਇਹ ਪੂਰਾ ਵਿਵਾਦ ਉਦੋਂ ਸਾਹਮਣੇ ਆਇਆ ਜਦੋਂ 'ਸਮਾ' ਦੇ ਕੁਝ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਮ ਦੇ ਦੌਰਾਨ ਮੈਟਾ ਦੇ ਸਮਾਰਟ ਗਲਾਸਾਂ (Smart Glasses) ਨਾਲ ਰਿਕਾਰਡ ਕੀਤੇ ਗਏ ਯੂਜ਼ਰਜ਼ ਦੇ ਬੇਹੱਦ ਨਿੱਜੀ ਅਤੇ ਇਤਰਾਜ਼ਯੋਗ ਵੀਡੀਓ ਦੇਖਣ ਲਈ ਮਜਬੂਰ ਕੀਤਾ ਗਿਆ ਸੀ।
ਇਸ ਵਿਵਾਦ ਦੀ ਸ਼ੁਰੂਆਤ ਇਸ ਸਾਲ ਫਰਵਰੀ 'ਚ ਹੋਈ ਜਦੋਂ ਸਵੀਡਨ ਦੇ ਦੋ ਪ੍ਰਮੁੱਖ ਅਖ਼ਬਾਰਾਂ ਨੇ ਇਕ ਇਨਵੈਸਟੀਗੇਟਿਵ ਰਿਪੋਰਟ ਛਾਪੀ। ਇਸ ਰਿਪੋਰਟ 'ਚ 'ਸਮਾ' ਦੇ ਡੇਟਾ ਐਨੋਟੇਟਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਉਨ੍ਹਾਂ ਨੂੰ ਯੂਜ਼ਰਜ਼ ਦੀ ਨਿੱਜਤਾ (Privacy) ਦਾ ਘਾਣ ਕਰਨ ਵਾਲੇ ਵੀਡੀਓ ਦੇਖਣੇ ਪੈਂਦੇ ਸਨ।
ਮੁਲਾਜ਼ਮਾਂ ਦਾ ਕੰਮ ਮੈਟਾ ਦੇ AI ਨੂੰ ਬਿਹਤਰ ਬਣਾਉਣ ਲਈ ਤਸਵੀਰਾਂ ਤੇ ਵੀਡੀਓਜ਼ ਨੂੰ ਮੈਨੂਅਲੀ ਲੇਬਲ ਕਰਨਾ ਸੀ। ਪਰ ਇਸ ਪ੍ਰਕਿਰਿਆ 'ਚ ਉਨ੍ਹਾਂ ਨੇ ਲੋਕਾਂ ਨੂੰ ਟਾਇਲਟ ਦੀ ਵਰਤੋਂ ਕਰਦੇ ਹੋਏ, ਸਰੀਰਕ ਸਬੰਧ ਬਣਾਉਂਦੇ ਹੋਏ ਅਤੇ ਇੱਥੋਂ ਤਕ ਕਿ ਬੈੱਡਰੂਮ 'ਚ ਕੱਪੜੇ ਬਦਲਦੇ ਹੋਏ ਦੇਖਿਆ। ਇਕ ਮੁਲਾਜ਼ਮ ਨੇ ਦੱਸਿਆ ਕਿ ਕੈਮਰੇ ਵਿੱਚ ਲਿਵਿੰਗ ਰੂਮ ਤੋਂ ਲੈ ਕੇ ਨੰਗੇ ਸਰੀਰ ਤਕ ਸਭ ਕੁਝ ਰਿਕਾਰਡ ਹੋ ਰਿਹਾ ਸੀ।
ਮੈਟਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਕੰਟਰੈਕਟ ਇਸ ਲਈ ਰੱਦ ਕੀਤਾ ਕਿਉਂਕਿ 'ਸਮਾ' ਉਨ੍ਹਾਂ ਦੇ ਤੈਅ ਮਾਪਦੰਡਾਂ 'ਤੇ ਖ਼ਰੀ ਨਹੀਂ ਉਤਰ ਸਕੀ। ਮੈਟਾ ਨੇ ਕਿਹਾ ਕਿ AI ਪ੍ਰੋਡਕਟ ਦੇ ਪ੍ਰਦਰਸ਼ਨ ਨੂੰ ਸੁਧਾਰਨ ਲਈ ਇਨਸਾਨਾਂ ਵੱਲੋਂ ਕੰਟੈਂਟ ਦੀ ਸਮੀਖਿਆ ਕੀਤੀ ਜਾਂਦੀ ਹੈ ਤੇ ਇਸ ਦੇ ਲਈ ਯੂਜ਼ਰਜ਼ ਤੋਂ ਸਪੱਸ਼ਟ ਤੌਰ 'ਤੇ ਸਹਿਮਤੀ ਲਈ ਜਾਂਦੀ ਹੈ।
ਅਮਰੀਕਾ ਸਥਿਤ ਆਊਟਸੋਰਸਿੰਗ ਕੰਪਨੀ 'ਸਮਾ' ਨੇ ਮੈਟਾ ਦੇ ਦਾਅਵਿਆਂ ਨੂੰ ਮੁੱਢ ਤੋਂ ਖਾਰਜ ਕੀਤਾ ਹੈ। 'ਸਮਾ' ਦਾ ਕਹਿਣਾ ਹੈ ਕਿ ਮੈਟਾ ਨੇ ਉਨ੍ਹਾਂ ਨੂੰ ਕਦੇ ਕਿਸੇ ਕਮੀ ਬਾਰੇ ਸੂਚਿਤ ਨਹੀਂ ਕੀਤਾ ਸੀ।
ਕੇਨੀਆ ਦੇ ਟ੍ਰੇਡ ਯੂਨੀਅਨਾਂ ਨੇ ਇਸ ਛਾਂਟੀ ਪਿੱਛੇ ਦੀ ਮਨਸ਼ਾ 'ਤੇ ਸਵਾਲ ਉਠਾਏ ਹਨ। 'ਅਫਰੀਕਾ ਟੈੱਕ ਵਰਕਰਜ਼ ਮੂਵਮੈਂਟ' ਦੇ ਨਫਤਾਲੀ ਵਾਮਬਾਲੋ ਦਾ ਦਾਅਵਾ ਹੈ ਕਿ ਮੈਟਾ ਨੇ ਕੰਟਰੈਕਟ ਇਸ ਲਈ ਰੱਦ ਕੀਤਾ ਕਿਉਂਕਿ ਉਹ ਇਸ ਗੱਲ ਨੂੰ ਛੁਪਾਉਣਾ ਚਾਹੁੰਦੀ ਸੀ ਕਿ ਸਮਾਰਟ ਗਲਾਸਾਂ ਦੀ ਰਿਕਾਰਡਿੰਗ ਤਕ ਇਨਸਾਨਾਂ ਦੀ ਵੀ ਪਹੁੰਚ ਹੈ।
ਮੈਟਾ ਨੇ ਸਤੰਬਰ 'ਚ ਰੇ-ਬੈਨ (Ray-Ban) ਅਤੇ ਓਕਲੇ (Oakley) ਦੇ ਨਾਲ ਮਿਲ ਕੇ ਇਹ AI ਅਧਾਰਤ ਸਮਾਰਟ ਗਲਾਸ ਲਾਂਚ ਕੀਤੇ ਸਨ। ਹਾਲਾਂਕਿ ਰਿਕਾਰਡਿੰਗ ਦੇ ਸਮੇਂ ਇਨ੍ਹਾਂ ਵਿਚ ਇਕ ਛੋਟੀ ਲਾਈਟ ਜਲਦੀ ਹੈ, ਪਰ ਇਸਦੀ ਦੁਰਵਰਤੋਂ ਦੀਆਂ ਚਿੰਤਾਵਾਂ ਲਗਾਤਾਰ ਵੱਧ ਰਹੀਆਂ ਹਨ। ਬ੍ਰਿਟੇਨ ਦੇ ਇਨਫਰਮੇਸ਼ਨ ਕਮਿਸ਼ਨਰ ਦਫ਼ਤਰ ਅਤੇ ਕੇਨੀਆ ਦੇ ਡੇਟਾ ਪ੍ਰੋਟੈਕਸ਼ਨ ਕਮਿਸ਼ਨਰ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।