ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਤੋਂ ਬਾਅਦ ਹੁਣ ਈਰਾਨ ਦੇ ਨਾਲ ਕਾਰੋਬਾਰ ਕਰਨ ਵਾਲੇ ਦੇਸ਼ਾਂ ’ਤੇ ਨਵਾਂ ਟੈਰਿਫ ਥੋਪ ਦਿੱਤਾ ਹੈ। ਟਰੰਪ ਨੇ ਕਿਹਾ ਹੈ ਕਿ ਜੋ ਵੀ ਦੇਸ਼ ਈਰਾਨ ਨਾਲ ਕਾਰੋਬਾਰ ਕਰੇਗਾ, ਉਸ ਨੂੰ ਅਮਰੀਕਾ ਦੇ ਨਾਲ ਕੀਤੇ ਜਾਣ ਵਾਲੇ ਸਾਰੇ ਵਪਾਰ ’ਤੇ 25 ਫ਼ੀਸਦੀ ਵੱਧ ਟੈਰਿਫ ਦੇਣਾ ਪਵੇਗਾ।
ਵਾਸ਼ਿੰਗਟਨ (ਰਾਇਟਰ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਤੋਂ ਬਾਅਦ ਹੁਣ ਈਰਾਨ ਦੇ ਨਾਲ ਕਾਰੋਬਾਰ ਕਰਨ ਵਾਲੇ ਦੇਸ਼ਾਂ ’ਤੇ ਨਵਾਂ ਟੈਰਿਫ ਥੋਪ ਦਿੱਤਾ ਹੈ। ਟਰੰਪ ਨੇ ਕਿਹਾ ਹੈ ਕਿ ਜੋ ਵੀ ਦੇਸ਼ ਈਰਾਨ ਨਾਲ ਕਾਰੋਬਾਰ ਕਰੇਗਾ, ਉਸ ਨੂੰ ਅਮਰੀਕਾ ਦੇ ਨਾਲ ਕੀਤੇ ਜਾਣ ਵਾਲੇ ਸਾਰੇ ਵਪਾਰ ’ਤੇ 25 ਫ਼ੀਸਦੀ ਵੱਧ ਟੈਰਿਫ ਦੇਣਾ ਪਵੇਗਾ। ਇਹ ਹੁਕਮ ਤਤਕਾਲ ਪ੍ਰਭਾਵ ਨਾਲ ਲਾਗੂ ਹੋਵੇਗਾ ਤੇ ਇਸ ’ਚ ਕਿਸੇ ਤਰ੍ਹਾਂ ਦੀ ਛੋਟ ਨਹੀਂ ਦਿੱਤੀ ਜਾਵੇਗੀ।
ਪਹਿਲਾਂ ਤੋਂ ਹੀ 50 ਫ਼ੀਸਦੀ ਟੈਰਿਫ ਸਹਿ ਰਹੇ ਭਾਰਤ ’ਤੇ ਟਰੰਪ ਦੇ ਇਸ ਤਾਜ਼ਾ ਫਰਮਾਨ ਨਾਲ ਵੱਡਾ ਅਸਰ ਪੈਣ ਦਾ ਸ਼ੱਕ ਹੈ। ਹਾਲਾਂਕਿ, ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਭਾਰਤ ’ਤੇ ਨਵੇਂ ਟੈਰਿਫ ਦਾ ਵੱਧ ਅਸਰ ਨਹੀਂ ਪਵੇਗਾ। ਇਹ ਐਲਾਨ ਅਜਿਹੇ ਸਮੇਂ ਆਇਆ ਹੈ ਜਦ ਈਰਾਨ ’ਚ ਪਿਛਲੇ ਸਾਲਾਂ ਦੀ ਸਭ ਤੋਂ ਵੱਡੀ ਸਰਕਾਰ-ਵਿਰੋਧੀ ਪ੍ਰਦਰਸ਼ਨ ਲਹਿਰ ਚੱਲ ਰਹੀ ਹੈ।
ਇਹੀ ਨਹੀਂ ਟਰੰਪ ਟੈਰਿਫ ਖ਼ਿਲਾਫ਼ ਅਮਰੀਕੀ ਸੁਪਰੀਮ ਕੋਰਟ ਬੁੱਧਵਾਰ ਨੂੰ ਸੁਣਵਾਈ ਕਰਨ ਵਾਲਾ ਹੈ, ਜਿਸ ਨੂੰ ਲੈ ਕੇ ਟਰੰਪ ਨੂੰ ਸ਼ੱਕ ਵੀ ਹੈ। ਉਨ੍ਹਾਂ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਜੇ ਸੁਪਰੀਮ ਕੋਰਟ ਨੇ ਉਨ੍ਹਾਂ ਦੇ ਫ਼ੈਸਲਿਆਂ ਨੂੰ ਪਲਟਿਆ ਤਾਂ ‘ਸਭ ਕੁਝ ‘ਖਿੰਡ-ਪੁੰਡ’ ਸਕਦਾ ਹੈ।
ਟਰੰਪ ਨੇ ਆਪਣੇ ਇੰਟਰਨੈੱਟ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ’ਤੇ ਲਿਖਿਆ, ‘ਤਤਕਾਲ ਪ੍ਰਭਾਵ ਨਾਲ, ਇਸਲਾਮਿਕ ਰਿਪਬਲਿਕ ਆਫ ਈਰਾਨ ਨਾਲ ਵਪਾਰ ਕਰਨ ਵਾਲਾ ਕੋਈ ਵੀ ਦੇਸ਼ ਅਮਰੀਕਾ ਦੇ ਨਾਲ ਹੋਣ ਵਾਲੇ ਹਰ ਕਾਰੋਬਾਰ ’ਤੇ 25 ਫ਼ੀਸਦੀ ਵੱਧ ਟੈਰਿਫ ਦੇਵੇਗਾ। ਇਹ ਹੁਕਮ ਆਖ਼ਰੀ ਤੇ ਫ਼ੈਸਲਾਕੁਨ ਹੈ।’
ਹਾਲਾਂਕਿ, ਵ੍ਹਾਈਟ ਹਾਊਸ ਦੀ ਵੈੱਬਸਾਈਟ ’ਤੇ ਇਸ ਨੀਤੀ ਨਾਲ ਜੁੜਿ਼ਆ ਕੋਈ ਅਧਿਕਾਰਕ ਦਸਤਾਵੇਜ਼ ਜਾਰੀ ਨਹੀਂ ਕੀਤਾ ਗਿਆ ਹੈ ਤੇ ਨਾ ਹੀ ਇਸ ਦੇ ਕਾਨੂੰਨੀ ਆਧਾਰ ਜਾਂ ਘੇਰੇ ’ਤੇ ਸਪੱਸ਼ਟਾ ਦਿੱਤੀ ਗਈ ਹੈ।
ਈਰਾਨ, ਓਪੇਕ ਦਾ ਮੈਂਬਰ ਹੋਣ ਦੇ ਬਾਵਜੂਦ, ਸਾਲਾਂ ਤੋਂ ਅਮਰੀਕੀ ਪਾਬੰਦੀਆਂ ਦੇ ਅਧੀਨ ਹੈ। ਉਸ ਦਾ ਜ਼ਿਆਦਾਤਰ ਤੇਲ ਚੀਨ ਨੂੰ ਜਾਂਦਾ ਹੈ, ਜਦਕਿ ਤੁਰਕੀਏ, ਇਰਾਕ, ਸੰਯੁਕਤ ਅਰਬ ਅਮੀਰਾਤ ਤੇ ਭਾਰਤ ਵੀ ਉਸ ਦੇ ਮੁੱਖ ਵਪਾਰਕ ਭਾਈਵਾਲਾਂ ’ਚ ਸ਼ਾਮਲ ਹਨ।
ਚੀਨ ਦੇ ਵਾਸ਼ਿੰਗਟਨ ਸਥਿਤ ਦੂਤਘਰ ਨੇ ਟਰੰਪ ਦੇ ਰੁਖ਼ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਉਹ ਆਪਣੇ ਹਿਤਾਂ ਦੀ ਰਾਖੀ ਲਈ ਹੁਣ ਜ਼ਰੂਰੀ ਕਦਮ ਉਠਾਏਗਾ ਤੇ ਇਕਤਰਫ਼ਾ ਪਾਬੰਦੀਆਂ ਦਾ ਵਿਰੋਧ ਕਰਦਾ ਹੈ। ਕਿਹਾ ਕਿ ਟੈਰਿਫ ਤੇ ਵਪਾਰਕ ਜੰਗਾਂ ’ਚ ਕੋਈ ਜੇਤੂ ਨਹੀਂ ਹੁੰਦਾ। ਰੂਸ ਦੇ ਮੁੱਖ ਅਰਥ ਸ਼ਾਸਤਰੀ ਡਾਕਟਰ ਬੋਰਿਸ ਕੋਪੀਕਿਨ ਨੇ ਕਿਹਾ ਹੈ ਕਿ ਨਵੇਂ ਅਮਰੀਕੀ ਟੈਰਿਫ ਨਾਲ ਰੂਸ ’ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਅਮਰੀਕਾ ਦੇ ਨਾਲ ਉਸ ਦਾ ਵਪਾਰ ਨਾਮਾਤਰ ਹੈ। ਜਾਪਾਨ ਤੇ ਦੱਖਣੀ ਕੋਰੀਆ ਨੇ ਕਿਹਾ ਹੈ ਕਿ ਉਹ ਹਾਲਾਤ ’ਤੇ ਤਿੱਖੀ ਨਜ਼ਰ ਰੱਖੇ ਹੋਏ ਹਨ ਤੇ ਅਮਰੀਕੀ ਕਦਮਾਂ ਦਾ ਵੇਰਵਾ ਸਪੱਸ਼ਟ ਹੋਣ ’ਤੇ ਵਾਜਬ ਪ੍ਰਤੀਕਿਰਿਆ ਦੇਣਗੇ।
ਭਾਰਤ ’ਤੇ ਵਧ ਜਾਵੇਗਾ ਦਬਾਅ
ਟਰੰਪ ਦੇ ਇਸ ਨਵੇਂ ਫਰਮਾਨ ਨਾਲ ਭਾਰਤ ’ਤੇ ਵੀ ਅਸਰ ਪੈਣ ਦਾ ਸ਼ੱਕ ਹੈ। ਭਾਰਤ ਪਹਿਲਾਂ ਤੋਂ ਹੀ ਅਮਰੀਕਾ ਨੂੰ ਆਪਣੀ ਬਰਾਮਦ ’ਤੇ 50 ਫ਼ੀਸਦੀ ਟੈਰਿਫ ਦੇ ਰਿਹਾ ਹੈ। ਇਸ ’ਚੋਂ 25 ਫ਼ੀਸਦੀ ਰੈਸਿਪ੍ਰੋਕਲ ਟੈਰਿਫ ਹੈ। ਬਾਕੀ 25 ਫ਼ੀਸਦੀ ਟੈਰਿਫ ਭਾਰਤ ਵੱਲੋਂ ਰੂਸ ਤੋਂ ਕੱਚਾ ਤੇਲ ਖ਼ਰੀਦਣ ਕਾਰਨ ਲਾਈ ਗਈ ਇਕ ਸਜ਼ਾ ਹੈ। ਟਰੰਪ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਜੋ ਦੇਸ਼ ਰੂਸ ਨਾਲ ਵਪਾਰ ਜਾਰੀ ਰੱਖਣਗੇ, ਉਨ੍ਹਾਂ ’ਤੇ 500 ਫ਼ੀਸਦੀ ਤੱਕ ਟੈਰਿਫ ਲਾਇਆ ਜਾ ਸਕਦਾ ਹੈ। ਟਰੰਪ ਵੱਲੋਂ ਵਧਾਇਆ ਗਿਆ 25 ਫ਼ੀਸਦੀ ਟੈਰਿਫ ਇਨ੍ਹਾਂ ਸਭ ਤੋਂ ਵੱਖ ਹੈ, ਜਿਸ ਤੋਂ ਬਾਅਦ ਭਾਰਤ ’ਤੇ ਕੁੱਲ ਟੈਰਿਫ 75 ਫ਼ੀਸਦੀ ਤੱਕ ਹੋ ਸਕਦਾ ਹੈ। ਹਾਲਾਂਕਿ, ਸਰਬਉੱਚ ਬਰਾਦਮਕਾਰ ਬਾਡੀ ਐੱਫਆਈਈਓ (ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜ਼ੇਸ਼ਨ) ਨੇ ਕਿਹਾ ਕਿ ਟਰੰਪ ਦੇ ਨਵੇਂ ਟੈਰਿਫ ਐਲਾਨ ਨਾਲ ਈਰਾਨ ਦੇ ਨਾਲ ਕਾਰੋਬਾਰ ਕਰ ਰਹੇ ਦੇਸ਼ਾਂ ’ਤੇ ਕੋਈ ਅਸਰ ਨਹੀਂ ਪਵੇਗਾ।
ਭਾਰਤ-ਈਰਾਨ ਵਪਾਰ 1.68 ਅਰਬ ਡਾਲਰ ਦਾ
ਭਾਰਤ ਨੇ ਵਿੱਤੀ ਸਾਲ 2024-25 ’ਚ ਈਰਾਨ ਨੂੰ 1.24 ਅਰਬ ਡਾਲਰ ਦਾ ਸਾਮਾਨ ਬਰਾਮਦ ਕੀਤਾ, ਜਦਕਿ 0.44 ਅਰਬ ਡਾਲਰ ਦਾ ਸਾਮਾਨ ਈਰਾਨ ਤੋਂ ਦਰਾਮਦ ਕੀਤਾ। ਏਐੱਨਆਈ ਮੁਤਾਬਕ, ਇਸ ਤਰ੍ਹਾਂ ਦੋਵਾਂ ਦੇਸ਼ਾਂ ਵਿਚਾਲੇ 1.68 ਅਰਬ ਡਾਲਰ ਦਾ ਕੁੱਲ ਦੁਵੱਲਾ ਕਾਰੋਬਾਰ ਹੋ ਰਿਹਾ ਹੈ। ਤਿਹਰਾਨ ਸਥਿਤ ਭਾਰਤੀ ਦੂਤਘਰ ਦੀ ਵੈੱਬਸਾਈਟ ਮੁਤਾਬਕ ਭਾਰਤ ਤੋਂ ਈਰਾਨ ਨੂੰ ਚਾਵਲ, ਚਾਹ, ਚੀਨੀ, ਦਵਾਈਆਂ, ਮਨੁੱਖ ਵੱਲੋਂ ਬਣਾਏ ਸਟੇਪਲ ਫਾਈਬਰ, ਬਿਜਲੀ ਦੀ ਮਸ਼ੀਨਰੀ, ਆਰਟੀਫੀਸ਼ੀਅਲ ਜਵੈਲਰੀ ਆਦਿ ਦਾ ਬਰਾਮਦ ਹੁੰਦਾ ਹੈ। ਉਥੇ ਈਰਾਨ ਤੋਂ ਭਾਰਤ ਨੂੰ ਡਰਾਈ ਫਰੂਟ, ਆਰਗੈਨਿਕ ਤੇ ਇਨਆਰਗੈਨਿਕ ਕੈਮੀਕਲ ਗਲਾਸ ਦਾ ਸਾਮਾਨ ਆਦਿ ਦਰਾਮਦ ਹੁੰਦਾ ਹੈ।
ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਟਰੰਪ ਦੀ ਚਿਤਾਵਨੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੁਪਰੀਮ ਕੋਰਟ ’ਚ ਉਨ੍ਹਾਂ ਦੇ ਵੱਡੇ ਟੈਰਿਫ ਅਧਿਕਾਰਾਂ ਨੂੰ ਚੁਣੌਤੀ ਦਿੱਤੇ ਜਾਣ ਵਿਚਾਲੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਏਪੀ ਦੀ ਰਿਪੋਰਟ ਮੁਤਾਬਕ, ਟਰੰਪ ਨੇ ਚਿਤਾਵਨੀ ਦਿੱਤੀ ਕਿ ਜੇ ਅਦਾਲਤ ਇਹ ਫ਼ੈਸਲਾ ਦਿੰਦੀ ਹੈ ਕਿ ਉਨ੍ਹਾਂ ਨੂੰ ਇਕਤਰਫ਼ਾ ਤੌਰ ’ਤੇ ਟੈਰਿਫ ਲਾਉਣ ਦਾ ਹੱਕ ਨਹੀਂ ਹੈ, ਤਾਂ ਅਮਰੀਕਾ ਲਈ ਸਥਿਤੀ ‘ਪੂਰੀ ਤਰ੍ਹਾਂ ਵਿਵਸਥਾ ਰਹਿਤ’ ਹੋ ਜਾਵੇਗੀ।
ਇੰਟਰਨੈੱਟ ਮੀਡੀਆ ’ਤੇ ਪੋਸਟ ਕਰਦੇ ਹੋਏ ਟਰੰਪ ਨੇ ਕਿਹਾ ਕਿ ਜੇ ਟੈਰਿਫ ਰੱਦ ਹੁੰਦੇ ਹਨ ਤਾਂ ਸਰਕਾਰ ਵੱਲੋਂ ਵਸੂਲੀ ਗਈ ਭਾਰੀ ਰਕਮ ਮੋੜਨਾ ‘ਲਗਪਗ ਨਾਮੁਮਕਿਨ’ ਹੋਵੇਗਾ। ਉਨ੍ਹਾਂ ਨੇ ਲਿਖਿਆ, ‘ਜੇ ਅਜਿਹਾ ਹੋਇਆ ਤਾਂ ਅਸੀਂ ਤਬਾਹ ਹੋ ਜਾਵਾਂਗੇ।’ ਟਰੰਪ ਮੁਤਾਬਕ, ਇਹ ਰਕਮ ਇੰਨੀ ਵੱਡੀ ਹੋਵੇਗੀ ਕਿ ਇਹ ਤੈਅ ਕਰਨ ’ਚ ਕਈ ਸਾਲ ਲੱਗ ਜਾਣਗੇ ਕਿ ਕਿੰਨਾ ਪੈਸਾ ਮੋੜਨਾ ਹੈ, ਕਿਸ ਨੂੰ ਤੇ ਕਦ ਦੇਣਾ ਹੈ।