ਬੰਗਲਾਦੇਸ਼ ’ਚ ਇਕ ਹੋਰ ਹਿੰਦੂ ਨੌਜਵਾਨ ਦੀ ਭੀੜ ਨੇ ਲਈ ਜਾਨ, ਬਚਣ ਲਈ ਡੂੰਘੀ ਨਹਿਰ ’ਚ ਮਿਥੁਨ ਨੇ ਮਾਰੀ ਸੀ ਛਾਲ
ਨੌਗਾਂਵ ਜ਼ਿਲ੍ਹੇ ਦੇ ਐੱਸਪੀ ਮੁਹੰਮਦ ਤਾਰਿਕੁਲ ਇਸਲਾਮ ਨੇ ਦੱਸਿਆ ਕਿ ਉਪ ਜ਼ਿਲ੍ਹੇ ਮਹਾਦੇਵਪੁਰ ’ਚ ਮੰਗਲਵਾਰ ਦੁਪਹਿਰ ਚੋਰੀ ਦਾ ਦੋਸ਼ ਲਾ ਕੇ ਭੀੜ ਨੇ 25 ਸਾਲਾ ਮਿਥੁਨ ਸਰਕਾਰ ਨਾਮੀ ਹਿੰਦੂ ਨੌਜਵਾਨ ਦਾ ਪਿੱਛਾ ਕੀਤਾ। ਬਚਣ ਲਈ ਉਸ ਨੇ ਡੂੰਘੀ ਨਹਿਰ ’ਚ ਛਾਲ ਮਾਰ ਦਿੱਤੀ।
Publish Date: Wed, 07 Jan 2026 08:50 PM (IST)
Updated Date: Wed, 07 Jan 2026 08:53 PM (IST)
ਢਾਕਾ (ਏਐੱਨਆਈ) : ਬੰਗਲਾਦੇਸ਼ ’ਚ ਭੀੜ ਨੇ ਇਕ ਹੋਰ ਹਿੰਦੂ ਨੌਜਵਾਨ ਦੀ ਜਾਨ ਲੈ ਲਈ ਹੈ। ਨੌਗਾਂਵ ਜ਼ਿਲ੍ਹੇ ’ਚ ਮਿਥੁਨ ਸਰਕਾਰ ਨਾਮੀ ਇਸ ਨੌਜਵਾਨ ਦਾ ਭੀੜ ਪਿੱਛਾ ਕਰ ਰਹੀ ਸੀ। ਇਸ ਦੌਰਾਨ ਭੀੜ ਤੋਂ ਬਚਣ ਲਈ ਉਸ ਨੇ ਇਕ ਨਹਿਰ ’ਚ ਛਾਲ ਮਾਰ ਦਿੱਤੀ ਤੇ ਡੁੱਬ ਕੇ ਉਸ ਦੀ ਮੌਤ ਹੋ ਗਈ। ਪਿਛਲੇ 19 ਦਿਨਾਂ ’ਚ ਹਿੰਦੂਆਂ ’ਤੇ ਹਮਲੇ ਦੀ ਇਹ ਸੱਤਵੀਂ ਤੇ ਇਸ ਹਫ਼ਤੇ ਤੀਜੀ ਘਟਨਾ ਹੈ। ਇਹ ਘਟਨਾਵਾਂ ਪੂਰੇ ਬੰਗਲਾਦੇਸ਼ ’ਚ ਹਿੰਦੂ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਹਿੰਸਾ ’ਚ ਖ਼ਤਰਨਾਕ ਵਾਧੇ ਨੂੰ ਦਿਖਾਉਂਦੀਆਂ ਹਨ।
ਨੌਗਾਂਵ ਜ਼ਿਲ੍ਹੇ ਦੇ ਐੱਸਪੀ ਮੁਹੰਮਦ ਤਾਰਿਕੁਲ ਇਸਲਾਮ ਨੇ ਦੱਸਿਆ ਕਿ ਉਪ ਜ਼ਿਲ੍ਹੇ ਮਹਾਦੇਵਪੁਰ ’ਚ ਮੰਗਲਵਾਰ ਦੁਪਹਿਰ ਚੋਰੀ ਦਾ ਦੋਸ਼ ਲਾ ਕੇ ਭੀੜ ਨੇ 25 ਸਾਲਾ ਮਿਥੁਨ ਸਰਕਾਰ ਨਾਮੀ ਹਿੰਦੂ ਨੌਜਵਾਨ ਦਾ ਪਿੱਛਾ ਕੀਤਾ। ਬਚਣ ਲਈ ਉਸ ਨੇ ਡੂੰਘੀ ਨਹਿਰ ’ਚ ਛਾਲ ਮਾਰ ਦਿੱਤੀ। ਸੂਚਨਾ ਮਿਲਦੇ ਹੀ ਮਹਾਦੇਵਪੁਰ ਪੁਲਿਸ ਸਟੇਸ਼ਨ, ਫਾਇਰ ਸਰਵਿਸ ਤੇ ਸਿਵਿਲ ਡਿਫੈਂਸ ਦੀ ਇਕ ਟੀਮ ਤੁਰੰਤ ਮੌਕੇ ’ਤੇ ਪੁੱਜੀ ਤੇ ਬਚਾਅ ਮੁਹਿੰਮ ਸ਼ੁਰੂ ਕੀਤੀ। ਫਾਇਰ ਸਰਵਿਸ ਦੀ ਗੋਤਾਖੋਰ ਟੀਮ ਨੇ ਮਿਥੁਨ ਨੂੰ ਕਈ ਘੰਟੇ ਬਾਅਦ ਪਾਣੀ ’ਚੋਂ ਬਾਹਰ ਕੱਢਿਆ, ਪਰ ਤਦ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜਿਵੇਂ-ਜਿਵੇਂ ਬੰਗਲਾਦੇਸ਼ ’ਚ 13ਵੀਂ ਰਾਸ਼ਟਰੀ ਸੰਸਦੀ ਚੋਣ ਦੀ ਤਰੀਕ ਨੇੜੇ ਆ ਰਹੀ ਹੈ, ਫ਼ਿਰਕੂ ਹਿੰਸਾ ਖ਼ਤਰਨਾਕ ਦਰ ਨਾਲ ਵਧ ਰਹੀ ਹੈ। ਇਕੱਲੇ ਦਸੰਬਰ ’ਚ ਫ਼ਿਰਕੂ ਹਿੰਸਾ ਦੀਆਂ ਘੱਟੋ-ਘੱਟ 51 ਘਟਨਾਵਾਂ ਸਾਹਮਣੇ ਆਈਆਂ ਹਨ। ਬੰਗਲਾਦੇਸ਼ ਹਿੰਦੂ ਬੌਧ ਈਸਾਈ ਏਕਤਾ ਪ੍ਰੀਸ਼ਦ ਨੇ ਇਕ ਬਿਆਨ ’ਚ ਦੱਸਿਆ ਕਿ ਇਨ੍ਹਾਂ ’ਚ ਹੱਤਿਆ ਦੇ 10, ਚੋਰੀ ਤੇ ਡਕੈਤੀ ਦੇ 10 ਮਾਮਲੇ, ਘਰਾਂ, ਵਪਾਰਕ ਅਦਾਰਿਆਂ, ਮੰਦਰਾਂ ਤੇ ਜ਼ਮੀਨ ’ਤੇ ਕਬਜ਼ੇ, ਲੁੱਟਮਾਰ ਤੇ ਅੱਗਜ਼ਨੀ ਦੀਆਂ 23 ਘਟਨਾਵਾਂ, ਈਸ਼ ਨਿੰਦਾ ਤੇ ਰਾਅ ਦਾ ਏਜੰਟ ਹੋਣ ਦੇ ਝੂਠੇ ਦੋਸ਼ਾਂ ’ਚ ਗ੍ਰਿਫ਼ਤਾਰੀ ਤੇ ਜ਼ੁਲਮ ਦੇ ਚਾਰ ਮਾਮਲੇ, ਇਕ ਜਬਰ ਜਨਾਹ ਦੀ ਕੋਸ਼ਿਸ਼ ਤੇ ਸਰੀਰਕ ਹਮਲੇ ਦੀਆਂ ਤਿੰਨ ਘਟਨਾਵਾਂ ਸ਼ਾਮਲ ਹਨ। ਹਿੰਸਾ ਦਾ ਇਹ ਸਿਲਸਿਲਾ ਇਸ ਸਾਲ ਜਨਵਰੀ ਦੇ ਪਹਿਲੇ ਹਫ਼ਤੇ ’ਚ ਵੀ ਜਾਰੀ ਹੈ।