ਸ਼ਾਇਰ ਰੂਪ ਦਬੁਰਜੀ ਦੀ ਇੰਗਲੈਂਡ ਫੇਰੀ ’ਤੇ ਕਵੀ ਦਰਬਾਰ ਅਯੋਜਿਤ
ਗੀਤਕਾਰ ਚੰਨ ਜੰਡਿਆਲਵੀ ਨੇ ਰਿਸ਼ਤਿਆਂ ਨਾਲ ਸਬੰਧਿਤ ਕੁਝ ਗੀਤ ਸੁਣਾ ਕੇ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ ਅਤੇ ਉਹਨਾਂ ਨੇ ਆਪਣੇ ਪ੍ਰਧਾਨਗੀ ਭਾਸ਼ਨ 'ਚ ਸਭਾ ਨੂੰ ਸਫ਼ਲ ਕਵੀ ਦਰਬਾਰ ਦੀ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿਚ ਅਜਿਹੇ ਸਮਾਗਮ ਰਚਾਉਣ ਲਈ ਸਾਥ ਦੇਣ ਵਾਅਦਾ ਵੀ ਕੀਤਾ l
Publish Date: Sun, 24 Aug 2025 11:00 AM (IST)
Updated Date: Sun, 24 Aug 2025 11:04 AM (IST)

ਵੈਬ ਡੈਸਕ, ਜਲੰਧਰ : ਲਿਖਾਰੀ ਸਭਾ, ਬਰਮਿੰਘਮ (ਯੂ ਕੇ) ਵਲੋਂ ਸ਼ਾਇਰ ਰੂਪ ਦਬੁਰਜੀ ਦੀ ਇੰਗਲੈਂਡ ਫੇਰੀ ਕਰਕੇ ਕਵੀ ਦਰਬਾਰ, ਲੋਕ ਕਵੀ ਤਾਰਾ ਸਿੰਘ ਤਾਰਾ ਦੇ ਗ੍ਰਹਿ ਵਿਖ਼ੇ ਕਰਵਾਇਆ ਗਿਆ l ਤਾਰਾ ਸਿੰਘ ਤਾਰਾ ਨੇ ਆਏ ਹੋਏ ਸਰੋਤਿਆਂ ਅਤੇ ਕਵੀਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ "ਜੀ ਆਇਆਂ ਨੂੰ" ਸੰਬੋਧਨ ਕਰਦਿਆਂ ਕਿਹਾ, ਭਵਿੱਖ ਵਿਚ ਪੰਜਾਬੀ ਸਾਹਿਤ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਅਜਿਹੇ ਸਮਾਗਮ ਕਰਦੇ ਰਹਾਂਗੇ l ਇਸ ਕਵੀ ਦਰਬਾਰ ਦੀ ਪ੍ਰਧਾਗੀ ਮਸ਼ਹੂਰ ਗੀਤਕਾਰ ਚੰਨ ਜੰਡਿਆਲਵੀ ਨੇ ਕੀਤੀ ਅਤੇ ਰਾਮ ਚਾਹਲ ਨੇ ਮੰਚ ਸੰਚਾਲਿਕ ਦੇ ਫਰਜ਼ ਨਿਭਾਉਂਦੀਆ ਭਾਵਪੂਰਤ ਅੰਦਾਜ਼ ਵਿਚ ਕਵੀ ਦਰਬਾਰ ਦੀ ਸ਼ੁਰੂਆਤ ਵਿਚ ਸ਼ਾਇਰ ਰੂਪ ਦਬੁਰਜੀ ਨੂੰ ਸ਼ਾਇਰੀ ਸੁਣਾਉਣ ਦਾ ਸੱਦਾ ਦਿੱਤਾ l ਸ਼ਾਇਰ ਰੂਪ ਦਬੁਰਜੀ ਨੇ ਸੱਭਿਆਚਾਰਕ ਗੀਤ ਫੁੱਲਕਾਰੀ ਤਰੁਨਮ ਵਿਚ ਗਾ ਕੇ ਸੁਣਾਇਆ ਅਤੇ ਉਪਰੰਤ ਅੱਧੀ ਦਰਜ਼ਨ ਗ਼ਜ਼ਲਾਂ ਸੁਣਾ ਕੇ ਖੂਬਸੂਰਤ ਸਾਹਿਤਕ ਮਾਹੌਲ ਸਿਰਜਿਆ ਅਤੇ ਖੂਬ ਦਾਦ ਖੱਟੀ l
ਚੰਨ ਜੰਡਿਆਲਵੀ ਵਲੋਂ ਆਪਣਾ ਕਾਵਿ ਸੰਗ੍ਰਹਿ "ਮਿੱਤਰਾਂ ਦਾ ਰੱਬ ਰਾਖਾ" ਸ਼ਾਇਰ ਰੂਪ ਦਬੁਰਜੀ ਅਤੇ ਰਾਮ ਚਾਹਲ ਨੂੰ ਭੇਟ ਕੀਤਾ l ਇਨਕਲਾਬੀ ਸ਼ਾਇਰ ਤਾਰਾ ਸਿੰਘ ਤਾਰਾ ਨੇ ਇਨਕਲਾਬੀ ਗੀਤ ਸੁਣਾ ਕੇ ਮਾਹੌਲ ਨੂੰ ਹੋਰ ਇਨਕਲਾਬੀ ਰੰਗ ਚਾੜਿਆ l ਮਹਿੰਦਰ ਦਿਲਬਰ ਨੇ ਤਰੁੱਮਨ ਗੀਤ ਪੜ੍ਹ ਕੇ ਚੰਗਾ ਰੰਗ ਬੰਨਿਆਂ l ਕਹਾਣੀਕਾਰ ਜਸਵਿੰਦਰ ਨੇ ਗੀਤ ਅਤੇ ਗ਼ਜ਼ਲ, ਭੁਚੰਗੀ ਗਰੁੱਪ ਦੇ ਗਾਇਕ ਦਲਬੀਰ ਨੇ ਸ਼ਿਵ ਕੁਮਾਰ ਬਟਾਲਵੀ ਦੀਆਂ ਚਰਚਿਤ ਰਚਨਾਵਾਂ,ਗਾਇਕ ਸਾਗਰ ਨੇ ਲੋਕ ਤੱਥ, ਨਛੱਤਰ ਭੋਗਲ ਨੇ ਵੰਡ ਨਾਲ ਸਬੰਧਤ ਗੀਤ, ਧਰਮ ਚੰਦ ਮਹੇ ਨੇ ਗੀਤ-ਗ਼ਜ਼ਲ ਅਤੇ ਰਾਮ ਚਾਹਲ ਨੇ ਨਜ਼ਮ ਅਤੇ ਚੋਣਵੀਂ ਸ਼ਾਇਰੀ ਪੜ੍ਹ ਕੇ ਨਜ਼ਾਰਾ ਬੰਨ ਦਿੱਤਾ l
ਆਖਿਰ 'ਚ ਮਸ਼ਹੂਰ ਗੀਤਕਾਰ ਚੰਨ ਜੰਡਿਆਲਵੀ ਨੇ ਰਿਸ਼ਤਿਆਂ ਨਾਲ ਸਬੰਧਿਤ ਕੁਝ ਗੀਤ ਸੁਣਾ ਕੇ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ ਅਤੇ ਉਹਨਾਂ ਨੇ ਆਪਣੇ ਪ੍ਰਧਾਨਗੀ ਭਾਸ਼ਨ 'ਚ ਸਭਾ ਨੂੰ ਸਫ਼ਲ ਕਵੀ ਦਰਬਾਰ ਦੀ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿਚ ਅਜਿਹੇ ਸਮਾਗਮ ਰਚਾਉਣ ਲਈ ਸਾਥ ਦੇਣ ਵਾਅਦਾ ਵੀ ਕੀਤਾ l