ਮੈਟਰੋ ਪੁਲਿਸ ਦੀ ਡਿਟੈਕਟਿਵ ਚੀਫ਼ ਇੰਸਪੈਕਟਰ ਜੈਨੀ ਰੋਨਨ ਨੇ ਕਿਹਾ ਕਿ ਅਬਦੁਲ ਖਾਨ ਨੇ ਖੁਦ ਨੂੰ ਇਕ ਸਤਿਕਾਰਤ ਤੇ ਭਰੋਸੇਮੰਦ ਵਿਅਕਤੀ ਦੇ ਰੂਪ 'ਚ ਪੇਸ਼ ਕੀਤਾ। ਹਾਲਾਂਕਿ, ਇਹ ਸੱਚਾਈ ਤੋਂ ਕੋਹਾਂ ਦੂਰ ਸੀ, ਉਸਨੇ ਇਸਦੀ ਬਜਾਏ ਦੂਜਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਤੇ ਉਨ੍ਹਾਂ ਦਾ ਫਾਇਦਾ ਚੁੱਕਿਆ।

ਡਿਜੀਟਲ ਡੈਸਕ, ਨਵੀਂ ਦਿੱਲੀ : ਪੂਰਵੀ ਲੰਡਨ 'ਚ ਇਕ ਭਾਰਤੀ ਮੂਲ ਦੇ ਇਮਾਮ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ, ਜਿਸ ਨੇ ਧਾਰਮਿਕ ਆਗੂ ਦੇ ਰੂਪ 'ਚ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਮਹਿਲਾ ਸ਼ਰਧਾਲੂਆਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਅਬਦੁਲ ਹਲੀਮ ਖਾਨ ਨੂੰ ਵੀਰਵਾਰ ਨੂੰ ਸਨੇਅਰਸਬਰੁੱਕ ਕ੍ਰਾਊਨ ਕੋਰਟ 'ਚ ਸਜ਼ਾ ਸੁਣਾਈ ਗਈ। ਉਸਨੂੰ 2004 ਤੋਂ 2015 ਦੇ ਵਿਚਕਾਰ ਸੱਤ ਔਰਤਾਂ ਤੇ ਕੁੜੀਆਂ ਖ਼ਿਲਾਫ਼ ਕੀਤੇ ਗਏ 21 ਜਿਨਸੀ ਅਪਰਾਧਾਂ ਦਾ ਦੋਸ਼ੀ ਪਾਇਆ ਗਿਆ ਸੀ। ਜਸਟਿਸ ਲੈਸਲੀ ਕਥਬਰਟ ਨੇ ਆਦੇਸ਼ ਦਿੱਤਾ ਕਿ 54 ਸਾਲਾ ਖਾਨ ਨੂੰ ਪੈਰੋਲ ਲਈ ਪਹਿਲਾਂ ਘੱਟੋ-ਘੱਟ 20 ਸਾਲ ਦੀ ਸਜ਼ਾ ਕੱਟਣੀ ਪਵੇਗੀ।
ਮੈਟਰੋਪੋਲੀਟਨ ਪੁਲਿਸ ਨੇ ਦੱਸਿਆ ਕਿ ਖਾਨ ਨੇ ਅਧਿਆਤਮਕ ਸ਼ਕਤੀਆਂ ਹੋਣ ਦਾ ਝੂਠਾ ਦਾਅਵਾ ਕੀਤਾ ਸੀ ਅਤੇ ਇਨ੍ਹਾਂ ਦਾਅਵਿਆਂ ਦਾ ਇਸਤੇਮਾਲ 12 ਸਾਲ ਤਕ ਦੀ ਘੱਟ ਉਮਰ ਦੀਆਂ ਕੁੜੀਆਂ ਨੂੰ ਬਹਿਲਾਉਣ-ਫੁਸਲਾਉਣ ਤੇ ਜਿਨਸੀ ਸ਼ੋਸ਼ਣ ਕਰਨ ਲਈ ਕਰਦਾ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਖਾਨ ਨੇ ਟਾਵਰ ਹੈਮਲੇਟਸ 'ਚ ਬੰਗਲਾਦੇਸ਼ੀ ਮੁਸਲਿਮ ਭਾਈਚਾਰੇ ਦੀਆਂ ਔਰਤਾਂ ਤੇ ਕੁੜੀਆਂ ਨੂੰ ਨਿਸ਼ਾਨਾ ਬਣਾਇਆ, ਕਿਉਂਕਿ ਇਲਾਕੇ 'ਚ ਉਸਦਾ ਕਾਫ਼ੀ ਪ੍ਰਭਾਵ ਸੀ ਤੇ ਉਸਨੂੰ ਪਤਾ ਸੀ ਕਿ ਪੀੜਤ ਸਮਾਜ 'ਚ ਬਦਨਾਮੀ ਅਤੇ ਸ਼ਰਮ ਦੇ ਡਰੋਂ ਰਿਪੋਰਟ ਕਰਨ ਤੋਂ ਕਤਰਾਉਣਗੇ।
ਜਾਂਚ ਅਨੁਸਾਰ, ਖਾਨ ਨੇ ਪੀੜਤਾਂ ਦਾ ਵਿਸ਼ਵਾਸ ਜਿੱਤਣ ਲਈ ਸਥਾਨਕ ਮਸਜਿਦ 'ਚ ਇਮਾਮ ਦੇ ਰੂਪ 'ਚ ਆਪਣੀ ਭੂਮਿਕਾ ਦਾ ਇਸਤੇਮਾਲ ਕੀਤਾ ਤੇ ਫਿਰ ਸੁੰਨਸਾਨ ਥਾਵਾਂ ਜਾਂ ਉਨ੍ਹਾਂ ਦੇ ਘਰਾਂ 'ਚ ਮੀਟਿੰਗਾਂ ਤੈਅ ਕੀਤੀਆਂ। ਸ਼ੋਸ਼ਣ ਦੌਰਾਨ, ਉਸਨੇ ਝੂਠਾ ਦਾਅਵਾ ਕੀਤਾ ਕਿ ਉਨ੍ਹਾਂ 'ਤੇ ਜਿੰਨ ਜਾਂ ਕਿਸੇ ਅਲੌਕਿਕ ਆਤਮਾ ਦਾ ਸਾਇਆ ਹੈ।
ਮੈਟਰੋ ਪੁਲਿਸ ਦੀ ਡਿਟੈਕਟਿਵ ਚੀਫ਼ ਇੰਸਪੈਕਟਰ ਜੈਨੀ ਰੋਨਨ ਨੇ ਕਿਹਾ ਕਿ ਅਬਦੁਲ ਖਾਨ ਨੇ ਖੁਦ ਨੂੰ ਇਕ ਸਤਿਕਾਰਤ ਤੇ ਭਰੋਸੇਮੰਦ ਵਿਅਕਤੀ ਦੇ ਰੂਪ 'ਚ ਪੇਸ਼ ਕੀਤਾ। ਹਾਲਾਂਕਿ, ਇਹ ਸੱਚਾਈ ਤੋਂ ਕੋਹਾਂ ਦੂਰ ਸੀ, ਉਸਨੇ ਇਸਦੀ ਬਜਾਏ ਦੂਜਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਤੇ ਉਨ੍ਹਾਂ ਦਾ ਫਾਇਦਾ ਚੁੱਕਿਆ।
ਕਰਾਊਨ ਪ੍ਰੋਸੀਕਿਊਸ਼ਨ ਸਰਵਿਸ (CPS) ਦੀ ਮਾਹਰ ਸਰਕਾਰੀ ਵਕੀਲ ਮੇਲਿਸਾ ਗਾਰਨਰ ਨੇ ਕਿਹਾ ਕਿ ਅਬਦੁਲ ਹਲੀਮ ਖਾਨ ਨੇ ਕਈ ਸਾਲਾਂ ਤਕ ਔਰਤਾਂ ਤੇ ਕੁੜੀਆਂ ਨੂੰ ਆਪਣਾ ਸ਼ਿਕਾਰ ਬਣਾਉਣ ਲਈ ਇਕ ਭਰੋਸੇਮੰਦ ਧਾਰਮਿਕ ਆਗੂ ਦੇ ਰੂਪ 'ਚ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ। ਉਸਨੇ ਆਪਣੀ ਜਿਨਸੀ ਸੰਤੁਸ਼ਟੀ ਲਈ ਉਨ੍ਹਾਂ ਨੂੰ ਆਪਣੇ ਕੰਟਰੋਲ 'ਚ ਰੱਖਿਆ ਤੇ ਉਨ੍ਹਾਂ ਨਾਲ ਹੇਰਾਫੇਰੀ ਕੀਤੀ।
ਉਨ੍ਹਾਂ ਅੱਗੇ ਕਿਹਾ ਕਿ ਉਸਨੇ ਉਨ੍ਹਾਂ ਦੇ ਡੂੰਘੇ ਧਾਰਮਿਕ ਵਿਸ਼ਵਾਸਾਂ ਦਾ ਇਸਤੇਮਾਲ ਉਨ੍ਹਾਂ ਦੇ ਮਨ ਵਿਚ ਡਰ ਪੈਦਾ ਕਰਨ ਤੇ ਉਨ੍ਹਾਂ ਨੂੰ ਚੁੱਪ ਰੱਖਣ ਲਈ ਕੀਤਾ। ਉਸਨੇ ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਕਿ ਜੇਕਰ ਉਹਨਾਂ ਨੇ ਮੂੰਹ ਖੋਲ੍ਹਿਆ ਤਾਂ ਉਨ੍ਹਾਂ ਦੇ ਪਰਿਵਾਰਾਂ 'ਤੇ ਮੁਸੀਬਤ ਆ ਜਾਵੇਗੀ। ਮੈਨੂੰ ਉਮੀਦ ਹੈ ਕਿ ਇਹ ਕਾਰਵਾਈ ਇਕ ਸਪਸ਼ਟ ਸੰਦੇਸ਼ ਦੇਵੇਗੀ ਕਿ ਕਰਾਊਨ ਪ੍ਰੋਸੀਕਿਊਸ਼ਨ ਸਰਵਿਸ ਔਰਤਾਂ ਤੇ ਕੁੜੀਆਂ ਦੀ ਸੁਰੱਖਿਆ ਲਈ ਅਥੱਕ ਕੰਮ ਕਰੇਗੀ ਤੇ ਅਜਿਹੇ ਘਿਨਾਉਣੇ ਅਪਰਾਧ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਨਿਆਂ ਦੇ ਕਟਹਿਰੇ 'ਚ ਲਿਆਵੇਗੀ।
ਜਾਂਚ ਮੁਤਾਬਕ, ਪੀੜਤਾਂ ਨੂੰ ਡਰ ਸੀ ਕਿ ਜੇਕਰ ਉਨ੍ਹਾਂ ਨੇ ਇਸ ਸ਼ੋਸ਼ਣ ਖ਼ਿਲਾਫ਼ ਆਵਾਜ਼ ਉਠਾਈ ਤਾਂ ਤਥਾਕਥਿਤ ਕਾਲੇ ਜਾਦੂ ਦੇ ਜ਼ਰੀਏ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਨੁਕਸਾਨ ਪਹੁੰਚਾਇਆ ਜਾਵੇਗਾ। ਇਸੇ ਡਰ ਦੇ ਕਾਰਨ ਉਹ ਸਾਲਾਂ ਤਕ ਚੁੱਪ ਰਹੀਆਂ। ਜਾਂਚ ਸ਼ੁਰੂ ਹੋਣ ਤੋਂ ਬਾਅਦ ਪੁਲਿਸ ਨੇ ਹੋਰ ਵੀ ਪੀੜਤਾਂ ਦੀ ਪਛਾਣ ਕੀਤੀ ਜਦਕਿ CPS ਨੇ ਕਿਹਾ ਕਿ ਉਸਨੇ ਇਕ ਦਹਾਕੇ ਤੋਂ ਵੱਧ ਸਮੇਂ ਦੇ ਅਪਰਾਧਾਂ ਨਾਲ ਜੁੜੇ ਮਾਮਲੇ ਨੂੰ ਮਜ਼ਬੂਤ ਕਰਨ ਦੇ ਲਈ ਜਾਂਚਕਰਤਾਵਾਂ ਨਾਲ ਮਿਲ ਕੇ ਕੰਮ ਕੀਤਾ।
ਜਿਊਰੀ ਨੂੰ ਜਿੰਨ ਤੇ ਕਾਲੇ ਜਾਦੂ ਦੇ ਸੰਦਰਭਾਂ ਨੂੰ ਸਮਝਾਉਣ 'ਚ ਮਦਦ ਲਈ, CPS ਨੇ ਮੁਕੱਦਮੇ ਦੌਰਾਨ ਸੱਭਿਆਚਾਰਕ ਸੰਦਰਭ ਪ੍ਰਦਾਨ ਕਰਨ ਲਈ ਇਕ ਸੱਭਿਆਚਾਰਕ ਮਾਹਰ ਦੀ ਨਿਯੁਕਤੀ ਕੀਤੀ ਸੀ। ਗਵਾਹੀ ਦੇਣ ਦੇ ਦੌਰਾਨ ਪੀੜਤਾਂ ਨੂੰ ਵਿਸ਼ੇਸ਼ ਸੁਰੱਖਿਆ ਉਪਾਅ ਵੀ ਦਿੱਤੇ ਗਏ ਸਨ ਜਿਸ ਵਿਚ ਪਹਿਲਾਂ ਤੋਂ ਰਿਕਾਰਡ ਕੀਤੀ ਗਈ ਜਿਰਾਹ (Cross-examination) ਸ਼ਾਮਲ ਸੀ।
ਮੈਟਰੋ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਫਰਵਰੀ 2018 'ਚ ਉਦੋਂ ਸ਼ੁਰੂ ਹੋਈ, ਜਦੋਂ ਸਭ ਤੋਂ ਛੋਟੀ ਪੀੜਤਾ ਨੇ ਆਪਣੇ ਸਕੂਲ ਦੇ ਅਧਿਆਪਕਾਂ ਦੇ ਸਾਹਮਣੇ ਇਸ ਸ਼ੋਸ਼ਣ ਦਾ ਖੁਲਾਸਾ ਕੀਤਾ। ਇਸ ਤੋਂ ਬਾਅਦ ਅਧਿਕਾਰੀਆਂ ਨੇ 50 ਤੋਂ ਵੱਧ ਗਵਾਹਾਂ ਦੇ ਇੰਟਰਵਿਊ ਲਏ ਤੇ 10 ਮੋਬਾਈਲ ਫੋਨ ਉਪਕਰਨਾਂ ਦੀ ਜਾਂਚ ਕੀਤੀ। ਪੁੱਛਗਿੱਛ ਦੌਰਾਨ ਖਾਨ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਤੇ ਦਾਅਵਾ ਕੀਤਾ ਕਿ ਇਹ ਦੋਸ਼ ਇਕ ਸਾਜ਼ਿਸ਼ ਤੇ ਬਦਲੇ ਦੀ ਭਾਵਨਾ ਤਹਿਤ ਲਗਾਏ ਗਏ ਹਨ।
ਇਸ ਸਾਲ ਫਰਵਰੀ 'ਚ ਜਿਊਰੀ ਨੇ ਉਸਨੂੰ ਜਬਰ ਜਨਾਹ ਦੇ ਨੌਂ ਮਾਮਲਿਆਂ, ਜਿਨਸੀ ਸ਼ੋਸ਼ਣ ਦੇ ਚਾਰ ਮਾਮਲਿਆਂ, 13 ਸਾਲ ਤੋਂ ਘੱਟ ਉਮਰ ਦੇ ਬੱਚੇ ਦੇ ਜਿਨਸੀ ਸ਼ੋਸ਼ਣ ਦੇ ਦੋ ਮਾਮਲਿਆਂ, 13 ਸਾਲ ਤੋਂ ਘੱਟ ਉਮਰ ਦੇ ਬੱਚੇ ਨਾਲ ਜਬਰ ਜਨਾਹ ਦੇ ਪੰਜ ਮਾਮਲਿਆਂ ਅਤੇ ਪੈਨੀਟ੍ਰੇਸ਼ਨ (Penetration) ਦੁਆਰਾ ਸ਼ੋਸ਼ਣ ਦੇ ਇਕ ਮਾਮਲੇ 'ਚ ਦੋਸ਼ੀ ਠਹਿਰਾਇਆ ਸੀ।