ਬ੍ਰਿਟੇਨ 'ਚ ਭਿਆਨਕ ਲੂ ਦੀ ਚਿਤਾਵਨੀ; 1944 ਤੋਂ ਬਾਅਦ ਸਭ ਤੋਂ ਗਰਮ ਰਿਹਾ ਮਈ ਮਹੀਨਾ, 32.8 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ
ਮੌਸਮ ਵਿਭਾਗ ਨੇ ਕਿਹਾ ਕਿ ਮਈ ਮਹੀਨੇ ’ਚ ਬ੍ਰਿਟੇਨ ’ਚ 30 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਹੋਣਾ ਵਿਲੱਖਣ ਹੈ। ਇਸ ਤੋਂ ਪਹਿਲਾਂ 2020 ’ਚ ਮਈ ਮਹੀਨੇ ’ਚ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਉੱਪਰ ਪੁੱਜਾ ਸੀ।
Publish Date: Tue, 26 May 2026 01:23 PM (IST)
Updated Date: Tue, 26 May 2026 01:39 PM (IST)
ਲੰਡਨ : ਬ੍ਰਿਟੇਨ ਦੇ ਵੱਡੇ ਹਿੱਸੇ ’ਚ ਸੋਮਵਾਰ ਨੂੰ ਸਾਲ ’ਚ ਪਹਿਲੀ ਵਾਰ ਭਿਆਨਕ ਗਰਮੀ ਪਈ। ਲੂ ਦੇ ਕਹਿਰ ਤੋਂ ਲੋਕ ਪਰੇਸ਼ਾਨ ਰਹੇ। ਮੌਸਮ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਤਾਪਮਾਨ ਮਈ ਮਹੀਨੇ ’ਚ ਹੁਣ ਤੱਕ ਦੇ ਉੱਚ ਪੱਧਰ ਤੱਕ ਪਹੁੰਚ ਸਕਦਾ ਹੈ। ਤਾਪਮਾਨ ਮੌਸਮੀ ਔਸਤ ਤੋਂ ਕਾਫੀ ਉੱਪਰ ਜਾਣ ਦਾ ਖ਼ਦਸ਼ਾ ਹੈ। ਬ੍ਰਿਟੇਨ ਦੇ ਕੁਝ ਇਲਾਕਿਆਂ ’ਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਜੇ ਅਜਿਹਾ ਹੁੰਦਾ ਹੈ ਤਾਂ ਇਹ ਬ੍ਰਿਟੇਨ ’ਚ ਮਈ ਮਹੀਨੇ ਦੇ ਤਾਪਮਾਨ ਦੇ ਰਿਕਾਰਡ 32.8 ਡਿਗਰੀ ਸੈਲਸੀਅਸ ਨੂੰ ਤੋੜ ਦੇਵੇਗਾ, ਜੋ 1944 ’ਚ ਬਣਿਆ ਸੀ। ਮੌਸਮ ਵਿਭਾਗ ਨੇ ਗਰਮੀ ਨੂੰ ਸਾਲ ਦੇ ਇਸ ਹਿੱਸੇ ਲਈ ਵਿਲੱਖਣ ਦੱਸਿਆ ਹੈ ਤੇ ਕਿਹਾ ਹੈ ਕਿ ਤਾਪਮਾਨ ਦੇ ਰਿਕਾਰਡ ਆਮ ਤੌਰ ’ਤੇ ਸਿਰਫ ਕੁਝ ਡਿਗਰੀ ਦੇ ਅੰਤਰ ਨਾਲ ਹੀ ਟੁੱਟਦੇ ਹਨ।
ਪੂਰਾ ਹਫਤਾ ਅਸਮਾਨ ਰੂਪ ਨਾਲ ਗਰਮ ਮੌਸਮ ਬਣਿਆ ਰਿਹਾ ਪਰ ਹਫਤੇ ਦੇ ਅੰਤ ’ਚ ਵਿਸ਼ੇਸ਼ ਤੌਰ ’ਤੇ ਇੰਗਲੈਂਡ ਤੇ ਵੇਲਸ ’ਚ ਗਰਮੀ ਆਪਣੇ ਸਿਖਰ ’ਤੇ ਪਹੁੰਚ ਗਈ। ਸ਼ਨਿਚਰਵਾਰ ਨੂੰ ਦੱਖਣੀ-ਪੂਰਬੀ ਇੰਗਲੈਂਡ ’ਚ ਤਾਪਮਾਨ 30.5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਮੌਸਮ ਵਿਭਾਗ ਨੇ ਕਿਹਾ ਕਿ ਮਈ ਮਹੀਨੇ ’ਚ ਬ੍ਰਿਟੇਨ ’ਚ 30 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਹੋਣਾ ਵਿਲੱਖਣ ਹੈ। ਇਸ ਤੋਂ ਪਹਿਲਾਂ 2020 ’ਚ ਮਈ ਮਹੀਨੇ ’ਚ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਉੱਪਰ ਪੁੱਜਾ ਸੀ।