10 ਮਿੰਟਾਂ 'ਚ ਗੱਡੀ ਹੇਠਾਂ ਕੁਚਲੇ 134 ਲੋਕ, ਪੀੜਤਾਂ ਨੂੰ ਸੁਣ ਕੇ ਫੁੱਟ-ਫੁੱਟ ਕੇ ਰੋਇਆ ਮੁਲਜ਼ਮ; UK ਦੀ ਅਦਾਲਤ ਨੇ ਸੁਣਾਈ 21 ਸਾਲ ਦੀ ਕੈਦ
ਹਾਦਸਾ ਲਿਵਰਪੂਲ ਪ੍ਰੀਮੀਅਰ ਲੀਗ ਦੀ ਜਿੱਤ ਦੀ ਪਰੇਡ (Victory Parade) ਦੌਰਾਨ ਵਾਪਰਿਆ। ਪਾਲ ਡੌਇਲ ਨੇ ਜਾਣਬੁੱਝ ਕੇ ਭੀੜ ਉੱਤੇ ਗੱਡੀ ਚੜ੍ਹਾ ਦਿੱਤੀ ਸੀ, ਜਿਸ ਤੋਂ ਬਾਅਦ ਲਿਵਰਪੂਲ ਸ਼ਹਿਰ ਦੀਆਂ ਸੜਕਾਂ 'ਤੇ ਦਹਿਸ਼ਤ ਦਾ ਮਾਹੌਲ ਬਣ ਗਿਆ।
Publish Date: Wed, 17 Dec 2025 03:10 PM (IST)
Updated Date: Wed, 17 Dec 2025 03:18 PM (IST)
ਯੂਨਾਈਟਿਡ ਕਿੰਗਡਮ (UK) 'ਚ ਪਾਲ ਡੌਇਲ ਨਾਂ ਦੇ ਇੱਕ ਵਿਅਕਤੀ ਨੇ ਆਪਣਾ ਆਪਾ ਗੁਆਉਂਦੇ ਹੋਏ ਇਸ ਤਰ੍ਹਾਂ ਗੱਡੀ ਚਲਾਈ ਕਿ ਉਸ ਦੇ ਹੇਠਾਂ ਲਗਪਗ 134 ਲੋਕ ਆ ਗਏ। ਇਹ ਘਟਨਾ 26 ਮਈ, 2025 ਦੀ ਹੈ ਜਿਸ ਵਿਚ ਹੁਣ ਯੂਕੇ ਦੀ ਅਦਾਲਤ ਨੇ ਇਸ ਵਿਅਕਤੀ ਨੂੰ 21 ਸਾਲ 6 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ।
ਹਾਦਸਾ ਲਿਵਰਪੂਲ ਪ੍ਰੀਮੀਅਰ ਲੀਗ ਦੀ ਜਿੱਤ ਦੀ ਪਰੇਡ (Victory Parade) ਦੌਰਾਨ ਵਾਪਰਿਆ। ਪਾਲ ਡੌਇਲ ਨੇ ਜਾਣਬੁੱਝ ਕੇ ਭੀੜ ਉੱਤੇ ਗੱਡੀ ਚੜ੍ਹਾ ਦਿੱਤੀ ਸੀ, ਜਿਸ ਤੋਂ ਬਾਅਦ ਲਿਵਰਪੂਲ ਸ਼ਹਿਰ ਦੀਆਂ ਸੜਕਾਂ 'ਤੇ ਦਹਿਸ਼ਤ ਦਾ ਮਾਹੌਲ ਬਣ ਗਿਆ।
10 ਮਿੰਟਾਂ 'ਚ 134 ਲੋਕਾਂ ਨੂੰ ਕੁਚਲਿਆ
54 ਸਾਲਾ ਪਾਲ ਡੌਇਲ ਨੂੰ ਜਦੋਂ ਇਸ ਕੇਸ ਦੀ ਸੁਣਵਾਈ ਲਈ ਅਦਾਲਤ 'ਚ ਪੇਸ਼ ਕੀਤਾ ਗਿਆ ਤਾਂ ਪੀੜਤਾਂ ਦੇ ਬਿਆਨ ਸੁਣ ਕੇ ਉਹ ਫੁੱਟ-ਫੁੱਟ ਕੇ ਰੋਣ ਲੱਗ ਪਿਆ। ਪੀੜਤਾਂ ਨੇ ਦੱਸਿਆ ਕਿ ਇਸ ਹਾਦਸੇ ਦਾ ਸਦਮਾ (Trauma) ਉਨ੍ਹਾਂ ਦੇ ਮਨਾਂ ਵਿੱਚ ਇਸ ਕਦਰ ਬੈਠ ਗਿਆ ਹੈ ਕਿ ਉਨ੍ਹਾਂ ਨੂੰ ਰਾਤ ਨੂੰ ਡਰਾਉਣੇ ਸੁਪਨੇ ਆਉਂਦੇ ਹਨ।
ਸੋਮਵਾਰ, 15 ਦਸੰਬਰ ਨੂੰ ਹੋਈ ਸੁਣਵਾਈ ਦੌਰਾਨ ਵਕੀਲ ਪਾਲ ਗ੍ਰੇਨੇ ਨੇ ਲਿਵਰਪੂਲ ਕਰਾਊਨ ਕੋਰਟ ਨੂੰ ਦੱਸਿਆ ਕਿ ਪਾਲ ਡੌਇਲ ਨੇ ਦੋ ਟਨ ਦੀ ਗੱਡੀ ਨੂੰ ਇਕ ਹਥਿਆਰ ਵਜੋਂ ਵਰਤਿਆ। ਉਹ ਜਿਸ ਜਗ੍ਹਾ ਪਹੁੰਚਣਾ ਚਾਹੁੰਦਾ ਸੀ, ਉੱਥੇ ਜਾਣ ਦੀ ਜ਼ਿੱਦ ਵਿਚ ਉਸ ਨੇ ਆਪਾ ਖੋਹ ਦਿੱਤਾ ਅਤੇ ਮਹਿਜ਼ 10 ਮਿੰਟਾਂ ਵਿੱਚ 134 ਲੋਕਾਂ ਨੂੰ ਆਪਣੀ ਗੱਡੀ ਹੇਠ ਕੁਚਲ ਦਿੱਤਾ।
ਲੋਕਾਂ ਦੇ ਉੱਪਰੋਂ ਲੰਘਾਈ ਗੱਡੀ
ਅਦਾਲਤ ਵਿੱਚ ਘਟਨਾ ਦੀ ਵੀਡੀਓ ਕਲਿੱਪ ਵੀ ਦਿਖਾਈ ਗਈ ਜਿਸ ਵਿੱਚ ਦੇਖਿਆ ਗਿਆ ਕਿ ਪਾਲ ਡੌਇਲ ਲਗਾਤਾਰ ਹਾਰਨ ਵਜਾ ਰਿਹਾ ਸੀ ਤੇ ਲੋਕਾਂ ਨੂੰ ਚੀਕਾਂ ਮਾਰ ਮਾਰ ਕੇ ਕਹਿ ਰਿਹਾ ਸੀ ਕਿ "ਮੇਰੇ ਰਸਤੇ 'ਚੋਂ ਹਟ ਜਾਓ।"
ਅਦਾਲਤ ਦੇ ਜੱਜ ਐਂਡਰੀਊ ਮੇਨਾਰੀ ਨੇ ਇਸ ਘਟਨਾ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਜੋ ਦਿਨ ਲੋਕਾਂ ਦੇ ਜਸ਼ਨ ਮਨਾਉਣ ਦਾ ਸੀ, ਉਹ ਤੁਹਾਡੀ ਵਜ੍ਹਾ ਕਰ ਕੇ ਦੁੱਖ ਅਤੇ ਡਰ ਵਿੱਚ ਬਦਲ ਗਿਆ। ਜੱਜ ਨੇ ਅੱਗੇ ਕਿਹਾ ਕਿ ਇਹ ਅਪਰਾਧ ਇੰਨਾ ਭਿਆਨਕ ਹੈ ਕਿ ਅੱਜ ਤੋਂ ਪਹਿਲਾਂ ਅਦਾਲਤ ਵਿੱਚ ਕਦੇ ਵੀ ਅਜਿਹਾ ਮਾਮਲਾ ਸਾਹਮਣੇ ਨਹੀਂ ਆਇਆ।