ਬਾਲਟਿਸਤਾਨ (ਏਐੱਨਆਈ) : ਮਕਬੂਜ਼ਾ ਕਸ਼ਮੀਰ ਦੇ ਗਿਲਗਿਤ ਬਾਲਟਿਸਤਾਨ ਖੇਤਰ ਵਿਚ ਰਹਿਣ ਵਾਲੇ ਲੋਕ ਪਾਕਿਸਤਾਨ ਦੀ ਅਧੀਨਗੀ ਖ਼ਿਲਾਫ਼ ਬੋਲਣ ਲੱਗੇ ਹਨ। ਵੱਡੀ ਗਿਣਤੀ ਵਿਚ ਲੋਕ ਬਿਜਲੀ ਕਟੌਤੀ, ਕਣਕ ਦਾ ਕੋਟਾ ਘੱਟ ਕਰਨ ਅਤੇ ਟੈਕਸ ਆਦਿ ਮੁੱਦਿਆਂ ਨੂੰ ਲੈ ਕੇ ਵਿਰੋਧ ਪ੍ਰਗਟਾ ਰਹੇ ਹਨ। ਫ਼ੌਜ ਵੱਲੋਂ ਜ਼ਮੀਨ ਹੜੱਪਣ ਦਾ ਵੀ ਲੋਕ ਵਿਰੋਧ ਕਰ ਰਹੇ ਹਨ। ਹਾਲਾਂਕਿ, ਉਨ੍ਹਾਂ ਦੀ ਆਵਾਜ਼ ਨੂੰ ਅਣਸੁਣਿਆ ਕੀਤਾ ਜਾ ਰਿਹਾ ਹੈ। ਪਾਲਿਸੀ ਰਿਸਰਚ ਗਰੁੱਪ ਨਾਲ ਜੁੜੀ ਸੰਸਥਾ ਪੋਰੇਗ ਦੀ ਰਿਪੋਰਟ ਵਿਚ ਇਹ ਸਾਹਮਣੇ ਆਇਆ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਗਿਲਗਿਤ ਬਾਲਿਟਸਤਾਨ ਦੇ ਹਾਲਾਤ ਵਿਚ ਕੋਈ ਸੁਧਾਰ ਨਜ਼ਰ ਨਹੀਂ ਆ ਰਿਹਾ ਹੈ। ਲੋਕਾਂ ਦੇ ਹੱਕਾਂ ਦਾ ਘਾਣ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਆਵਾਜ਼ ਚੁੱਕਣ ਵਾਲੇ ਸਿਆਸੀ ਕਾਰਕੁੰਨ ਵੱਡੀ ਗਿਣਤੀ ਵਿਚ ਜੇਲ੍ਹਾਂ ਵਿਚ ਹਨ। ਇਸ ਖੇਤਰ ਵਿਚ ਸੌਰ ਊਰਜਾ, ਪੌਣ ਊਰਜਾ ਅਤੇ ਜਲ ਵਸੀਲਿਆਂ ਦੀ ਭਰਪੂਰ ਸੰਭਾਵਨਾ ਹੈ ਪਰ ਸਹੀ ਊਰਜਾ ਨੀਤੀ, ਮੁੱਢਲੇ ਵਿਕਾਸ ਅਤੇ ਨਿਵੇਸ਼ ਦੀ ਘਾਟ ਕਾਰਨ ਪਰੇਸ਼ਾਨੀ ਵਧਦੀ ਜਾ ਰਹੀ ਹੈ। ਹਰ ਰੋਜ਼ ਲੋਕਾਂ ਨੂੰ ਬਿਜਲੀ ਕਟੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੇ 86 ਫ਼ੀਸਦੀ ਲੋਕ ਪਿੰਡਾਂ ਵਿਚ ਰਹਿੰਦੇ ਹਨ। ਉਹ ਹੁਣ ਵੀ ਜੰਗਲ ਦੀਆਂ ਲੱਕੜਾਂ, ਮਿੱਟੀ ਦੇ ਤੇਲ ਅਤੇ ਪੱਥੀਆਂ ਤੇ ਨਿਰਭਰ ਹਨ। ਇਨ੍ਹਾਂ ਮੁੱਦਿਆਂ ਨੂੰ ਲੈ ਕੇ ਵੱਖ-ਵੱਖ ਸਿਆਸੀ, ਧਾਰਮਿਕ ਅਤੇ ਵਪਾਰ ਸੰਗਠਨਾਂ ਦੇ ਗਠਜੋੜ ਅਵਾਮੀ ਐਕਸ਼ਨ ਕਮੇਟੀ ਵੱਲੋਂ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
Posted By: Jagjit Singh