ਪਾਕਿਸਤਾਨ 'ਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਸਿਆਸੀ ਉਥਲ-ਪੁਥਲ ਦਾ ਅੰਤ ਹੋ ਗਿਆ ਹੈ। ਸਰਕਾਰ ਖਿਲਾਫ ਲਿਆਂਦੇ ਗਏ ਬੇਭਰੋਸਗੀ ਮਤੇ 'ਤੇ ਸ਼ਨੀਵਾਰ ਨੂੰ ਨੈਸ਼ਨਲ ਅਸੈਂਬਲੀ 'ਚ ਵਿਰੋਧੀ ਧਿਰ ਨੇ ਵੋਟਿੰਗ ਜਿੱਤ ਲਈ ਹੈ। ਹਾਲਾਂਕਿ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਨੇ ਇਸ ਵੋਟਿੰਗ 'ਚ ਹਿੱਸਾ ਨਹੀਂ ਲਿਆ।

ਜੇਐੱਨਐੱਨ, ਨਵੀਂ ਦਿੱਲੀ: ਪਾਕਿਸਤਾਨ 'ਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਸਿਆਸੀ ਉਥਲ-ਪੁਥਲ ਦਾ ਅੰਤ ਹੋ ਗਿਆ ਹੈ। ਸਰਕਾਰ ਖਿਲਾਫ ਲਿਆਂਦੇ ਗਏ ਬੇਭਰੋਸਗੀ ਮਤੇ 'ਤੇ ਸ਼ਨੀਵਾਰ ਨੂੰ ਨੈਸ਼ਨਲ ਅਸੈਂਬਲੀ 'ਚ ਵਿਰੋਧੀ ਧਿਰ ਨੇ ਵੋਟਿੰਗ ਜਿੱਤ ਲਈ ਹੈ। ਹਾਲਾਂਕਿ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਨੇ ਇਸ ਵੋਟਿੰਗ 'ਚ ਹਿੱਸਾ ਨਹੀਂ ਲਿਆ। ਹੁਣ ਜਦੋਂ ਇਮਰਾਨ ਖਾਨ ਪ੍ਰਧਾਨ ਮੰਤਰੀ ਨਹੀਂ ਰਹੇ ਤਾਂ ਦੇਸ਼ 'ਚ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਦੀ ਕਵਾਇਦ ਅੱਜ ਤੋਂ ਹੀ ਸ਼ੁਰੂ ਹੋ ਜਾਣੀ ਹੈ। ਇਸ ਦੌੜ 'ਚ ਪੀਐਮਐਲ-ਐਨ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਦਾ ਨਾਂ ਸਭ ਤੋਂ ਅੱਗੇ ਹੈ।
ਹਰ ਫਰੰਟ 'ਤੇ ਨਵਾਜ਼ ਦਾ ਪੂਰਾ ਹੈ ਸਮਰਥਨ
ਸ਼ਾਹਬਾਜ਼ ਸ਼ਰੀਫ਼ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਭਰਾ ਹਨ। ਜਦੋਂ ਨਵਾਜ਼ ਨੂੰ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਯੋਗ ਕਰਾਰ ਦਿੱਤਾ ਸੀ ਤੇ ਉਸ ਤੋਂ ਬਾਅਦ ਹੋਈ ਕਾਨੂੰਨੀ ਕਾਰਵਾਈ 'ਤੇ ਸ਼ਾਹਬਾਜ਼ ਸ਼ਰੀਫ ਪੂਰੀ ਤਰ੍ਹਾਂ ਨਾਲ ਨਵਾਜ਼ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ। ਜਦੋਂ ਨਵਾਜ਼ ਸ਼ਰੀਫ ਨੂੰ ਇਲਾਜ ਲਈ ਬਰਤਾਨੀਆ ਭੇਜਿਆ ਗਿਆ ਸੀ, ਉਸ ਸਮੇਂ ਦੇਸ਼ ਵਿਚ ਪੀਟੀਆਈ ਦੀ ਸਥਿਤੀ ਬਹੁਤ ਖਰਾਬ ਮੰਨੀ ਜਾਂਦੀ ਸੀ। ਅਜਿਹੇ 'ਚ ਪਾਰਟੀ ਨੂੰ ਮਜ਼ਬੂਤ ਕਰਨ ਦਾ ਕੰਮ ਵੀ ਸ਼ਾਹਬਾਜ਼ ਸ਼ਰੀਫ ਨੇ ਕੀਤਾ ਸੀ। ਉਨ੍ਹਾਂ ਨੇ ਨਵਾਜ਼ ਸ਼ਰੀਫ ਦੀ ਮਜ਼ਬੂਤੀ ਲਈ ਹੀ ਨਹੀਂ ਸਗੋਂ ਪਾਰਟੀ ਦੀ ਮਜ਼ਬੂਤੀ ਲਈ ਵੀ ਦਿਨ-ਰਾਤ ਕੰਮ ਕੀਤਾ।
ਪੀਐਮਐਲ-ਐਨ ਨੈਸ਼ਨਲ ਅਸੈਂਬਲੀ 'ਚ ਹੈ ਪ੍ਰਮੁੱਖ ਪਾਰਟੀ
ਨੈਸ਼ਨਲ ਅਸੈਂਬਲੀ 'ਚ ਪੀਐਮਐਲ-ਐਨ ਕੋਲ ਸਭ ਤੋਂ ਵੱਧ ਸੀਟਾਂ ਹਨ। ਇਸ ਤੋਂ ਬਾਅਦ ਪੀਪੀਪੀ ਦਾ ਨੰਬਰ ਆਉਂਦਾ ਹੈ। ਸਭ ਤੋਂ ਵੱਡੀ ਪਾਰਟੀ ਦੇ ਪ੍ਰਧਾਨ ਹੋਣ ਕਾਰਨ ਸ਼ਾਹਬਾਜ਼ ਸ਼ਰੀਫ ਦਾ ਪ੍ਰਧਾਨ ਮੰਤਰੀ ਬਣਨਾ ਲਗਪਗ ਤੈਅ ਹੈ। ਅੱਜ ਉਹ ਇਸ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਤੇ ਨਾਮਜ਼ਦਗੀ ਦੀ ਪੜਤਾਲ ਵੀ ਅੱਜ ਹੋਵੇਗੀ। ਸੋਮਵਾਰ ਨੂੰ ਉਨ੍ਹਾਂ ਨੂੰ ਨੈਸ਼ਨਲ ਅਸੈਂਬਲੀ 'ਚ ਨਵਾਂ ਪ੍ਰਧਾਨ ਮੰਤਰੀ ਬਣਾਇਆ ਜਾਵੇਗਾ ਤੇ ਫਿਰ ਰਾਸ਼ਟਰਪਤੀ ਉਨ੍ਹਾਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਉਣਗੇ। ਬੇਭਰੋਸਗੀ ਮਤੇ 'ਤੇ ਜਿੱਤ ਤੋਂ ਬਾਅਦ ਉਨ੍ਹਾਂ ਨੇ ਕਿਹਾ ਹੈ ਕਿ ਉਹ ਬਦਲੇ ਦੀ ਭਾਵਨਾ ਨਾਲ ਕੋਈ ਕੰਮ ਨਹੀਂ ਕਰਨਗੇ।
ਦੇਸ਼ ਦੇ ਮਜ਼ਬੂਤ ਨੇਤਾਵਾਂ 'ਚ ਗਿਣਿਆ ਜਾਂਦਾ ਹੈ
ਨਵਾਜ਼ ਸ਼ਰੀਫ ਦੇ ਭਰਾ ਹੋਣ ਦੇ ਨਾਲ-ਨਾਲ ਰਾਜਨੀਤੀ 'ਚ ਉਨ੍ਹਾਂ ਦੀ ਵੱਖਰੀ ਪਛਾਣ ਹੈ। ਉਨ੍ਹਾਂ ਨੂੰ ਦੇਸ਼ ਦੇ ਸਭ ਤੋਂ ਵੱਡੇ ਨੇਤਾਵਾਂ 'ਚੋਂ ਇੱਕ ਮੰਨਿਆ ਜਾਂਦਾ ਹੈ। ਬੇਭਰੋਸਗੀ ਮਤੇ ਦੇ ਸਮੇਂ ਸ਼ਾਹਬਾਜ਼ ਸ਼ਰੀਫ ਨੈਸ਼ਨਲ ਅਸੈਂਬਲੀ 'ਚ ਵਿਰੋਧੀ ਧਿਰ ਦੇ ਨੇਤਾ ਸਨ। ਲਾਹੌਰ 'ਚ 1950 'ਚ ਜਨਮੇ ਸ਼ਾਹਬਾਜ਼ 2008 ਤੋਂ 2018 ਤਕ ਪੰਜਾਬ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ। ਨਵਾਜ਼ ਸ਼ਰੀਫ ਦੀ ਸਰਕਾਰ ਦਾ ਤਖਤਾ ਪਲਟਣ ਤੋਂ ਬਾਅਦ ਉਹ ਵੀ ਨਵਾਜ਼ ਨਾਲ ਸਾਊਦੀ ਅਰਬ 'ਚ ਜਲਾਵਤਨੀ 'ਚ ਰਹੇ। ਸ਼ਾਹਬਾਜ਼ ਨੇ ਮਈ 2004 'ਚ ਦੇਸ਼ ਪਰਤਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਉਸ ਸਮੇਂ ਦੇ ਫੌਜੀ ਸ਼ਾਸਕ ਪਰਵੇਜ਼ ਮੁਸ਼ੱਰਫ ਨੇ ਲਾਹੌਰ ਹਵਾਈ ਅੱਡੇ ਤੋਂ ਦੇਸ਼ ਨਿਕਾਲਾ ਦੇ ਦਿੱਤਾ।
ਸ਼ਾਹਬਾਜ਼ ਆਪਣੇ ਫੈਸਲੇ ਖੁਦ ਲੈਣ ਲਈ ਜਾਣੇ ਜਾਂਦੇ ਹਨ
ਸ਼ਾਹਬਾਜ਼ ਆਪਣੇ ਫੈਸਲੇ ਖੁਦ ਲੈਣ ਲਈ ਵੀ ਜਾਣੇ ਜਾਂਦੇ ਹਨ। ਇਸ ਦੀ ਇੱਕ ਉਦਾਹਰਣ ਉਸਦਾ ਪਹਿਲਾ ਵਿਆਹ ਵੀ ਹੈ, ਜੋ ਉਸਨੇ ਆਪਣੇ ਪਿਤਾ ਦੀ ਸਹਿਮਤੀ ਤੋਂ ਬਿਨਾਂ ਕੀਤਾ ਸੀ। 1973 'ਚ ਹੋਏ ਇਸ ਵਿਆਹ ਤੋਂ ਉਸ ਦੇ ਪੰਜ ਬੱਚੇ ਹਨ। ਇਨ੍ਹਾਂ 'ਚੋਂ ਇੱਕ ਪੁੱਤਰ ਹਮਜ਼ਾ ਵੀ ਨੈਸ਼ਨਲ ਅਸੈਂਬਲੀ ਦਾ ਮੈਂਬਰ ਹੈ। ਦੂਜਾ ਬੇਟਾ ਸਲਮਾਨ ਕਾਰੋਬਾਰੀ ਹੈ। ਸ਼ਾਹਬਾਜ਼ ਨੇ 1993 'ਚ ਦੁਬਾਰਾ ਵਿਆਹ ਕੀਤਾ, ਜਿਸ ਤੋਂ ਉਨ੍ਹਾਂ ਦੀ ਇੱਕ ਬੇਟੀ ਖਦੀਜਾ ਹੈ। ਹਾਲਾਂਕਿ, ਉਸਨੇ ਜਲਾਵਤਨੀ 'ਚ ਰਹਿੰਦੇ ਹੋਏ ਆਪਣੀ ਦੂਜੀ ਪਤਨੀ ਹਨੀ ਨੂੰ ਤਲਾਕ ਦੇ ਦਿੱਤਾ।
ਸ਼ਾਹਬਾਜ਼ ਹੈ ਦੋਸ਼ਾਂ ਦੇ ਘੇਰੇ 'ਚ
ਸ਼ਾਹਬਾਜ਼ ਵੀ ਇਨ੍ਹਾਂ ਦੋਸ਼ਾਂ ਤੋਂ ਬਚਿਆ ਨਹੀਂ ਹੈ। ਸਤੰਬਰ 2021 'ਚ, ਉਸਨੂੰ ਮਨੀ ਲਾਂਡਰਿੰਗ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਉਸ 'ਤੇ ਦੋਸ਼ ਸੀ ਕਿ ਉਸ ਨੇ ਆਪਣੇ ਪੁੱਤਰਾਂ ਨਾਲ ਮਿਲ ਕੇ ਅਜਿਹਾ ਕੀਤਾ ਹੈ। ਇਹ ਮਾਮਲਾ ਕਰੀਬ ਸੱਤ ਅਰਬ ਰੁਪਏ ਨਾਲ ਸਬੰਧਤ ਹੈ। ਸ਼ਾਹਬਾਜ਼ 'ਤੇ ਹਮਲਾ ਕਰਦੇ ਹੋਏ ਇਮਰਾਨ ਖਾਨ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਉਹ ਪੀਐਮ ਬਣੇ ਤਾਂ ਅਮਰੀਕਾ ਦੀ ਗੁਲਾਮੀ ਕਰਨਗੇ।
1999 'ਚ ਪੰਜਾਬ ਦੇ ਮੁੱਖ ਮੰਤਰੀ ਵਜੋਂ ਉਸ ਵਿਰੁੱਧ ਦਰਜ ਕੀਤੀ ਗਈ ਐਫਆਈਆਰ 'ਚ ਵੀ ਉਸ 'ਤੇ ਦੋ ਵਿਅਕਤੀਆਂ ਨੂੰ ਝੂਠੇ ਮੁਕਾਬਲੇ 'ਚ ਮਾਰਨ ਦਾ ਦੋਸ਼ ਲਾਇਆ ਗਿਆ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਇਹ ਕਤਲ ਸ਼ਾਹਬਾਜ਼ ਦੇ ਕਹਿਣ ’ਤੇ ਕੀਤਾ ਗਿਆ ਹੈ। ਹਾਲਾਂਕਿ ਬਾਅਦ 'ਚ ਅਦਾਲਤ ਨੇ ਉਸ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ।