ਪਾਕਿਸਤਾਨੀ ਮਸ਼ਹੂਰ ਪੰਜਾਬੀ ਲੋਕ ਗਾਇਕ ਆਰਿਫ਼ ਲੋਹਾਰ ਨੂੰ ਸਦਮਾ, ਪਤਨੀ ਦਾ ਦੇਹਾਂਤ
ਉਨ੍ਹਾਂ ਨੂੰ ਵਾਰ-ਵਾਰ ਬੁਖਾਰ ਹੋ ਰਿਹਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲਾਹੌਰ ਦੇ ਇਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਸ਼ਨੀਵਾਰ ਨੂੰ ਸਿਹਤ ਵਿਗੜ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਲਾਇਆ ਗਿਆ ਪਰ ਫਿਰ ਵੀ ਉਨ੍ਹਾਂ ਦੀ ਸਿਹਤ 'ਚ ਕੋਈ ਸੁਧਾਰ ਨਾ ਹੋਇਆ
Publish Date: Sun, 09 May 2021 11:29 AM (IST)
Updated Date: Mon, 10 May 2021 07:52 AM (IST)
ਲਾਹੌਰ : ਪਾਕਿਸਤਾਨੀ ਮਸ਼ਹੂਰ ਪੰਜਾਬੀ ਲੋਕ ਗਾਇਕ ਆਰਿਫ਼ ਲੋਹਾਰ ਦੀ ਪਤਨੀ ਰਜ਼ੀਆ ਲੋਹਾਰ ਦਾ ਅੱਜ ਦੇਹਾਂਤ ਹੋ ਗਿਆ। ਜੀਓ ਨਿਊਜ਼ ਮੁਤਾਬਕ ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ। ਉਨ੍ਹਾਂ ਨੂੰ ਵਾਰ-ਵਾਰ ਬੁਖਾਰ ਹੋ ਰਿਹਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲਾਹੌਰ ਦੇ ਇਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਸ਼ਨੀਵਾਰ ਨੂੰ ਸਿਹਤ ਵਿਗੜ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਲਾਇਆ ਗਿਆ ਪਰ ਫਿਰ ਵੀ ਉਨ੍ਹਾਂ ਦੀ ਸਿਹਤ 'ਚ ਕੋਈ ਸੁਧਾਰ ਨਾ ਹੋਇਆ ਅਤੇ ਉਨ੍ਹਾਂ ਨੂੰ ਲਾਹੌਰ ਦੇ ਹੀ ਫਾਰੂਕ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ। ਜਿੱਥੇ ਕਿ ਉਨ੍ਹਾਂ ਨੇ ਆਪਣੇ ਆਖਰੀ ਸਾਹ ਲਏ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਕੋਰੋਨਾ ਟੈਸਟ ਵੀ ਕੀਤਾ ਗਿਆ ਸੀ ਪਰ ਉਸ ਦੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਰਜ਼ੀਆ ਦੀ ਮੌਤ ਹੋ ਗਈ। ਉਨ੍ਹਾਂ ਨੂੰ ਕੋਰੋਨਾ ਸੀ ਜਾਂ ਨਹੀ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋ ਸਕੀ।
ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ’ਤੇ ਕੁਝ ਅਨਸਰਾਂ ਨੇ ਆਰਿਫ਼ ਲੋਹਾਰ ਦੀ ਮੌਤ ਬਾਰੇ ਅਫ਼ਵਾਹ ਫੈਲਾਈ ਸੀ, ਜੋ ਕਿ ਗ਼ਲਤ ਹੈ। ਇਸ ਮੌਤ ’ਤੇ ਲਹਿੰਦੇ ਪੰਜਾਬ ਤੋਂ ਪੰਜਾਬ ਇੰਸਟੀਟਿਊਟ ਆਫ ਲੈਂਜੂਏਜ਼ ਐਂਡ ਕਲਚਰ (ਪਿਲਾਕ) ਲਾਹੌਰ ਦੀ ਡਾਇਰੈਕਟਰ ਜਨਰਲ ਡਾ. ਸੁਗਰਾ ਸੱਦਫ਼, ਗੁਰਭਜਨ ਸਿੰਘ ਗਿੱਲ, ਪੰਮੀ ਬਾਈ, ਡੌਲੀ ਗੁਲੇਰੀਆ ਤੇ ਪਾਲੀ ਦੇਤਵਾਲੀਆ ਨੇ ਦੁੱਖ ਪ੍ਰਗਟ ਕੀਤਾ ਹੈ।