ਇਹ ਖੁਲਾਸਾ ਹਾਲ ਹੀ ਵਿੱਚ ਮੋਨਾਕੋ ਦੇ ਪ੍ਰਾਪਰਟੀ ਰਿਕਾਰਡ ਅਤੇ ਲੀਕ ਹੋਈਆਂ ਈਮੇਲਾਂ ਦੀ ਜਾਂਚ ਤੋਂ ਬਾਅਦ ਹੋਇਆ ਹੈ। ਇਹ ਜਾਇਦਾਦ 'ਲਾ ਰੇਂਜੋ' ਬਿਲਡਿੰਗ ਵਿੱਚ ਸਥਿਤ ਹੈ, ਜਿਸ ਵਿੱਚ 21 ਕਮਰੇ, ਪ੍ਰਾਈਵੇਟ ਸਵੀਮਿੰਗ ਪੂਲ, ਜਕੂਜ਼ੀ ਅਤੇ ਘੱਟੋ-ਘੱਟ ਅੱਠ ਪਾਰਕਿੰਗ ਸਪੇਸ ਸ਼ਾਮਲ ਹਨ।

ਡਿਜੀਟਲ ਡੈਸਕ, ਨਵੀਂ ਦਿੱਲੀ: ਯੂਕਰੇਨ ਦੇ ਸਭ ਤੋਂ ਅਮੀਰ ਕਾਰੋਬਾਰੀ ਅਤੇ ਬੈਂਕਿੰਗ ਖੇਤਰ ਦੇ ਪ੍ਰਮੁੱਖ 59 ਸਾਲਾ ਰਿਨਾਤ ਅਖ਼ਮੇਤੋਵ ਨੇ ਮੋਨਾਕੋ ਦੇ ਨਵੇਂ ਅਤੇ ਵੱਕਾਰੀ 'ਮਾਰੇਟੇਰਾ' ਇਲਾਕੇ ਵਿੱਚ ਇੱਕ ਪੰਜ ਮੰਜ਼ਿਲਾ ਲਗਜ਼ਰੀ ਅਪਾਰਟਮੈਂਟ ਖਰੀਦਿਆ ਹੈ। ਇਹ ਸੌਦਾ ਲਗਭਗ 5,137 ਕਰੋੜ ਰੁਪਏ ਦਾ ਦੱਸਿਆ ਜਾ ਰਿਹਾ ਹੈ, ਜੋ ਇਤਿਹਾਸ ਦੀਆਂ ਸਭ ਤੋਂ ਮਹਿੰਗੀਆਂ ਰਿਹਾਇਸ਼ੀ ਜਾਇਦਾਦਾਂ ਦੀਆਂ ਖਰੀਦਾਂ ਵਿੱਚੋਂ ਇੱਕ ਹੈ।
ਇਹ ਖੁਲਾਸਾ ਹਾਲ ਹੀ ਵਿੱਚ ਮੋਨਾਕੋ ਦੇ ਪ੍ਰਾਪਰਟੀ ਰਿਕਾਰਡ ਅਤੇ ਲੀਕ ਹੋਈਆਂ ਈਮੇਲਾਂ ਦੀ ਜਾਂਚ ਤੋਂ ਬਾਅਦ ਹੋਇਆ ਹੈ। ਇਹ ਜਾਇਦਾਦ 'ਲਾ ਰੇਂਜੋ' ਬਿਲਡਿੰਗ ਵਿੱਚ ਸਥਿਤ ਹੈ, ਜਿਸ ਵਿੱਚ 21 ਕਮਰੇ, ਪ੍ਰਾਈਵੇਟ ਸਵੀਮਿੰਗ ਪੂਲ, ਜਕੂਜ਼ੀ ਅਤੇ ਘੱਟੋ-ਘੱਟ ਅੱਠ ਪਾਰਕਿੰਗ ਸਪੇਸ ਸ਼ਾਮਲ ਹਨ। ਇਹ ਵਾਟਰਫਰੰਟ ਪ੍ਰਾਪਰਟੀ ਸਮੁੰਦਰ ਦੇ ਕਿਨਾਰੇ ਬਣੀ ਹੈ ਅਤੇ ਕਰੀਬ 2,500 ਵਰਗ ਮੀਟਰ ਖੇਤਰ ਵਿੱਚ ਫੈਲੀ ਹੋਈ ਹੈ।
ਰਿਕਾਰਡ ਬਣਾਉਣ ਵਾਲਾ ਸੌਦਾ
2024 ਵਿੱਚ ਹੋਈ ਇਹ ਖਰੀਦਦਾਰੀ ਮੋਨਾਕੋ ਦੇ ਮਾਰੇਟੇਰਾ ਜ਼ਿਲ੍ਹੇ ਦੀ ਲਾ ਰੇਂਜੋ ਇਮਾਰਤ ਵਿੱਚ ਕੀਤੀ ਗਈ। ਮਾਰੇਟੇਰਾ ਨੂੰ ਸਮੁੰਦਰ ਤੋਂ ਜ਼ਮੀਨ ਸੁਧਾਰ (reclamation) ਰਾਹੀਂ ਵਿਕਸਤ ਕੀਤਾ ਗਿਆ ਹੈ ਅਤੇ 2024 ਵਿੱਚ ਪ੍ਰਿੰਸ ਅਲਬਰਟ II ਦੁਆਰਾ ਇਸਦਾ ਉਦਘਾਟਨ ਕੀਤਾ ਗਿਆ ਸੀ। ਅਖ਼ਮੇਤੋਵ ਦੀ ਹੋਲਡਿੰਗ ਕੰਪਨੀ ਸਿਸਟਮ ਕੈਪੀਟਲ ਮੈਨੇਜਮੈਂਟ (SCM) ਨੇ ਇਹ ਜਾਇਦਾਦ ਖਰੀਦੀ ਹੈ। ਇਹ ਸੌਦਾ ਵਿਸ਼ਵ ਪੱਧਰੀ ਲਗਜ਼ਰੀ ਰੀਅਲ ਅਸਟੇਟ ਮਾਰਕੀਟ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਲੰਡਨ ਵਿੱਚ ਵੀ ਕੀਤੀ ਸੀ ਰਿਕਾਰਡ ਖਰੀਦਦਾਰੀ
ਰਿਨਾਤ ਅਖ਼ਮੇਤੋਵ ਲਗਜ਼ਰੀ ਜਾਇਦਾਦਾਂ ਦੇ ਸ਼ੌਕੀਨ ਹਨ। ਸਾਲ 2011 ਵਿੱਚ ਉਨ੍ਹਾਂ ਨੇ ਲੰਡਨ ਦੇ ਵਨ ਹਾਈਡ ਪਾਰਕ ਵਿੱਚ ਦੋ ਅਪਾਰਟਮੈਂਟ ਖਰੀਦੇ ਅਤੇ ਉਨ੍ਹਾਂ ਨੂੰ ਮਿਲਾ ਕੇ ਇੱਕ ਸ਼ਾਨਦਾਰ ਪੈਂਟਹਾਊਸ ਬਣਾਇਆ। ਉਸ ਸਮੇਂ ਇਸ ਦੀ ਕੀਮਤ 930 ਕਰੋੜ ਰੁਪਏ ਤੋਂ ਵੱਧ ਸੀ, ਜੋ ਬ੍ਰਿਟੇਨ ਦੇ ਇਤਿਹਾਸ ਦੀ ਸਭ ਤੋਂ ਮਹਿੰਗੀ ਰਿਹਾਇਸ਼ੀ ਖਰੀਦ ਸੀ। ਇਸ ਤੋਂ ਇਲਾਵਾ, ਉਨ੍ਹਾਂ ਕੋਲ ਲਗਭਗ 5,510 ਕਰੋੜ ਰੁਪਏ ਦੀ ਲਗਜ਼ਰੀ ਕਿਸ਼ਤੀ (ਯਾਟ) ਵੀ ਹੈ।
ਤੰਗਹਾਲੀ ਵਿੱਚ ਬੀਤਿਆ ਬਚਪਨ
ਰਿਨਾਤ ਅਖ਼ਮੇਤੋਵ ਦਾ ਜਨਮ 1966 ਵਿੱਚ ਯੂਕਰੇਨ ਦੇ ਡੋਨੇਟਸਕ ਸ਼ਹਿਰ ਵਿੱਚ ਇੱਕ ਮਜ਼ਦੂਰ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦਾ ਬਚਪਨ ਬਹੁਤ ਗਰੀਬੀ ਵਿੱਚ ਬੀਤਿਆ। ਪਰਿਵਾਰ ਦਾ ਘਰ ਸਿਰਫ਼ 215 ਵਰਗ ਫੁੱਟ ਦਾ ਸੀ, ਜਿਸ ਵਿੱਚ ਨਾ ਪਖਾਨੇ ਦੀ ਸਹੂਲਤ ਸੀ ਅਤੇ ਨਾ ਹੀ ਪਾਣੀ ਦੀ।
ਇੱਕ ਵਾਰ ਜਦੋਂ ਉਹ ਡਾਕਟਰ ਤੋਂ ਇਲਾਜ ਕਰਵਾ ਕੇ ਆਪਣੀ ਮਾਂ ਨਾਲ ਪਰਤ ਰਹੇ ਸਨ, ਤਾਂ ਰਸਤੇ ਵਿੱਚ ਉਨ੍ਹਾਂ ਦੀ ਨਜ਼ਰ ਮਾਂ ਦੇ ਖਾਲੀ ਬਟੂਏ (ਪਰਸ) 'ਤੇ ਪਈ। ਇਸ ਦ੍ਰਿਸ਼ ਨੇ ਉਨ੍ਹਾਂ ਨੂੰ ਬਹੁਤ ਦੁਖੀ ਕਰ ਦਿੱਤਾ। ਉਦੋਂ ਹੀ ਉਨ੍ਹਾਂ ਨੇ ਮਨ ਵਿੱਚ ਧਾਰ ਲਿਆ ਕਿ ਇੱਕ ਦਿਨ ਉਹ ਵੱਡੇ ਫੁੱਟਬਾਲਰ ਬਣਨਗੇ ਅਤੇ ਆਪਣੀ ਮਾਂ ਦਾ ਪਰਸ ਪੈਸਿਆਂ ਨਾਲ ਭਰ ਦੇਣਗੇ। 29 ਸਾਲ ਬਾਅਦ ਉਹ ਯੂਕਰੇਨ ਦੇ ਮਸ਼ਹੂਰ ਫੁੱਟਬਾਲ ਕਲੱਬ ਐਫਸੀ ਸ਼ਾਖਤਾਰ ਡੋਨੇਟਸਕ ਦੇ ਪ੍ਰੈਜ਼ੀਡੈਂਟ ਬਣ ਗਏ।
ਕਿਵੇਂ ਰਿਹਾ ਸਫਰ?
1990 ਦੇ ਦਹਾਕੇ ਵਿੱਚ ਅਖ਼ਮੇਤੋਵ ਨੇ 'ਆਰਸ' ਕੰਪਨੀ ਦੀ ਸ਼ੁਰੂਆਤ ਕੀਤੀ ਅਤੇ ਕੋਲਾ ਵਪਾਰ ਤੋਂ ਆਪਣੇ ਕਰੀਅਰ ਦੀ ਨੀਂਹ ਰੱਖੀ। ਇੱਥੋਂ ਹੀ ਉਨ੍ਹਾਂ ਨੇ ਪਹਿਲੀ ਵਾਰ ਕਰੀਬ 10 ਲੱਖ ਰੁਪਏ ਕਮਾਏ। ਬਾਅਦ ਵਿੱਚ ਉਨ੍ਹਾਂ ਨੇ ਐਨਰਜੀ, ਬੈਂਕਿੰਗ ਅਤੇ ਸਟੀਲ ਖੇਤਰਾਂ ਵਿੱਚ ਕਦਮ ਰੱਖਿਆ।
ਵਰਤਮਾਨ ਵਿੱਚ ਉਨ੍ਹਾਂ ਦੀ ਹੋਲਡਿੰਗ ਕੰਪਨੀ ਸਿਸਟਮ ਕੈਪੀਟਲ ਮੈਨੇਜਮੈਂਟ (SCM) ਯੂਕਰੇਨ ਦੀਆਂ ਸਭ ਤੋਂ ਵੱਡੀਆਂ ਉਦਯੋਗਿਕ ਕੰਪਨੀਆਂ ਵਿੱਚੋਂ ਇੱਕ ਹੈ। 2000 ਦੇ ਦਹਾਕੇ ਵਿੱਚ ਉਹ ਅਰਬਪਤੀ ਬਣ ਗਏ। ਆਪਣੀ ਸਫਲਤਾ ਤੋਂ ਬਾਅਦ ਉਨ੍ਹਾਂ ਨੇ ਬਚਪਨ ਦੀ ਪੁਰਾਣੀ ਝੌਂਪੜੀ ਵਾਲੀ ਥਾਂ 'ਤੇ ਆਪਣੀ ਮਾਂ ਲਈ ਇੱਕ ਵੱਡਾ ਅਤੇ ਸੁੰਦਰ ਮਹਿਲ ਬਣਵਾ ਦਿੱਤਾ। ਅੱਜ ਉਨ੍ਹਾਂ ਦੀ ਕੁੱਲ ਸੰਪਤੀ ਲਗਭਗ 7.8 ਬਿਲੀਅਨ ਡਾਲਰ (ਕਰੀਬ 73,000 ਕਰੋੜ ਰੁਪਏ ਤੋਂ ਵੱਧ) ਦੱਸੀ ਜਾਂਦੀ ਹੈ।