73 ਸਾਲਾ ਕਾਰਕੀ ਨੇ ਕਰੀਬ 11 ਵਜੇ ਕਾਠਮੰਡੂ ਦੇ ਸਿੰਘ ਦਰਬਾਰ ਸਕੱਤਰੇਤ ’ਚ ਨਵੇਂ ਬਣੇ ਗ੍ਰਹਿ ਮੰਤਰਾਲੇ ਦੀ ਇਮਾਰਤ ’ਚ ਪੀਐੱਮ ਦਾ ਅਹੁਦਾ ਸੰਭਾਲਿਆ। ਨੇਪਾਲ ਦੀ ਸਾਬਕਾ ਚੀਫ ਜਸਟਿਸ ਨੂੰ ਰਾਸ਼ਟਰਪਤੀ ਰਾਮਚੰਦਰ ਪੌਡੇਲ ਨਵੇ ਜੈੱਨ-ਜ਼ੀ ਸਮੂਹ ਦੀ ਸਿਫਾਰਿਸ਼ ’ਤੇ ਕਾਰਜਕਾਰੀ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਸੀ। ਇਸ ਸਮੂਹ ਨੇ ਵਿਰੋਧ ਪ੍ਰਦਰਸ਼ਨ ਰਾਹੀਂ ਮੰਗਲਵਾਰ ਨੂੰ ਕੇਪੀ ਸ਼ਰਮਾ ਓਲੀ ਸਰਕਾਰ ਨੂੰ ਪੁੱਟ ਸੁੱਟਿਆ ਸੀ।
ਕਾਠਮੰਡੂ (ਪੀਟੀਆਈ) : ਨੇਪਾਲ ਦੀ ਪ੍ਰਧਾਨ ਮੰਤਰੀ ਸੁਸ਼ੀਲਾ ਕਾਰਕੀ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਜੈੱਨ-ਜ਼ੀ ਪ੍ਰਦਰਸ਼ਨ ਦੌਰਾਨ ਮਾਰੇ ਗਏ ਲੋਕਾਂ ਨੂੰ ਸ਼ਹੀਦਾਂ ਦਾ ਦਰਜਾ ਦਿੱਤਾ ਜਾਵੇਗਾ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ 10 ਲੱਖ ਨੇਪਾਲੀ ਰੁਪਏ ਦੀ ਮਦਦ ਰਾਸ਼ੀ ਦਿੱਤੀ ਜਾਵੇਗੀ। ਨਾਲ ਹੀ ਕਿਹਾ ਕਿ ਪਿਛਲੇ ਹਫ਼ਤੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਦੇਸ਼ ਭਰ ’ਚ ਹਿੰਸਾ ਤੇ ਵਿਨਾਸ਼ ’ਚ ਸ਼ਾਮਲ ਲੋਕਾਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਂਦਾ ਜਾਵੇਗਾ।
73 ਸਾਲਾ ਕਾਰਕੀ ਨੇ ਕਰੀਬ 11 ਵਜੇ ਕਾਠਮੰਡੂ ਦੇ ਸਿੰਘ ਦਰਬਾਰ ਸਕੱਤਰੇਤ ’ਚ ਨਵੇਂ ਬਣੇ ਗ੍ਰਹਿ ਮੰਤਰਾਲੇ ਦੀ ਇਮਾਰਤ ’ਚ ਪੀਐੱਮ ਦਾ ਅਹੁਦਾ ਸੰਭਾਲਿਆ। ਨੇਪਾਲ ਦੀ ਸਾਬਕਾ ਚੀਫ ਜਸਟਿਸ ਨੂੰ ਰਾਸ਼ਟਰਪਤੀ ਰਾਮਚੰਦਰ ਪੌਡੇਲ ਨਵੇ ਜੈੱਨ-ਜ਼ੀ ਸਮੂਹ ਦੀ ਸਿਫਾਰਿਸ਼ ’ਤੇ ਕਾਰਜਕਾਰੀ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਸੀ। ਇਸ ਸਮੂਹ ਨੇ ਵਿਰੋਧ ਪ੍ਰਦਰਸ਼ਨ ਰਾਹੀਂ ਮੰਗਲਵਾਰ ਨੂੰ ਕੇਪੀ ਸ਼ਰਮਾ ਓਲੀ ਸਰਕਾਰ ਨੂੰ ਪੁੱਟ ਸੁੱਟਿਆ ਸੀ।
ਅਹੁਦਾ ਸੰਭਾਲਣ ਦੇ ਤੁਰੰਤ ਬਾਅਦ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਕਾਰਕੀ ਨੇ ਕਿਹਾ ਕਿ ਹਿੰਸਾ ਤੇ ਜਨਤਕ ਤੇ ਨਿੱਜੀ ਜਾਇਦਾਦ ਦੀ ਤੋੜ-ਭੰਨ ’ਚ ਸ਼ਾਮਲ ਲੋਕਾਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਨੌਂ ਸਤੰਬਰ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਅਗਜ਼ਨੀ ਤੇ ਤੋੜ-ਭੰਨ ਪਹਿਲਾਂ ਹੀ ਤੈਅ ਸੀ, ਇਹ ਇਕ ਅਪਰਾਧਿਕ ਕਾਰਾ ਹੈ ਤੇ ਜੈੱਨ-ਜ਼ੀ ਪ੍ਰਦਰਸ਼ਨਕਾਰੀ ਅਜਿਹੀਆਂ ਸਰਗਰਮੀਆਂ ’ਚ ਸ਼ਾਮਲ ਨਹੀਂ ਸਨ। ਇਸਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਮੁੱਖ ਸਕੱਤਰ ਏਕਨਾਰਾਇਣ ਅਰਯਾਲ ਨੂੰ ਦੇਸ਼ ਭਰ ’ਚ ਨਸ਼ਟ ਹੋਈਆਂ ਪੁਲਿਸ ਚੌਕੀਆਂ ਦੀ ਮੁਰੰਮਤ ਦਾ ਪ੍ਰਬੰਧ ਕਰਨ ਦਾ ਵੀ ਹੁਕਮ ਦਿੱਤਾ।
ਪ੍ਰਦਰਸ਼ਨ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਹੋਈ 72
ਨੇਪਾਲ ’ਚ ਜੈੱਨ-ਜ਼ੀ ਪ੍ਰਦਰਸ਼ਨਾਂ ’ਚ ਮਰਨ ਵਾਲਿਆਂ ਗਿਣਤੀ ਐਤਵਾਰ ਨੂੰ 72 ਹੋ ਗਈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ’ਚ 59 ਪ੍ਰਦਰਸ਼ਨਕਾਰੀ, ਤਿੰਨ ਪੁਲਿਸ ਅਧਿਕਾਰੀ ਤੇ 10 ਕੈਦੀ ਸ਼ਾਮਲ ਹਨ, ਜੋ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਵਿਚਾਲੇ ਨੇਪਾਲ ਪੁਲਿਸ ਨੇ ਜੈੱਨ-ਜ਼ੀ ਪ੍ਰਦਰਸ਼ਨਾਂ ਦੌਰਾਨ ਵੱਖ ਵੱਖ ਜੇਲ੍ਹਾਂ ’ਚੋਂ ਭੱਜੇ 3723 ਕੈਦੀਆਂ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ, 10,320 ਕੈਦੀ ਹਾਲੇ ਵੀ ਫ਼ਰਾਰ ਹਨ। ਕੁਝ ਕੈਦੀ ਇੱਛਾ ਨਾਲ ਪਰਤ ਆਏ, ਜਦਕਿ ਸਰਹੱਦ ’ਤੇ ਭਾਰਤੀ ਸੁਰੱਖਿਆ ਬਲਾਂ ਨੇ ਵੀ ਉਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕਰਨ ’ਚ ਮਦਦ ਕੀਤੀ, ਜੋ ਭਾਰਤ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ।