ਮੀਡੀਆ ਰਿਪੋਰਟ ਵਿਚ ਗਾਰਮੇਂਡੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਦਫ਼ਤਰ ਨੇ ਆਈਸੀਈ ਨੂੰ ਬੇਨਤੀ ਕੀਤੀ ਹੈ ਕਿ ਹਰਜੀਤ ਕੌਰ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ ਜਾਵੇ। ਗਾਰਮੇਂਡੀ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਇਮੀਗ੍ਰੇਸ਼ਨ ਨੀਤੀ ਵਿਚ ਬੁਰੇ ਲੋਕਾਂ ਨੂੰ ਹਟਾਉਣ ਦਾ ਵਾਅਦਾ ਕੀਤਾ ਸੀ। ਫਿਰ ਵੀ ਟਰੰਪ ਪ੍ਰਸ਼ਾਸਨ ਨੇ 73 ਸਾਲਾ ਔਰਤ ਨੂੰ ਹਿਰਾਸਤ ’ਚ ਲੈਣ ਦਾ ਫ਼ੈਸਲਾ ਕੀਤਾ ਜਿਸ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਹੈ। ਸਾਡਾ ਦਫ਼ਤਰ ਉਨ੍ਹਾਂ ਦੇ ਪਰਿਵਾਰ ਦਾ ਸਮਰਥਨ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗਾ।
ਨਿਊਯਾਰਕ (ਪੀਟੀਆਈ) : 33 ਸਾਲਾਂ ਤੋਂ ਅਮਰੀਕਾ ਵਿਚ ਰਹਿ ਰਹੀ 73 ਸਾਲਾ ਸਿੱਖ ਔਰਤ ਹਰਜੀਤ ਕੌਰ ਨੂੰ ਕੈਲੀਫੋਰਨੀਆ ’ਚ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਹਿਰਾਸਤ ’ਚ ਲਏ ਜਾਣ ਦਾ ਮਾਮਲਾ ਸਾਹਮਣੇ ਮਗਰੋਂ ਸਿੱਖ ਭਾਈਚਾਰੇ ਸਮੇਤ ਪਰਵਾਸੀ ਭਾਰਤੀਆਂ ’ਚ ਗੁੱਸਾ ਹੈ। ਉਸ ਦੇ ਪਰਿਵਾਰ ਨੇ ਉਸ ਦੀ ਰਿਹਾਈ ਦੀ ਮੰਗ ਕੀਤੀ ਹੈ।
ਹਰਜੀਤ ਕੌਰ ਦੇ ਪਰਿਵਾਰ, ਇੰਡੀਵਿਜਿਬਲ ਵੈਸਟ ਕਾਂਟਰਾ ਕੋਸਟਾ ਕਾਊਂਟੀ ਅਤੇ ਸਿੱਖ ਸੈਂਟਰ ਨੇ ਸ਼ੁੱਕਰਵਾਰ ਨੂੰ ਮੁਜ਼ਾਹਰਾ ਕੀਤਾ। ਇਸ ਮੁਜ਼ਾਹਰੇ ’ਚ ਅਮਰੀਕਾ ਦੇ ਸੰਸਦ ਮੈਂਬਰ ਜੌਨ ਗਾਰਮੇਂਡੀ, ਸਥਾਨਕ ਨੁਮਾਇੰਦੇ ਤੇ ਕਈ ਆਗੂ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਹਰਜੀਤ ਕੌਰ ਨੂੰ ਇਸ ਹਫ਼ਤੇ ਦੇ ਸ਼ੁਰੂ ਵਿਚ ਨਿਯਮਤ ਜਾਂਚ ਦੌਰਾਨ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈਸੀਈ) ਦੇ ਅਧਿਕਾਰੀਆਂ ਨੇ ਹਿਰਾਸਤ ’ਚ ਲਿਆ ਸੀ। ਉਨ੍ਹਾਂ ਨੂੰ ਬੇਕਰਸਫੀਲਡ ਦੇ ਡਿਟੈਂਸ਼ਨ ਸੈਂਟਰ ’ਚ ਲਿਜਾਇਆ ਗਿਆ ਹੈ।
ਹਰਜੀਤ ਕੌਰ 30 ਸਾਲਾਂ ਤੋਂ ਵੱਧ ਸਮੇਂ ਤੋਂ ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਦੇ ਈਸਟ ਬੇ ਵਿਚ ਰਹਿ ਰਹੀ ਹੈ। ਉਨ੍ਹਾਂ ਦੇ ਦੋ ਪੋਤੇ ਤੇ ਤਿੰਨ ਪੋਤੀਆਂ ਹਨ। ਉਹ ਇਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਨਿਯਮਤ ਇਮੀਗ੍ਰੇਸ਼ਨ ਜਾਂਚ (ਜਿਹੜੀ ਹਰ ਛੇ ਮਹੀਨਿਆਂ ’ਚ ਹੁੰਦੀ ਹੈ) ਦੀ ਪਾਲਣਾ ਕਰ ਰਹੀ ਸੀ। ਉਨ੍ਹਾਂ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਹੈ।
ਰਿਪੋਰਟ ਮੁਤਾਬਕ, ਹਰਜੀਤ ਕੌਰ ਕੋਲ ਕੋਈ ਦਸਤਾਵੇਜ਼ ਨਹੀਂ ਸੀ। ਉਹ ਗ਼ੈਰ-ਕਾਨੂੰਨੀ ਪਰਵਾਸੀ ਹੈ। ਉਹ 1992 ਵਿਚ ਭਾਰਤ ਤੋਂ ਦੋ ਪੁੱਤਰਾਂ ਨਾਲ ਇਕ ਸਿੰਗਲ ਮਦਰ ਵਜੋਂ ਅਮਰੀਕਾ ਆਈ ਸੀ। ਉਨ੍ਹਾਂ ਦੀ ਨੂੰਹ ਮਨਜੀਤ ਕੌਰ ਨੇ ਦੱਸਿਆ ਕਿ 2012 ਵਿਚ ਹਰਜੀਤ ਕੌਰ ਦੀ ਪਨਾਹ ਦੀ ਅਰਜ਼ੀ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ ਸੀ ਪਰ ਉਦੋਂ ਤੋਂ ਉਹ 13 ਸਾਲਾਂ ਤੋਂ ਹਰ ਛੇ ਮਹੀਨਿਆਂ ਵਿਚ ਸਾਨ ਫਰਾਂਸਿਸਕੋ ਸਥਿਤ ਆਈਸੀਈ ਵਿਚ ਜਾਂਦੀ ਰਹੀ।
ਮੀਡੀਆ ਰਿਪੋਰਟ ਵਿਚ ਗਾਰਮੇਂਡੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਦਫ਼ਤਰ ਨੇ ਆਈਸੀਈ ਨੂੰ ਬੇਨਤੀ ਕੀਤੀ ਹੈ ਕਿ ਹਰਜੀਤ ਕੌਰ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ ਜਾਵੇ। ਗਾਰਮੇਂਡੀ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਇਮੀਗ੍ਰੇਸ਼ਨ ਨੀਤੀ ਵਿਚ ਬੁਰੇ ਲੋਕਾਂ ਨੂੰ ਹਟਾਉਣ ਦਾ ਵਾਅਦਾ ਕੀਤਾ ਸੀ। ਫਿਰ ਵੀ ਟਰੰਪ ਪ੍ਰਸ਼ਾਸਨ ਨੇ 73 ਸਾਲਾ ਔਰਤ ਨੂੰ ਹਿਰਾਸਤ ’ਚ ਲੈਣ ਦਾ ਫ਼ੈਸਲਾ ਕੀਤਾ ਜਿਸ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਹੈ। ਸਾਡਾ ਦਫ਼ਤਰ ਉਨ੍ਹਾਂ ਦੇ ਪਰਿਵਾਰ ਦਾ ਸਮਰਥਨ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗਾ।
ਲੋਕਲ ਕੌਂਸਲ ਦੇ ਮੈਂਬਰ ਦਿਲੀ ਭੱਟਾਰਾਈ ਨੇ ਕਿਹਾ ਕਿ ਉਹ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਰਹੀ। ਕਮਿਊਨਿਟੀ ਦੇ ਮੈਂਬਰ ਵਜੋਂ ਉਨ੍ਹਾਂ ਨੂੰ ਇੱਥੇ ਰਹਿਣ ਦਾ ਪੂਰਾ ਹੱਕ ਹੈ। ਸਾਨੂੰ ਸਾਰਿਆਂ ਨੂੰ ਉਨ੍ਹਾਂ ਦੀ ਤੁਰੰਤ ਰਿਹਾਈ ਦਾ ਸਮਰਥਨ ਕਰਨਾ ਚਾਹੀਦਾ ਹੈ। ਹਰਜੀਤ ਕੌਰ ਦੀ ਪੋਤੀ ਸੁਖਦੀਪ ਕੌਰ ਨੇ ਕਿਹਾ ਕਿ ਅਸੀਂ ਸਾਰੇ ਸਦਮੇ ਵਿਚ ਹਾਂ। ਪਰਿਵਾਰ ਨੇ ਉਨ੍ਹਾਂ ਦੀ ਸਿਹਤ ਬਾਰੇ ਚਿੰਤਾ ਪ੍ਰਗਟਾਈ ਹੈ। ਪਰਿਵਾਰ ਨੇ ਕਿਹਾ ਕਿ ਗੰਭੀਰ ਸਿਹਤ ਸਮੱਸਿਆਵਾਂ ਜਿਵੇਂ ਥਾਇਰਾਇਡ, ਮਾਈਗ੍ਰੇਨ, ਗੋਡਿਆਂ ਦਾ ਦਰਦ ਅਤੇ ਚਿੰਤਾ ਕਾਰਨ ਹਿਰਾਸਤ ’ਚ ਰਹਿਣਾ ਉਨ੍ਹਾਂ ਲਈ ਖ਼ਤਰਾ ਹੋ ਸਕਦਾ ਹੈ।