ਟਰੰਪ ਦਾ 'ਟੈਰਿਫ ਵਾਰ' ਤੇ ਗਲੋਬਲ ਚਿਤਾਵਨੀਆਂ: ਹੁਣ ਕੈਨੇਡਾ, ਬਰਤਾਨੀਆ ਤੇ ਕਿਊਬਾ 'ਤੇ ਤਣੀਆਂ ਨਜ਼ਰਾਂ; ਦੁਨੀਆ ਭਰ 'ਚ ਮਚੀ ਹਲਚਲ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਮੁੜ ਆਪਣੇ ਰੰਗ ’ਚ ਪਰਤ ਆਏ ਹਨ। ਉਨ੍ਹਾਂ ਨੇ ਧਮਕਾਉਣ ਵਾਲੇ ਅੰਦਾਜ਼ ’ਚ ਤਿੰਨ ਦੇਸ਼ਾਂ- ਕਿਊਬਾ, ਕੈਨੇਡਾ ਤੇ ਬਰਤਾਨੀਆ ਨੂੰ ਆਪਣੇ ਲਪੇਟੇ ’ਚ ਲਿਆ ਹੈ। ਇਸ ਨੂੰ ਟਰੰਪ ਦੀ ਧਿਆਨ ਭਟਕਾਉਣ ਦੀ ਕਾਰਵਾਈ ਮੰਨਿਆ ਜਾ ਰਿਹਾ ਹੈ। ਇਨ੍ਹੀਂ ਦਿਨੀਂ ਉਹ ਇਮੀਗ੍ਰੇਸ਼ਨ ਕਾਰਵਾਈ ਨੂੰ ਲੈ ਕੇ ਆਪਣੇ ਹੀ ਦੇਸ਼ ’ਚ ਨਿਸ਼ਾਨੇ ’ਤੇ ਹਨ। ਨਾਲ ਹੀ ਡੈਮੋਕ੍ਰੇਟ ਪਾਰਟੀ ਦੀ ਨਾਰਾਜ਼ਗੀ ਕਾਰਨ ਉਨ੍ਹਾਂ ਦੀ ਸਰਕਾਰ ’ਤੇ ਸ਼ਟਡਾਊਨ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ। ਟਰੰਪ ਨੇ ਜਿੱਥੇ ਕਿਊਬਾ ਨੂੰ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਦੱਸਦੇ ਹੋਏ ਉਸ ਨੂੰ ਤੇਲ ਸਪਲਾਈ ਕਰਨ ਵਾਲੇ ਕਿਸੇ ਵੀ ਦੇਸ਼ ’ਤੇ ਟੈਰਿਫ ਲਗਾਉਣ ਦੀ ਧਮਕੀ ਦ
Publish Date: Sat, 31 Jan 2026 11:54 AM (IST)
Updated Date: Sat, 31 Jan 2026 11:55 AM (IST)
ਵਾਸ਼ਿੰਗਟਨ (ਰਾਇਟਰ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਮੁੜ ਆਪਣੇ ਰੰਗ ’ਚ ਪਰਤ ਆਏ ਹਨ। ਉਨ੍ਹਾਂ ਨੇ ਧਮਕਾਉਣ ਵਾਲੇ ਅੰਦਾਜ਼ ’ਚ ਤਿੰਨ ਦੇਸ਼ਾਂ- ਕਿਊਬਾ, ਕੈਨੇਡਾ ਤੇ ਬਰਤਾਨੀਆ ਨੂੰ ਆਪਣੇ ਲਪੇਟੇ ’ਚ ਲਿਆ ਹੈ। ਇਸ ਨੂੰ ਟਰੰਪ ਦੀ ਧਿਆਨ ਭਟਕਾਉਣ ਦੀ ਕਾਰਵਾਈ ਮੰਨਿਆ ਜਾ ਰਿਹਾ ਹੈ। ਇਨ੍ਹੀਂ ਦਿਨੀਂ ਉਹ ਇਮੀਗ੍ਰੇਸ਼ਨ ਕਾਰਵਾਈ ਨੂੰ ਲੈ ਕੇ ਆਪਣੇ ਹੀ ਦੇਸ਼ ’ਚ ਨਿਸ਼ਾਨੇ ’ਤੇ ਹਨ। ਨਾਲ ਹੀ ਡੈਮੋਕ੍ਰੇਟ ਪਾਰਟੀ ਦੀ ਨਾਰਾਜ਼ਗੀ ਕਾਰਨ ਉਨ੍ਹਾਂ ਦੀ ਸਰਕਾਰ ’ਤੇ ਸ਼ਟਡਾਊਨ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ। ਟਰੰਪ ਨੇ ਜਿੱਥੇ ਕਿਊਬਾ ਨੂੰ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਦੱਸਦੇ ਹੋਏ ਉਸ ਨੂੰ ਤੇਲ ਸਪਲਾਈ ਕਰਨ ਵਾਲੇ ਕਿਸੇ ਵੀ ਦੇਸ਼ ’ਤੇ ਟੈਰਿਫ ਲਗਾਉਣ ਦੀ ਧਮਕੀ ਦਿੱਤੀ, ਉੱਥੇ ਕੈਨੇਡਾ ’ਚ ਬਣਨ ਵਾਲੇ ਜਹਾਜ਼ਾਂ ਨੂੰ ਆਪਣੇ ਨਿਸ਼ਾਨੇ ’ਤੇ ਲਿਆ। ਇਸ ਤੋਂ ਇਲਾਵਾ ਬਰਤਾਨੀਆ ਦੀ ਚੀਨ ਨਾਲ ਵਧਦੀ ਨਜ਼ਦੀਕੀ ’ਤੇ ਟਰੰਪ ਨੇ ਤੇਵਰ ਤਿੱਖੇ ਕੀਤੇ ਹਨ।
ਕਿਊਬਾ ਨੂੰ ਟਰੰਪ ਦੀ ਧਮਕੀ ’ਤੇ ਮੈਕਸੀਕੋ ਨੇ ਤੇਲ ਸਪਲਾਈ ਰੋਕੀ
ਟਰੰਪ ਨੇ ਕਿਊਬਾ ਨੂੰ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਦੱਸਦੇ ਹੋਏ ਤੇਲ ਸਪਲਾਈ ਕਰਨ ਵਾਲੇ ਕਿਸੇ ਵੀ ਦੇਸ਼ ’ਤੇ ਨਵੇਂ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ। ਇਹ ਕਦਮ ਕਿਊਬਾ ’ਤੇ ਦਬਾਅ ਵਧਾਉਣ ਦੀ ਅਮਰੀਕੀ ਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਟਰੰਪ ਨੇ ਰਾਸ਼ਟਰੀ ਐਮਰਜੈਂਸੀ ਐਲਾਨਦੇ ਹੋਏ ਇਕ ਕਾਰਜਕਾਰੀ ਆਦੇਸ਼ ਨੂੰ ਮਨਜ਼ੂਰੀ ਦਿੱਤੀ ਹੈ। ਹਾਲਾਂਕਿ ਇਸ ਵਿਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਟੈਰਿਫ ਦੀ ਦਰ ਕੀ ਹੋਵੇਗੀ ਜਾਂ ਕਿਨ੍ਹਾਂ ਦੇਸ਼ਾਂ ਨੂੰ ਸਿੱਧੇ ਨਿਸ਼ਾਨਾ ਬਣਾਇਆ ਜਾਵੇਗਾ। ਕਿਊਬਾ ਦੇ ਸਰਕਾਰੀ ਮੀਡੀਆ ਨੇ ਇਸ ਫ਼ੈਸਲੇ ’ਤੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ। ਕਿਊਬਾ ਸਰਕਾਰ ਦਾ ਕਹਿਣਾ ਹੈ ਕਿ ਜੇਕਰ ਤੇਲ ਦੀ ਸਪਲਾਈ ਰੁਕਦੀ ਹੈ ਤਾਂ ਦੇਸ਼ ’ਚ ਬਿਜਲੀ ਪੈਦਾਵਾਰ, ਖੇਤੀ ਕੰਮ, ਪਾਣੀ ਦੀ ਸਪਲਾਈ ਤੇ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੀਆਂ। ਸਰਕਾਰੀ ਬਿਆਨ ’ਚ ਇਸ ਨੂੰ ਕਿਊਬਾ ਦੇ ਆਮ ਲੋਕਾਂ ਦੇ ਖ਼ਿਲਾਫ਼ ਕਦਮ ਦੱਸਿਆ ਗਿਆ ਹੈ।
ਟਰੰਪ ਨੇ ਹਾਲੀਆ ਦਿਨਾਂ ’ਚ ਕਿਊਬਾ ਖ਼ਿਲਾਫ਼ ਸਖ਼ਤ ਰੁਖ਼ ਅਪਣਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਿਊਬਾ ਦੀ ਆਰਥਿਕ ਸਥਿਤੀ ਹੋਰ ਕਮਜ਼ੋਰ ਹੁੰਦੀ ਜਾ ਰਹੀ ਹੈ। ਪਹਿਲਾਂ ਕਿਊਬਾ ਨੂੰ ਵੈਨੇਜ਼ੁਏਲਾ ਤੋਂ ਤੇਲ ਮਿਲਦਾ ਸੀ ਪਰ ਉੱਥੋਂ ਸਪਲਾਈ ਘੱਟ ਹੋ ਚੁੱਕੀ ਹੈ।
ਇਸ ਦੌਰਾਨ ਮੈਕਸੀਕੋ ਨੇ ਕਿਊਬਾ ਨੂੰ ਤੇਲ ਦੀ ਸਪਲਾਈ ਆਰਜ਼ੀ ਤੌਰ ’ਤੇ ਰੋਕ ਦਿੱਤੀ ਹੈ। ਕਿਊਬਾ ਨੂੰ ਤੇਲ ਸਪਲਾਈ ’ਚ ਮੈਕਸੀਕੋ ਦੀ ਹਿੱਸੇਦਾਰੀ 44 ਫ਼ੀਸਦੀ, ਜਦਕਿ ਵੈਨੇਜ਼ੁਏਲਾ ਦੀ 33 ਫ਼ੀਸਦੀ ਸੀ। ਰੂਸ ਤੋਂ 10 ਫ਼ੀਸਦੀ ਤੇਲ ਕਿਊਬਾ ਨੂੰ ਭੇਜਿਆ ਜਾਂਦਾ ਹੈ। ਵੈਨੇਜ਼ੁਏਲਾ ’ਤੇ ਫ਼ੌਜੀ ਕਾਰਵਾਈ ਤੋਂ ਬਾਅਦ ਤੇਲ ਸਪਲਾਈ ਠੱਪ ਹੈ। ਹਾਲਾਂਕਿ ਮੈਕਸੀਕੋ ਦੀ ਰਾਸ਼ਟਰਪਤੀ ਕਲਾਊਡੀਆ ਸ਼ਿਨਬਾਮ ਨੇ ਕਿਹਾ ਕਿ ਇਹ ਫ਼ੈਸਲਾ ਅਮਰੀਕਾ ਦੇ ਦਬਾਅ ’ਚ ਨਹੀਂ, ਬਲਕਿ ਮੈਕਸੀਕੋ ਦਾ ਆਪਣਾ ਫ਼ੈਸਲਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਭਵਿੱਖ ’ਚ ਸਪਲਾਈ ’ਤੇ ਸਥਿਤੀ ਮੁਤਾਬਕ ਜਾਣਕਾਰੀ ਦਿੱਤੀ ਜਾਵੇਗੀ। ਕਿਊਬਾ ਦੇ ਰਾਸ਼ਟਰਪਤੀ ਮਿਗੁਏਲ ਡਿਆਜ਼-ਕੈਨੇਲ ਨੇ ਕਿਹਾ ਕਿ ਅਮਰੀਕਾ ਨੂੰ ਕਿਊਬਾ ’ਤੇ ਕਿਸੇ ਤਰ੍ਹਾਂ ਦਾ ਸਮਝੌਤਾ ਥੋਪਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।
ਕੈਨੇਡਾ ’ਚ ਜਹਾਜ਼ਾਂ ਦਾ ਸਰਟੀਫਿਕੇਸ਼ਨ ਰੱਦ ਕਰਨ ਦੀ ਚਿਤਾਵਨੀ
ਟਰੰਪ ਨੇ ਕੈਨੇਡਾ ਖ਼ਿਲਾਫ਼ ਇਕ ਹੋਰ ਸਖ਼ਤ ਕਦਮ ਚੁੱਕਣ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੈਨੇਡਾ ਨੇ ਅਮਰੀਕੀ ਕੰਪਨੀ ਗਲਫਸਟਰੀਮ ਦੇ ਕੁਝ ਬਿਜ਼ਨਸ ਜੈੱਟ ਜਹਾਜ਼ਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਤਾਂ ਅਮਰੀਕਾ ਕੈਨੇਡਾ ’ਚ ਬਣੇ ਸਾਰੇ ਜਹਾਜ਼ਾਂ ’ਤੇ 50 ਫ਼ੀਸਦੀ ਤੱਕ ਟੈਰਿਫ ਲਗਾ ਸਕਦਾ ਹੈ। ਨਾਲ ਹੀ ਟਰੰਪ ਨੇ ਬਾਂਬਾਰਡੀਅਰ ਦੇ ਗਲੋਬਲ ਐਕਸਪ੍ਰੈੱਸ ਜਹਾਜ਼ਾਂ ਦਾ ਸਰਟੀਫਿਕੇਸ਼ਨ ਰੱਦ ਕਰਨ ਦੀ ਗੱਲ ਵੀ ਕਹੀ ਹੈ। ਟਰੰਪ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਗਲਫਸਟਰੀਮ ਦੇ ਜਹਾਜ਼ਾਂ ਨੂੰ ਤੁਰੰਤ ਮਨਜ਼ੂਰੀ ਨਹੀਂ ਮਿਲੀ ਤਾਂ ਕੈਨੇਡਾ ਤੋਂ ਆਉਣ ਵਾਲੇ ਜਹਾਜ਼ਾਂ ’ਤੇ ਭਾਰੀ ਟੈਰਿਫ ਲਗਾਇਆ ਜਾਵੇਗਾ। ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਤੇ ਕੈਨੇਡਾ ਵਿਚਾਲੇ ਵਪਾਰ ਤੇ ਨਿਯਮ ਆਧਾਰਤ ਆਲਮੀ ਵਿਵਸਥਾ ਬਾਰੇ ਪਹਿਲਾਂ ਤੋਂ ਹੀ ਤਣਾਅ ਚੱਲ ਰਿਹਾ ਹੈ।
ਇਸ ਚਿਤਾਵਨੀ ਦਾ ਅਸਰ ਅਮਰੀਕੀ ਏਅਰਲਾਈਨਜ਼ ’ਤੇ ਵੀ ਪੈ ਸਕਦਾ ਹੈ ਕਿਉਂਕਿ ਕਈ ਖੇਤਰੀ ਸੇਵਾਵਾਂ ਕੈਨੇਡਾ ’ਚ ਬਣੇ ਜਹਾਜ਼ਾਂ ’ਤੇ ਨਿਰਭਰ ਹਨ। ਹਵਾਬਾਜ਼ੀ ਮਾਹਿਰਾਂ ਨੇ ਚਿੰਤਾ ਪ੍ਰਗਟਾਈ ਹੈ ਕਿ ਜੇਕਰ ਆਰਥਿਕ ਕਾਰਨਾਂ ਕਰ ਕੇ ਜਹਾਜ਼ਾਂ ਦਾ ਸਰਟੀਫਿਕੇਸ਼ਨ ਰੱਦ ਕੀਤਾ ਗਿਆ ਤਾਂ ਇਸ ਨਾਲ ਆਲਮੀ ਹਵਾਬਾਜ਼ੀ ਸੁਰੱਖਿਆ ਵਿਵਸਥਾ ’ਤੇ ਸਵਾਲ ਖੜ੍ਹੇ ਹੋ ਸਕਦੇ ਹਨ।
ਬਾਂਬਾਰਡੀਅਰ ਨੇ ਕਿਹਾ ਹੈ ਕਿ ਉਹ ਅਮਰੀਕੀ ਤੇ ਕੈਨੇਡੀਆਈ ਸਰਕਾਰ ਦੇ ਸੰਪਰਕ ’ਚ ਹਨ ਤੇ ਉਮੀਦ ਪ੍ਰਗਟਾਈ ਕਿ ਮਾਮਲਾ ਛੇਤੀ ਹੱਲ ਹੋ ਜਾਵੇਗਾ। ਅੰਕੜਿਆਂ ਮੁਤਾਬਕ, ਅਮਰੀਕਾ ’ਚ ਪੰਜ ਹਜ਼ਾਰ ਤੋਂ ਜ਼ਿਆਦਾ ਕੈਨੇਡਾ ’ਚ ਬਣੇ ਜਹਾਜ਼ ਰਜਿਸਟਰਡ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਕਦਮ ਲਾਗੂ ਹੋਇਆ ਤਾਂ ਛੋਟੇ ਸ਼ਹਿਰਾਂ ਦੀ ਹਵਾਈ ਕੁਨੈਕਟੀਵਿਟੀ ’ਤੇ ਗੰਭੀਰ ਅਸਰ ਪੈ ਸਕਦਾ ਹੈ। ਉੱਧਰ, ਕੈਨੇਡਾ ’ਤੇ ਦਬਾਅ ਵਧਾਉਣ ਦੇ ਪੜਾਅ ’ਚ ਟਰੰਪ ਪ੍ਰਸ਼ਾਸਨ ਨੇ ਅਲਬਰਟਾ ਸੂਬੇ ਦੇ ਵੱਖਵਾਦੀਆਂ, ਅਲਬਰਟਾ ਪ੍ਰਾਸਪੈਰਿਟੀ ਪ੍ਰੋਜੈਕਟ, ਨਾਲ ਤਿੰਨ ਬੈਠਕਾਂ ਕੀਤੀਆਂ। ਇਹ ਵੱਖਵਾਦੀ ਕੈਨੇਡਾ ਦੇ ਪੱਛਮੀ ਸੂਬੇ ਨੂੰ ਦੇਸ਼ ਤੋਂ ਅਲੱਗ ਕਰਨ ਲਈ ਜਨਮਤ ਸੰਗ੍ਰਹਿ ਕਰਾਉਣ ਦਾ ਦਬਾਅ ਬਣਾ ਰਹੇ ਹਨ। ਦੂਜੇ ਪਾਸੇ, ਪੀਐੱਮ ਮਾਰਕ ਕਾਰਨੀ ਨੇ ਇਨ੍ਹਾਂ ਬੈਠਕਾਂ ’ਤੇ ਸਵਾਲ ਉਠਾਉਂਦੇ ਹੋਏ ਅਮਰੀਕਾ ਨੂੰ ਕੈਨੇਡਾ ਦੀ ਖ਼ੁਦਮੁਖਤਾਰੀ ਦਾ ਸਨਮਾਨ ਕਰਨ ਲਈ ਕਿਹਾ ਹੈ। ਕਾਰਨੀ ਨੇ ਕਿਹਾ ਕਿ ਟਰੰਪ ਨਾਲ ਹਰ ਮੁਲਾਕਾਤ ’ਚ ਉਹ ਇਸ ਗੱਲ ਨੂੰ ਲੈ ਕੇ ਬਹੁਤ ਸਪੱਸ਼ਟ ਰਹੇ ਹਨ। ਉਨ੍ਹਾਂ ਕਿਹਾ ਕਿ ਅਲਬਰਟਾ ਦੇ ਮਾਮਲੇ ’ਚ ਟਰੰਪ ਨੇ ਉਨ੍ਹਾਂ ਨਾਲ ਕਦੇ ਗੱਲ ਨਹੀਂ ਕੀਤੀ।