ਸਿਡਨੀ 'ਚ ਦਰਦਨਾਕ ਹਾਦਸਾ, ਭਾਰਤੀ ਮੂਲ ਦੀ ਗਰਭਵਤੀ ਮਹਿਲਾ ਤੇ ਅਣਜਨਮੇ ਬੱਚੇ ਦੀ ਮੌਤ! 19 ਸਾਲਾ ਦੋਸ਼ੀ ਡਰਾਇਵਰ ਗ੍ਰਿਫ਼ਤਾਰ
ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਵਾਪਰੇ ਇੱਕ ਬਹੁਤ ਹੀ ਦਰਦਨਾਕ ਸੜਕ ਹਾਦਸੇ ਵਿੱਚ ਭਾਰਤੀ ਮੂਲ ਦੀ ਅੱਠ ਮਹੀਨੇ ਦੀ ਗਰਭਵਤੀ ਮਹਿਲਾ ਸਮਨਵਿਥਾ ਧਰੇਸ਼ਵਰ ਅਤੇ ਉਸ ਦੇ ਅਣਜਨਮੇ ਬੱਚੇ ਦੀ ਮੌਤ ਹੋਣ ਦੀ ਦੁਖਦ ਖ਼ਬਰ ਸਾਹਮਣੇ ਆਈ ਹੈ। ਸਮਨਵਿਥਾ ਆਪਣੇ ਪਤੀ ਅਤੇ ਤਿੰਨ ਸਾਲਾ ਬੇਟੇ ਨਾਲ ਸੈਰ ਲਈ ਨਿਕਲੀ ਸੀ ਜਦੋਂ ਇਹ ਹਾਦਸਾ ਵਾਪਰਿਆ।
Publish Date: Wed, 19 Nov 2025 03:13 PM (IST)
Updated Date: Wed, 19 Nov 2025 03:15 PM (IST)

ਖੁਸ਼ਪ੍ਰੀਤ ਸਿੰਘ ਸੁਨਾਮ, ਮੈਲਬੌਰਨ/ਸਿਡਨੀ - ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਵਾਪਰੇ ਇੱਕ ਬਹੁਤ ਹੀ ਦਰਦਨਾਕ ਸੜਕ ਹਾਦਸੇ ਵਿੱਚ ਭਾਰਤੀ ਮੂਲ ਦੀ ਅੱਠ ਮਹੀਨੇ ਦੀ ਗਰਭਵਤੀ ਮਹਿਲਾ ਸਮਨਵਿਥਾ ਧਰੇਸ਼ਵਰ ਅਤੇ ਉਸ ਦੇ ਅਣਜਨਮੇ ਬੱਚੇ ਦੀ ਮੌਤ ਹੋਣ ਦੀ ਦੁਖਦ ਖ਼ਬਰ ਸਾਹਮਣੇ ਆਈ ਹੈ। ਸਮਨਵਿਥਾ ਆਪਣੇ ਪਤੀ ਅਤੇ ਤਿੰਨ ਸਾਲਾ ਬੇਟੇ ਨਾਲ ਸੈਰ ਲਈ ਨਿਕਲੀ ਸੀ ਜਦੋਂ ਇਹ ਹਾਦਸਾ ਵਾਪਰਿਆ।
ਪੁਲਿਸ ਦੇ ਮੁਤਾਬਕ, ਰਾਤ ਕਰੀਬ 8 ਵਜੇ ਹੋਰਨਸਬੀ ਇਲਾਕੇ ਦੀ ਜੋਰਜ ਸਟਰੀਟ ’ਤੇ ਇੱਕ ਕਿਆ ਗੱਡੀ ਧਰੇਸ਼ਵਰ ਅਤੇ ਉਸ ਦੇ ਪਰਿਵਾਰ ਨੂੰ ਸੜਕ ਪਾਰ ਕਰਾਉਣ ਲਈ ਰੁਕੀ ਹੋਈ ਸੀ। ਇਸ ਦੌਰਾਨ ਪਿੱਛੋਂ ਤੇਜ਼ ਰਫ਼ਤਾਰ ਨਾਲ ਆ ਰਹੀ ਇੱਕ ਬੀ.ਐਮ.ਡਬਲਿਊ ਨੇ ਰਸਤਾ ਦੇ ਰਹੀ ਕਿਆ ਕਾਰ ਨੂੰ ਪਿੱਛੋਂ ਬੜੀ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਿਆ ਕਾਰ ਅੱਗੇ ਵਧਦੀ ਹੋਈ ਧਰੇਸ਼ਵਰ ਨਾਲ ਟਕਰਾ ਗਈ। ਧਰੇਸ਼ਵਰ ਨੂੰ ਗੰਭੀਰ ਸੱਟਾਂ ਦੇ ਨਾਲ ਤੁਰੰਤ ਵੈਸਟਮੈਡ ਹਸਪਤਾਲ ਪਹੁੰਚਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਉਹ ਜ਼ਿੰਦਗੀ ਦੀ ਜੰਗ ਹਾਰ ਗਈ। ਡਾਕਟਰ ਉਸ ਦੇ ਅਣਜਨਮੇ ਅੱਠ ਮਹੀਨੇ ਦੇ ਬੱਚੇ ਨੂੰ ਵੀ ਨਹੀਂ ਬਚਾ ਸਕੇ। ਧਰੇਸ਼ਵਰ ਦੇ ਪਤੀ ਅਤੇ ਬੇਟੇ ਬਾਰੇ ਹਾਲੇ ਪੁਸ਼ਟੀ ਨਹੀਂ ਹੋਈ ਹੈ। ਸਮਨਵਿਥਾ ਧਰੇਸ਼ਵਰ ਇੱਕ ਆਈ.ਟੀ ਕੰਪਨੀ ਵਿੱਚ ਮਹੱਤਵਪੂਰਨ ਅਹੁਦੇ 'ਤੇ ਕੰਮ ਕਰ ਰਹੀ ਸੀ।
ਇਸ ਹਾਦਸੇ ਦੇ ਦੋਸ਼ੀ 19 ਸਾਲਾ ਐਰਨ ਪਾਪਜੋਗਲੂ, ਜੋ ਕਿ ਆਰਜ਼ੀ ਲਾਇਸੰਸ ’ਤੇ ਬੀ. ਐਮ. ਡਬਲਿਊ ਗੱਡੀ ਚਲਾ ਰਿਹਾ ਸੀ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ 'ਤੇ ਖ਼ਤਰਨਾਕ ਤਰੀਕੇ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣਾ, ਗਰਭ ਵਿੱਚ ਮੌਜੂਦ ਬੱਚੇ ਦੀ ਮੌਤ ਦਾ ਕਾਰਨ ਬਣਨਾ ਵਰਗੇ ਗੰਭੀਰ ਮਾਮਲੇ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪਰ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੈਜਿਸਟ੍ਰੇਟ ਨੇ ਉਸ ਦੀ ਜ਼ਮਾਨਤ ਰੱਦ ਕਰ ਦਿੱਤੀ। ਇਸ ਮਾਮਲੇ ਵਿੱਚ ਇਹ ਵੀ ਸੰਭਵ ਹੈ ਕਿ ਸੂਬੇ ਵਿੱਚ ਲਾਗੂ ਕੀਤੇ Zoe’s Law ਤਹਿਤ ਵੀ ਮਾਮਲਾ ਚਲਾਇਆ ਜਾਵੇ। ਇਸ ਕਾਨੂੰਨ ਅਨੁਸਾਰ ਜੇਕਰ ਕਿਸੇ ਹਾਦਸੇ ਵਿੱਚ ਗਰਭ ਵਿੱਚ ਮੌਜੂਦ ਬੱਚੇ ਦੀ ਮੌਤ ਹੁੰਦੀ ਹੈ ਤਾਂ ਦੋਸ਼ੀ ਨੂੰ ਵਾਧੂ ਤਿੰਨ ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਧਰੇਸ਼ਵਰ ਦੇ ਪਰਿਵਾਰ ਨੇ ਹਾਲ ਹੀ ਵਿੱਚ ਆਪਣਾ ਸੁਪਨਿਆਂ ਦਾ ਘਰ ਬਣਾਉਣ ਲਈ ਪਲਾਟ ਖਰੀਦਿਆ ਸੀ ਅਤੇ ਉਸ ਦੀ ਉਸਾਰੀ ਕੁਝ ਦਿਨਾਂ ਵਿੱਚ ਸ਼ੁਰੂ ਹੋਣੀ ਸੀ ਪਰ ਇਸ ਦੁਰਘਟਨਾ ਨੇ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਢਹਿ ਢੇਰੀ ਕਰ ਦਿੱਤੀਆਂ ਹਨ।