ਹਰ ਵਿਦਿਆਰਥੀ ਲਈ ਹੋਵੇਗਾ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਦਾ ਵੱਖਰਾ ਲਾਜ਼ਮੀ ਕੋਰਸ, ਅਮਰੀਕਾ ’ਚ ਸਥਾਪਤ ਹੋਵੇਗਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਪਹਿਲਾ ਅੰਤਰਰਾਸ਼ਟਰੀ ਕੈਂਪਸ
ਗੁਰੂ ਨਾਨਕ ਦੇਵ ਯੂਨੀਵਰਸਿਟੀ ਅਗਲੇ ਸੈਸ਼ਨ ਤੋਂ ਹਰ ਵਿਦਿਆਰਥੀ ਲਈ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਦਾ ਵੱਖਰਾ ਲਾਜ਼ਮੀ ਕੋਰਸ ਸ਼ੁਰੂ ਕਰਨ ਦੇ ਨਾਲ ਸਿੱਖ ਫ਼ਿਲਾਸਫ਼ੀ ਵਿਭਾਗ ਨੂੰ ਮੁੜ ਸੁਰਜੀਤ ਕਰ ਕੇ ਗੁਰਮਿਤ ਸੰਗੀਤ, ਸਿੱਖ ਥਿਊਲੋਜੀ ਤੇ ਗੁਰਮਤਿ ਸਾਹਿਤ ਵਿਚ ਸਰਟੀਫਿਕੇਟ ਤੇ ਡਿਪਲੋਮਾ ਕੋਰਸ ਸ਼ੁਰੂ ਕਰੇਗੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 56ਵੇਂ ਸਥਾਪਨਾ ਦਿਵਸ ਸਮਾਰੋਹ ਦੌਰਾਨ ਪ੍ਰਧਾਨਗੀ ਭਾਸ਼ਣ ਦਿੰਦਿਆਂ
Publish Date: Tue, 25 Nov 2025 10:06 AM (IST)
Updated Date: Tue, 25 Nov 2025 10:07 AM (IST)

ਗੁਰਮੀਤ ਸੰਧੂ, ਪੰਜਾਬੀ ਜਾਗਰਣ, ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਅਗਲੇ ਸੈਸ਼ਨ ਤੋਂ ਹਰ ਵਿਦਿਆਰਥੀ ਲਈ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਦਾ ਵੱਖਰਾ ਲਾਜ਼ਮੀ ਕੋਰਸ ਸ਼ੁਰੂ ਕਰਨ ਦੇ ਨਾਲ ਸਿੱਖ ਫ਼ਿਲਾਸਫ਼ੀ ਵਿਭਾਗ ਨੂੰ ਮੁੜ ਸੁਰਜੀਤ ਕਰ ਕੇ ਗੁਰਮਿਤ ਸੰਗੀਤ, ਸਿੱਖ ਥਿਊਲੋਜੀ ਤੇ ਗੁਰਮਤਿ ਸਾਹਿਤ ਵਿਚ ਸਰਟੀਫਿਕੇਟ ਤੇ ਡਿਪਲੋਮਾ ਕੋਰਸ ਸ਼ੁਰੂ ਕਰੇਗੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 56ਵੇਂ ਸਥਾਪਨਾ ਦਿਵਸ ਸਮਾਰੋਹ ਦੌਰਾਨ ਪ੍ਰਧਾਨਗੀ ਭਾਸ਼ਣ ਦਿੰਦਿਆਂ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਐਲਾਨ ਕੀਤਾ ਕਿ ਇਸ ਤੋਂ ਇਲਾਵਾ ਜਲਦੀ ਹੀ ਅਮਰੀਕਾ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਪਹਿਲਾ ਵਿਦੇਸ਼ੀ ਕੈਂਪਸ ਵੀ ਸਥਾਪਤ ਹੋ ਜਾਵੇਗਾ ਜਿਸ ਦੇ ਲਈ ਉੱਘੇ ਵਕੀਲ ਜਸਪ੍ਰੀਤ ਸਿੰਘ ਆਟਾਰਨੀ ਵਿਸ਼ੇਸ਼ ਮਦਦ ਕਰ ਰਹੇ ਹਨ। ਵਿਦਿਆਰਥੀਆਂ ਵੱਲੋਂ ਅਕਾਦਮਿਕ, ਖੇਡਾਂ ਤੇ ਸੱਭਿਆਚਾਰਕ ਖੇਤਰਾਂ ਵਿੱਚ ਮਿਲ ਰਹੀਆਂ ਸ਼ਾਨਦਾਰ ਸਫਲਤਾਵਾਂ ਦਾ ਸਿਹਰਾ ਅਧਿਆਪਕਾਂ, ਕਰਮਚਾਰੀਆਂ ਤੇ ਵਿਦਿਆਰਥੀਆਂ ਸਿਰ ਸਜਾਉਂਦਿਆਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ।
ਇਸ ਤੋਂ ਪਹਿਲਾਂ ਵਿਦਵਾਨ ਡਾ. ਬ੍ਰਿਜਪਾਲ ਸਿੰਘ (ਸਾਬਕਾ ਪ੍ਰੋਫੈਸਰ ਅਰਥ-ਸ਼ਾਸਤਰ, ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ), ਡਾ. ਕੇਹਰ ਸਿੰਘ (ਸਾਬਕਾ ਪ੍ਰੋਫੈਸਰ ਰਾਜਨੀਤੀ ਵਿਦਿਆਨ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਤੇ ਇੰਜ. ਸੁਪਰੀਤਪਾਲ ਸਿੰਘ (ਹੈੱਡ, ਬਿਜ਼ਨਸ ਡਿਵੈਲਪਮੈਂਟ ਐਂਡ ਪ੍ਰਾਜੈਕਟਸ, ਪੀਟੀਈਐੱਸਏ ਇੰਡਸਟਰੀਜ਼ ਇੰਡੋਨੇਸ਼ੀਆ) ਦਾ ਇੱਥੇ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਯੂਨੀਵਰਸਿਟੀ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਦੀ ਤਰੱਕੀ ਦੇ ਹਵਾਲੇ ਨਾਲ ਡੀਨ ਅਕਾਦਮਿਕ ਮਾਮਲੇ ਪ੍ਰੋ. ਪਲਵਿੰਦਰ ਸਿੰਘ ਨੇ ਯੂਨੀਵਰਸਿਟੀ ਦੀਆਂ ਵਿਸ਼ੇਸ਼ ਪ੍ਰਾਪਤੀਆਂ ਦਾ ਜ਼ਿਕਰ ਕੀਤਾ।
ਮੁੱਖ ਬੁਲਾਰੇ ਡਾ. ਬ੍ਰਿਜਪਾਲ ਸਿੰਘ ਨੇ ਕਿਹਾ ਕਿ ਆਧੁਨਿਕ ਜੀਵਨ ਬਦਲਦੀਆਂ ਕਦਰਾਂ-ਕੀਮਤਾਂ, ਵਧਦੀਆਂ ਇੱਛਾਵਾਂ ਤੇ ਵਿਗਿਆਨ-ਤਕਨੀਕ ਨੇ ਮਨੁੱਖ ਨੂੰ ਵਧੇਰੇ ਵਿਅਕਤੀਗਤ਼ ਕਰ ਦਿੱਤਾ ਹੈ ਜਿਸ ਕਰ ਕੇ ਉਹ ਅੰਦਰੂਨੀ ਜੀਵਨ ਨੂੰ ਬਦਲਣ ’ਤੇ ਜ਼ੋਰ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਆਧੁਨਿਕ ਜੀਵਨ ਹੰਕਾਰ, ਸਵੈ-ਪੇਸ਼ਕਾਰੀ ਤੇ ਮਾਣ-ਪ੍ਰਾਪਤੀ ਦੀ ਭੁੱਖ ਨੂੰ ਹੋਰ ਮਜ਼ਬੂਤ ਕਰ ਰਿਹਾ ਜੋ ਮਨੁੱਖ ਨੂੰ ਸਹੀ ਮਾਰਗ ਤੋਂ ਦੂਰ ਲੈ ਜਾਂਦਾ ਹੈ। ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਨਾਉਣ ਦੀ ਥਾਂ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਅਪਨਾਉਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਮਨੁੱਖ ਨੂੰ ਨਿਮਰਤਾ, ਸੱਚਾਈ ਨਾਲ ਜੀਣਾ ਤੇ ਹਉਮੈ ਨੂੰ ਜਿੱਤਣ ਦੇ ਨਾਲ ਰਸਮ ਤੋਂ ਅੰਤਰ-ਅਨੁਸ਼ਾਸਨ ਵੱਲ ਆਉਣਾ ਚਾਹੀਦਾ ਹੈ।
ਡਾ. ਕੇਹਰ ਸਿੰਘ ਨੇ ਸਿੰਘ ਸਭਾ ਲਹਿਰ ਬਾਰੇ ਦੋ ਪ੍ਰਭਾਵਸ਼ਾਲੀ ਕਾਰਜਾਂ ਦਾ ਸਥਾਪਿਤ ਸਿੱਖ ਗ੍ਰੰਥਾਂ, ਇਤਿਹਾਸਕ ਦਸਤਾਵੇਜ਼ਾਂ ਤੇ ਪੁਰਾਣੀਆਂ ਵਿਆਖਿਆ ਪਰੰਪਰਾਵਾਂ ਦੇ ਆਧਾਰ ’ਤੇ ਸੰਤੁਲਿਤ ਮੁਲਾਂਕਣ ਕੀਤਾ। ਇੰਜ. ਸੁਪਰੀਤ ਪਾਲ ਸਿੰਘ ਨੇ ਨਵੀਨਤਾ, ਤਕਨੀਕ ਤੇ ਖੋਜ ਦੀ ਭੂਮਿਕਾ ਨੂੰ ਉਜਾਗਰ ਕਰਦਿਆਂ ਪੰਜਾਬ ਨੂੰ ਬੁਨਿਆਦੀ ਖੇਤੀਬਾੜੀ ਦੀ ਜ਼ਿਆਦਾ ਨਿਰਭਰਤਾ ਤੋਂ ਬਾਹਰ ਕੱਢ ਕੇ ਵਿਭਿੰਨ, ਮੁੱਲ-ਵਾਧੇ ਵਾਲੇ ਤੇ ਨਵੀਨਤਾ-ਅਧਾਰਿਤ ਖੇਤਰਾਂ ਵੱਲ ਲਿਜਾਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਤਕਨੀਕ, ਖੋਜ ਤੇ ਸਮਾਨਤਾ-ਅਧਾਰਿਤ ਨਵੀਨਤਾ ਰਾਹੀਂ ਸਮਾਜਿਕ ਲਾਭ ਵਧਾਉਣ ਤੇ ਖ਼ੁਸ਼ਹਾਲੀ ਦੇ ਰਾਹ ਦੱਸੇ।
ਦਿਨ ਭਰ ਚੱਲੇ ਸਮਾਗਮਾਂ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਅਖੰਡ ਪਾਠ ਦੇ ਭੋਗ ਤੇ ਹਜ਼ੂਰੀ ਰਾਗੀ ਭਾਈ ਨਰਿੰਦਰ ਸਿੰਘ (ਸ੍ਰੀ ਦਰਬਾਰ ਸਾਹਿਬ) ਵੱਲੋਂ ਸ਼ਬਦ-ਕੀਰਤਨ ਨਾਲ ਹੋਈ। ਯੂਨੀਵਰਸਿਟੀ ਦੀਆਂ ਮੁੱਖ ਇਮਾਰਤਾਂ ’ਤੇ ਦੀਪਮਾਲਾ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਨਾਮਵਰ ਹਸਤੀਆਂ, ਕਰਮਚਾਰੀ ਤੇ ਵਿਦਿਆਰਥੀ ਮੌਜੂਦ ਸਨ। ਕੈਂਪਸ ਵਿਚ ਲੱਗੀ ਲੋਕ-ਕਲਾਪ੍ਰਦਰਸ਼ਨੀ, ਚਿੱਤਰਕਾਰੀ ਪ੍ਰਦਰਸ਼ਨੀ ਤੇ ਕਿਤਾਬ ਪ੍ਰਦਰਸ਼ਨੀ ਨੇ ਇਸ ਦਿਵਸ ਨੂੰ ਮੇਲੇ ਦਾ ਰੂਪ ਦੇ ਦਿੱਤਾ। ਗੈਲਰੀ-ਹਿਸਟਰੀ ਐਂਡ ਡ੍ਰੀਮਜ਼ ਵਿੱਚ ਵੀ ਯੂਨੀਵਰਸਿਟੀ ਦੇ ਇਤਿਹਾਸ ਨੂੰ ਦਰਸਾਉਂਦੀ ਪ੍ਰਦਰਸ਼ਨੀ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਸੀ।