ਡਾਕਟਰ ਦੇ ਹੱਥਾਂ ਦੀ ਹਰ ਸਰਗਰਮੀ ਨੂੰ ਭਾਰਤ ’ਚ ਲੱਗੇ ਰੋਬੋਟਿਕ ਹੱਥ ਇੰਨ-ਬਿੰਨ ਦੋਹਰਾ ਰਹੇ ਸਨ। 5ਜੀ ਤਕਨੀਕ ਦੇ ਕਾਰਨ ਹਦਾਇਤਾਂ ਦਾ ਲੈਣ-ਦੇਣ ਲਗਪਗ 200 ਮਿਲੀਸੈਕੰਡ ’ਚ ਹੋ ਰਿਹਾ ਸੀ, ਜਿਸ ਨਾਲ ਸਰਜਰੀ ਬਿਨਾਂ ਕਿਸੇ ਰੁਕਾਵਟ ਦੇ ਪੂਰੀ ਹੋ ਸਕੀ। ਅਹਿਤਿਆਤ ਦੇ ਤੌਰ ’ਤੇ ਹੈਦਰਾਬਾਦ ਦੀ ਮੈਡੀਕਲ ਟੀਮ ਪੂਰਾ ਸਮਾਂ ਆਪ੍ਰੇਸ਼ਨ ਥੀਏਟਰ ’ਚ ਮੌਜੂਦ ਰਹੀ ਤਾਂਕਿ ਕਿਸੇ ਐਮਰਜੈਂਸੀ ਹਾਲਤ ’ਚ ਤੁਰੰਤ ਦਖ਼ਲ ਦਿੱਤਾ ਜਾ ਸਕੇ।

ਜੇਐੱਨਐੱਨ, ਨਵੀਂ ਦਿੱਲੀ : ਸਿਹਤ ਖੇਤਰ ’ਚ ਅਤਿ-ਆਧੁਨਿਕ ਤਕਨੀਕ ਤੇ ਅਲਟਰਾ-ਫਾਸਟ 5ਜੀ ਨੈੱਟਵਰਕ ਦੀ ਮਦਦ ਨਾਲ ਇਕ ਹੋਰ ਪੁਲਾਂਘ ਪੁੱਟੀ ਹੈ। ਹੁਣ ਡਾਕਟਰ ਹਜ਼ਾਰਾਂ ਕਿਲੋਮੀਟਰ ਦੂਰ ਬੈਠ ਕੇ ਵੀ ਮਰੀਜ਼ ਦਾ ਸਫਲ ਆਪ੍ਰੇਸ਼ਨ ਕਰ ਪਾ ਰਹੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਚੀਨ ਦੇ ਵੁਹਾਨ ’ਚ ਬੈਠੇ ਭਾਰਤੀ ਯੂਰੋਲਾਜਿਸਟ ਡਾ. ਸਈਅਦ ਮੁਹੰਮਦ ਗੌਸ ਨੇ ਹੈਦਰਾਬਾਦ ’ਚ ਮੌਜੂਦ ਮਰੀਜ਼ ਦੀ ਰੋਬੋਟਿਕ ਸਰਜਰੀ ਸਫਲਤਾਪੂਰਵਕ ਕੀਤੀ।
ਏਐੱਨਆਈ ਨੇ ਚਾਈਨਾ ਡੇਲੀ ਦੇ ਹਵਾਲੇ ਨਾਲ ਦੱਸਿਆ ਕਿ ਕਰੀਬ ਤਿੰਨ ਹਜ਼ਾਰ ਕਿਲੋਮੀਟਰ ਦੀ ਦੂਰੀ ’ਤੇ ਹੋਈ ਇਸ ਸਰਜਰੀ ’ਚ ਅਤਿ-ਆਧੁਨਿਕ ਰੋਬੋਟਿਕ ਸਿਸਟਮ ਤੇ ਅਲਟਰਾ-ਫਾਸਟ 5ਜੀ ਨੈੱਟਵਰਕ ਦੀ ਵਰਤੋਂ ਕੀਤੀ ਗਈ। ਬਲੈਡਰ ਰੀਕੁਨੈਕਸ਼ਨ ਭਾਵ ਪਿਸ਼ਾਬ ਦੇ ਬਲੈਡਰ ਨੂੰ ਜੋੜਨ ਨਾਲ ਸਬੰਧਤ ਗੁੰਝਲਦਾਰ ਸਰਜਰੀ ਸਿਰਫ 90 ਮਿੰਟਾਂ ’ਚ ਪੂਰੀ ਕਰ ਲਈ ਗਈ।
ਰਿਪੋਰਟ ਅਨੁਸਾਰ, ਆਪ੍ਰੇਸ਼ਨ ਤੋਂ ਪਹਿਲਾਂ ਵੁਹਾਨ ਸਥਿਤ ਟੋਂਗਜ਼ੀ ਹਸਪਤਾਲ ਤੇ ਹੈਦਰਾਬਾਦ ਦੀ ਮੈਡੀਕਲ ਟੀਮ ਨੇ ਮਰੀਜ਼ ਦੀ ਮੈਡੀਕਲ ਰਿਪੋਰਟ ਆਨਲਾਈਨ ਸਾਂਝੀ ਕਰ ਕੇ ਪੂਰੀ ਸਰਜਰੀ ਦੀ ਯੋਜਨਾ ਤਿਆਰ ਕੀਤੀ। ਇਸ ਵਿਚ ਰੋਬੋਟਿਕ ਹੱਥਾਂ ਦੀਆਂ ਸਰਗਰਮੀਆਂ ਦੀ ਮੈਪਿੰਗ ਕੀਤੀ ਗਈ। ਹੈਦਰਾਬਾਦ ’ਚ ਮੌਜੂਦ ਡਾਕਟਰਾਂ ਤੇ ਨਰਸਾਂ ਨੇ ਮਰੀਜ਼ ਨੂੰ ਅਨੈਸਥੀਸੀਆ ਦਿੱਤਾ ਤੇ ਉਸਦੇ ਸਰੀਰ ’ਚ ਹਾਈ-ਡੈਫੀਨਿਸ਼ਨ 3ਡੀ ਕੈਮਰਿਆਂ ਤੇ ਬਾਰੀਕ ਸਰਜੀਕਲ ਯੰਤਰਾਂ ਨਾਲ ਲੈਸ ਰੋਬੋਟਿਕ ਹੱਥ ਫਿਟ ਕੀਤੇ। ਇਸ ਤੋਂ ਬਾਅਦ ਵੁਹਾਨ ’ਚ ਕੰਪਿਊਟਰ ਕੰਸੋਲ ’ਤੇ ਬੈਠੇ ਡਾ. ਗੌਸ ਨੇ ਰੀਅਲ ਟਾਈਮ 3ਡੀ ਤਸਵੀਰਾਂ ਦੀ ਮਦਦ ਨਾਲ ਰੋਬੋਟਿਕ ਹੱਥਾਂ ਨੂੰ ਕੰਟਰੋਲ ਕਰਦੇ ਹੋਏ ਆਪ੍ਰੇਸ਼ਨ ਕੀਤਾ।
ਡਾਕਟਰ ਦੇ ਹੱਥਾਂ ਦੀ ਹਰ ਸਰਗਰਮੀ ਨੂੰ ਭਾਰਤ ’ਚ ਲੱਗੇ ਰੋਬੋਟਿਕ ਹੱਥ ਇੰਨ-ਬਿੰਨ ਦੋਹਰਾ ਰਹੇ ਸਨ। 5ਜੀ ਤਕਨੀਕ ਦੇ ਕਾਰਨ ਹਦਾਇਤਾਂ ਦਾ ਲੈਣ-ਦੇਣ ਲਗਪਗ 200 ਮਿਲੀਸੈਕੰਡ ’ਚ ਹੋ ਰਿਹਾ ਸੀ, ਜਿਸ ਨਾਲ ਸਰਜਰੀ ਬਿਨਾਂ ਕਿਸੇ ਰੁਕਾਵਟ ਦੇ ਪੂਰੀ ਹੋ ਸਕੀ। ਅਹਿਤਿਆਤ ਦੇ ਤੌਰ ’ਤੇ ਹੈਦਰਾਬਾਦ ਦੀ ਮੈਡੀਕਲ ਟੀਮ ਪੂਰਾ ਸਮਾਂ ਆਪ੍ਰੇਸ਼ਨ ਥੀਏਟਰ ’ਚ ਮੌਜੂਦ ਰਹੀ ਤਾਂਕਿ ਕਿਸੇ ਐਮਰਜੈਂਸੀ ਹਾਲਤ ’ਚ ਤੁਰੰਤ ਦਖ਼ਲ ਦਿੱਤਾ ਜਾ ਸਕੇ।
ਇਹ ਆਪ੍ਰੇਸ਼ਨ ਇੰਟਰਨੈਸ਼ਨਲ ਹੈਪੇਟੋ-ਪੈਨਕ੍ਰੀਆਟੋ-ਬਿਲੀਅਰੀ ਐਸੋਸੀਏਸ਼ਨ ਦੇ ਚੀਨੀ ਚੈਪਟਰ ਦੇ 10ਵੇਂ ਸੰਮੇਲਨ ਦੌਰਾਨ ਪ੍ਰਦਰਸ਼ਿਤ 26 ਸਰਜੀਕਲ ਪ੍ਰਕਿਰਿਆਵਾਂ ’ਚ ਸ਼ਾਮਲ ਸੀ। ਇਨ੍ਹਾਂ ’ਚ ਭਾਰਤ ਸਮੇਤ ਬ੍ਰਾਜ਼ੀਲ, ਜਾਰਜੀਆ, ਗ੍ਰੀਸ ਤੇ ਉਜ਼ਬੇਕਿਸਤਾਨ ਦੇ ਮਾਹਿਰਾਂ ਨਾਲ ਲਾਈਵ ਅੰਤਰਰਾਸ਼ਟਰੀ ਰਿਮੋਟ ਸਰਜਰੀ ਡੈਮੋ ਵੀ ਕੀਤੇ ਗਏ। ਟੋਂਗਜ਼ੀ ਹਸਪਤਾਲ ਦੇ ਸਰਜਰੀ ਵਿਭਾਗ ਦੇ ਡਾਇਰੈਕਟਰ ਚੇਨ ਸ਼ਿਆਓਪਿੰਗ ਨੇ ਕਿਹਾ ਕਿ ਏਆਈ, 5ਜੀ-6ਜੀ ਸੰਚਾਰ ਤੇ ਰੋਬੋਟਿਕ ਤਕਨੀਕ ਸਿਹਤ ਸੇਵਾਵਾਂ ਨਾਲ ਤੇਜ਼ੀ ਨਾਲ ਜੁੜ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਤਕਨੀਕ ਭਵਿੱਖ ’ਚ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਬਿਹਤਰ ਮੈਡੀਕਲ ਸਹੂਲਤਾਂ ਪਹੁੰਚਾਉਣ ’ਚ ਵੱਡੀ ਭੂਮਿਕਾ ਨਿਭਾਅ ਸਕਦੀ ਹੈ।