ਕੋਰੀਆਈ ਯੁੱਧ ’ਚ ‘60 ਪੈਰਾ ਫੀਲਡ ਐਂਬੂਲੈਂਸ’ ਦੇ ਯੋਗਦਾਨ ਨੂੰ ਰਾਜਨਾਥ ਨੇ ਕੀਤਾ ਯਾਦ, ਯੁੱਧ ’ਚ ਬਿਹਤਰੀਨ ਸੇਵਾ ਲਈ ਕਰਨਲ ਰੰਗਰਾਜ ਦੀ ਭਤੀਜੀ ਨੂੰ ‘ਕੋਰੀਆਈ ਜੰਗੀ ਹੀਰੋ ਪ੍ਰਮਾਣ ਪੱਤਰ’ ਭੇਟ
ਸੱਤ ਦਹਾਕੇ ਪਹਿਲਾਂ ਜੰਗ ਦੌਰਾਨ ਮਨੁੱਖਤਾ ਦੀ ਸੇਵਾ ਕਰਨ ਵਾਲੀ ਭਾਰਤ ਦੀ ‘60 ਪੈਰਾ ਫੀਲਡ ਐਂਬੂਲੈਂਸ’ ਦੀ ਅਦੁੱਤੀ ਦੇਣ ਅਤੇ ਕੁਰਬਾਨੀ ਨੂੰ ਯਾਦ ਕੀਤਾ। ਇਸ ਦੌਰਾਨ ਉਨ੍ਹਾਂ ਨੇ ਇਕ ਫੋਟੋ ਨੁਮਾਇਸ਼ ਦਾ ਉਦਘਟਨ ਵੀ ਕੀਤਾ। ਸਮਾਗਮ ਵਿਚ ਦੋਵਾਂ ਮੁਲਕਾਂ ਦਰਮਿਆਨ ਸਮਝੌਤਾ ਪੱਤਰ ਉੱਤੇ ਦਸਤਖ਼ਤ ਕੀਤੇ ਗਏ।
Publish Date: Thu, 21 May 2026 09:28 PM (IST)
Updated Date: Thu, 21 May 2026 09:29 PM (IST)
ਪਾਜੂ (ਦੱਖਣੀ ਕੋਰੀਆ), ਏਐਨਆਈ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੋਰੀਆਈ ਜੰਗ ਦੀ 75ਵੀਂ ਵਰ੍ਹੇਗੰਢ ਦੇ ਮੌਕੇ 'ਤੇ ਇਮਜਿੰਗਾਕ ਪੀਸ ਪਾਰਕ ਵਿਚ ਜੰਗੀ ਯਾਦਗਾਰੀ ਸਮਾਗਮ ਦੌਰਾਨ ਭਾਰਤੀ ਫ਼ੌਜਆਂ ਨੂੰ ਭਾਵੁਕ ਸ਼ਰਧਾਂਜਲੀ ਅਰਪਣ ਕੀਤੀ ਗਈ। ਉਨ੍ਹਾਂ ਨੇ ਸੱਤ ਦਹਾਕੇ ਪਹਿਲਾਂ ਜੰਗ ਦੌਰਾਨ ਮਨੁੱਖਤਾ ਦੀ ਸੇਵਾ ਕਰਨ ਵਾਲੀ ਭਾਰਤ ਦੀ ‘60 ਪੈਰਾ ਫੀਲਡ ਐਂਬੂਲੈਂਸ’ ਦੀ ਅਦੁੱਤੀ ਦੇਣ ਅਤੇ ਕੁਰਬਾਨੀ ਨੂੰ ਯਾਦ ਕੀਤਾ। ਇਸ ਦੌਰਾਨ ਉਨ੍ਹਾਂ ਨੇ ਇਕ ਫੋਟੋ ਨੁਮਾਇਸ਼ ਦਾ ਉਦਘਟਨ ਵੀ ਕੀਤਾ। ਸਮਾਗਮ ਵਿਚ ਦੋਵਾਂ ਮੁਲਕਾਂ ਦਰਮਿਆਨ ਸਮਝੌਤਾ ਪੱਤਰ ਉੱਤੇ ਦਸਤਖ਼ਤ ਕੀਤੇ ਗਏ। ਯੁੱਧ ਵਿਚ ਬਿਹਤਰੀਨ ਸੇਵਾ ਲਈ ਕਰਨਲ ਏ.ਜੀ. ਰੰਗਰਾਜ ਦੀ ਭਤੀਜੀ ਕਲਪਨਾ ਪ੍ਰਸਾਦ ਨੂੰ ‘ਕੋਰੀਆਈ ਯੁੱਧ ਹੀਰੋ ਪ੍ਰਮਾਣ ਪੱਤਰ’ (ਮਈ 2026) ਨਾਲ ਸਨਮਾਨਤ ਕੀਤਾ ਗਿਆ।
ਇਸ ਤੋਂ ਪਹਿਲਾਂ, ਸਿਓਲ ਵਿਚ ਰਾਜਨਾਥ ਤੇ ਦੱਖਣੀ ਕੋਰੀਆ ਦੇ ਰੱਖਿਆ ਮੰਤਰੀ ਆਹਨ ਗਿਊ-ਬੈਕ ਵਿਚਾਲੇ ਦੋ-ਪੱਖੀ ਗੱਲਬਾਤ ਹੋਈ। ਦੋਵਾਂ ਨੇ ਰੱਖਿਆ ਸਹਿਯੋਗ, ਸਮੁੰਦਰੀ ਸੁਰੱਖਿਆ, ਉੱਭਰਦੀਆਂ ਤਕਨਾਲੋਜੀਆਂ ਅਤੇ ਫ਼ੌਜੀ ਆਦਾਨ-ਪ੍ਰਦਾਨ ਨੂੰ ਵਧਾਉਣ ਉੱਤੇ ਸਹਿਮਤੀ ਪ੍ਰਗਟ ਕੀਤੀ। ਮੀਟਿੰਗ ਵਿਚ ਭਾਰਤ ਦੀ ‘ਐਕਟ ਈਸਟ ਨੀਤੀ’ ਅਤੇ ਦੱਖਣੀ ਕੋਰੀਆ ਦੇ ਖੇਤਰੀ ਰਣਨੀਤਕ ਨਜ਼ਰੀਏ ਦਰਮਿਆਨ ਵੱਧ ਰਹੇ ਤਾਲਮੇਲ ਨੂੰ ਰੇਖਾਂਕਤ ਕੀਤਾ ਗਿਆ। ਇਸ ਦੌਰਾਨ ਡਿਫੈਂਸ ਸਾਈਬਰ, ਨੈਸ਼ਨਲ ਡਿਫੈਂਸ ਕਾਲਜ ਤੇ ਸੰਯੁਕਤ ਰਾਸ਼ਟਰ ਸ਼ਾਂਤੀ ਸਥਾਪਨਾ ਸਹਿਯੋਗ ਨਾਲ ਜੁੜੇ ਅਹਿਮ ਸਮਝੌਤਿਆਂ ਉੱਤੇ ਹਸਤਾਖਰ ਕੀਤੇ ਗਏ।
ਰੱਖਿਆ ਤੇ ਵਪਾਰਕ ਗੋਲਮੇਜ਼ ਕਾਨਫਰੰਸ : ਰੱਖਿਆ ਮੰਤਰੀ ਨੇ ਦੱਖਣੀ ਕੋਰੀਆ ਦੇ ਰੱਖਿਆ ਅਕਵਾਇਰ ਪ੍ਰੋਗਰਾਮ ਸਬੰਧੀ ਮੰਤਰੀ ਲੀ ਯੋਂਗ-ਚੁਲ ਨਾਲ ਵੀ ਮੁਲਾਕਾਤ ਕੀਤੀ। ਇਸ ਮੀਟਿੰਗ ਵਿਚ ਦੋਵਾਂ ਦੇਸ਼ਾਂ ਦੇ ਨਵੀਆਂ ਕਾਢਾਂ ਸਬੰਧੀ ਈਕੋ ਸਿਸਮਟ ਨੂੰ ਜੋੜਣ ਲਈ ‘ਭਾਰਤ-ਕੋਰੀਆ ਰੱਖਿਆ ਨਵੀਆਂ ਕਾਢਾਂ ਈਕੋ ਸਿਸਟਮ’ (ਕਾਈਂਡ-ਐਕਸ) ਦੇ ਰੋਡਮੈਪ ਬਾਰੇ ਗੱਲਬਾਤ ਕੀਤੀ। ਬਾਅਦ ਵਿਚ ਰਾਜਨਾਥ ਨੇ ਭਾਰਤ-ਕੋਰੀਆ ਰੱਖਿਆ ਉਦਯੋਗ ਬਿਜ਼ਨਸ ਰਾਊਂਡਟੇਬਲ ਦੀ ਪ੍ਰਧਾਨਗੀ ਕੀਤੀ, ਜਿੱਥੇ ਉਨ੍ਹਾਂ ਨੇ ਦੱਖਣੀ ਕੋਰੀਆਈ ਕੰਪਨੀਆਂ ਨੂੰ ਭਾਰਤ ਵਿਚ ਮੌਜੂਦ ਮੌਕਿਆਂ ਦਾ ਲਾਭ ਉਠਾਉਣ ਲਈ ਸੱਦਾ ਦਿੱਤਾ।