ਜਾਪਾਨ ਜਾਣ ਲਈ ਪਾਕਿਸਤਾਨੀਆਂ ਨੇ ਬਣਾ ਲਈ ਨਕਲੀ ਫੁੱਟਬਾਲ ਟੀਮ, ਜਾਂਚ ਮਗਰੋਂ ਮਨੁੱਖੀ ਤਸਕਰੀ ’ਚ ਸ਼ਾਮਲ ਮੁੱਖ ਸ਼ੱਕੀ ਨੂੰ ਕੀਤਾ ਗਿਆ ਗ੍ਰਿਫ਼ਤਾਰ
ਸੰਘੀ ਜਾਂਚ ਏਜੰਸੀ (ਐੱਫਆਈਏ) ਨੇ ਕਿਹਾ ਕਿ ਮਨੁੱਖੀ ਤਸਕਰੀ ਨੈੱਟਵਰਕ ਇਸ 22 ਮੈਂਬਰੀ ਨਕਲੀ ਫੁੱਟਬਾਲ ਟੀਮ ਨੂੰ ਜਾਪਾਨ ਭੇਜਣ ’ਚ ਸ਼ਾਮਲ ਸੀ। ਇਨ੍ਹਾਂ ਖਿਡਾਰੀਆਂ ਫੁੱਟਬਾਲ ਕਿੱਟ ਪਾਈ ਹੋਈ ਸੀ ਤੇ ਦਾਅਵਾ ਕਰ ਰਹੇ ਸਨ ਕਿ ਉਹ ਪਾਕਿਸਤਾਨ ਫੁੱਟਬਾਲ ਫੈਡਰੇਸ਼ਨ ’ਚ ਰਜਿਸਟਰਡ ਹਨ।
Publish Date: Thu, 18 Sep 2025 11:03 AM (IST)
Updated Date: Thu, 18 Sep 2025 11:06 AM (IST)
ਲਾਹੌਰ (ਪੀਟੀਆਈ) : ਤੁਸੀਂ ਨਕਲੀ ਪਨੀਰ, ਗਹਿਣਿਆਂ ਤੇ ਸਾਮਾਨ ਤਾਂ ਸੁਣਿਆ ਹੋਵੇਗਾ ਪਰ ਗੁਆਂਢੀ ਦੇਸ਼ ਪਾਕਿਸਤਾਨ ਦੇ ਲੋਕਾਂ ਨੇ ਜਾਪਾਨ ਜਾਣ ਲਈ ਨਕਲੀ ਫੁੱਟਬਾਲ ਟੀਮ ਹੀ ਬਣਾ ਲਈ। ਜਾਂਚ ’ਚ ਇਹ ਗੱਲ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੀ ਜਲਾਵਤਨੀ ਦੀ ਕਾਰਵਾਈ ਕੀਤੀ ਗਈ। ਸੰਘੀ ਜਾਂਚ ਏਜੰਸੀ (ਐੱਫਆਈਏ) ਨੇ ਕਿਹਾ ਕਿ ਮਨੁੱਖੀ ਤਸਕਰੀ ਨੈੱਟਵਰਕ ਇਸ 22 ਮੈਂਬਰੀ ਨਕਲੀ ਫੁੱਟਬਾਲ ਟੀਮ ਨੂੰ ਜਾਪਾਨ ਭੇਜਣ ’ਚ ਸ਼ਾਮਲ ਸੀ। ਇਨ੍ਹਾਂ ਖਿਡਾਰੀਆਂ ਫੁੱਟਬਾਲ ਕਿੱਟ ਪਾਈ ਹੋਈ ਸੀ ਤੇ ਦਾਅਵਾ ਕਰ ਰਹੇ ਸਨ ਕਿ ਉਹ ਪਾਕਿਸਤਾਨ ਫੁੱਟਬਾਲ ਫੈਡਰੇਸ਼ਨ ’ਚ ਰਜਿਸਟਰਡ ਹਨ।
ਉਨ੍ਹਾਂ ਇਕ ਜਾਪਾਨੀ ਕਲੱਬ ਨਾਲ ਮੈਚ ਤੈਅ ਹੋਣ ਦਾ ਵੀ ਦਾਅਵਾ ਕੀਤਾ। ਇਸ 22 ਮੈਂਬਰੀ ਟੀਮ ਨੂੰ 15 ਦਿਨਾਂ ਦਾ ਵੀਜ਼ਾ ਮਿਲਿਆ ਸੀ। ਇਹ ਜੂਨ 2025 ’ਚ ਜਾਪਾਨ ਪਹੁੰਚੀ ਸੀ। ਹਾਲਾਂਕਿ, ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇਸ ਨੂੰ ਹਵਾਈ ਅੱਡੇ ਤੋਂ ਜਲਾਵਤਨ ਕਰ ਦਿੱਤਾ ਤੇ ਮਾਮਲੇ ਦੀ ਸੂਚਨਾ ਐੱਫਆਈਏ ਨੂੰ ਦਿੱਤੀ ਗਈ। ਐੱਫਆਈਏ ਨੇ ਜਾਂਚ ਸ਼ੁਰੂ ਕੀਤੀ ਤੇ ਮੰਗਲਵਾਰ ਨੂੰ ਇਸ ਘਟਨਾ ’ਚ ਸ਼ਾਮਲ ਮਨੁੱਖੀ ਤਸਕਰੀ ਗਿਰੋਹ ਦੇ ਮੁੱਖ ਸ਼ੱਕੀ ਵਕਾਸ ਅਲੀ ਨੂੰ ਗ੍ਰਿਫ਼ਤਾਰ ਕਰ ਲਿਆ।
ਜਾਂਚ ਦੌਰਾਨ ਫੜੇ ਗਏ ਸ਼ਖ਼ਸ ਨੇ ਦੱਸਿਆ ਕਿ ਉਸਦਾ ਨੈੱਟਵਰਕ 2024 ’ਚ 17 ਲੋਕਾਂ ਨੂੰ ਜਾਪਾਨ ਭੇਜਣ ’ਚ ਵੀ ਸਫਲ ਰਿਹਾ ਸੀ। ਉਹ ਉਨ੍ਹਾਂ ਨੂੰ ਪਾਕਿਸਤਾਨ ਫੁੱਟਬਾਲ ਟੀਮ ਦਾ ਮੈਂਬਰ ਦੱਸ ਕੇ ਭੇਜਦਾ ਸੀ, ਜੋ ਕਦੀ ਵਾਪਸ ਨਹੀਂ ਪਰਤੇ। ਉਸਨੇ ਕਿਹਾ ਕਿ ਇਸ ਮੰਤਵ ਲਈ ਪਾਕਿਸਤਾਨ ਫੁੱਟਬਾਲ ਫੈਡਰੇਸ਼ਨ (ਪੀਐੱਫਐੱਫ) ਤੇ ਵਿਦੇਸ਼ ਮੰਤਰਾਲੇ ਦੇ ਜਾਅਲੀ ਪੱਤਰਾਂ ਤੇ ‘ਕੋਈ ਇਤਰਾਜ਼ ਨਹੀਂ’ ਸਰਟੀਫਿਕੇਟਸ ਦੀ ਵਰਤੋਂ ਕੀਤੀ ਗਈ ਸੀ। ਐੱਫਆਈਏ ਨੇ ਕਿਹਾ ਕਿ ਹਰੇਕ ਵਿਅਕਤੀ (ਖਿਡਾਰੀ) ਨੇ ਆਪਣੇ ਜਾਪਾਨ ਵੀਜ਼ਾ ਦੇ ਪ੍ਰਬੰਧ ਲਈ 45 ਲੱਖ ਪਾਕਿਸਤਾਨੀ ਰੁਪਿਆਂ ਦਾ ਭੁਗਤਾਨ ਕੀਤਾ ਸੀ। ਨੈੱਟਵਰਕ ਦੇ ਹੋਰਨਾਂ ਮੈਂਬਰਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।