ਹੁਣ ਤੁਰਕੀਏ ਵੀ ਬੱਚਿਆਂ ਲਈ ਇੰਟਰਨੈੱਟ ਮੀਡੀਆ ’ਤੇ ਲਗਾਉਣ ਜਾ ਰਿਹਾ ਪਾਬੰਦੀ, ਤੁਰਕੀਏ ਦੀ ਸੰਸਦ ਨੇ ਇਸ ਸਬੰਧ ’ਚ ਪਾਸ ਕੀਤਾ ਬਿੱਲ
ਸਰਕਾਰੀ ਨਿਊਜ਼ ਏਜੰਸੀ ਅਨਾਡੋਲੂ ਮੁਤਾਬਕ, ਸੰਸਦ ਤੋਂ ਪਾਸ ਬਿੱਲ ਦੇ ਕਾਨੂੰਨ ਬਣਨ ’ਤੇ ਇੰਟਰਨੈੱਟ ਮੀਡੀਆ ਕੰਪਨੀਆਂ ਨੂੰ ਉਮਰ ਤਸਦੀਕ ਪ੍ਰਣਾਲੀ ਲਾਗੂ ਕਰਨੀ ਪਵੇਗੀ, ਪੇਰੈਂਟਲ ਕੰਟਰੋਲ ਟੂਲ ਉਪਲਬਧ ਕਰਾਉਣੇ ਪੈਣਗੇ ਤੇ ਨੁਕਸਾਨਦਾਇਕ ਮੰਨੀ ਜਾਣ ਵਾਲੀ ਸਮੱਗਰੀ ’ਤੇ ਤੁਰੰਤ ਕਾਰਵਾਈ ਕਰਨੀ ਪਵੇਗੀ।
Publish Date: Thu, 23 Apr 2026 07:28 PM (IST)
Updated Date: Thu, 23 Apr 2026 07:29 PM (IST)
ਇਸਤਾਂਬੁਲ (ਏਜੰਸੀ) : ਹੁਣ ਤੁਰਕੀਏ ਵੀ ਦੁਨੀਆ ਦੇ ਉਨ੍ਹਾਂ ਮੁਲਕਾਂ ਦੀ ਸੂਚੀ ’ਚ ਸ਼ਾਮਲ ਹੋਣ ਜਾ ਰਿਹਾ ਹੈ, ਜਿੱਥੇ ਬੱਚਿਆਂ ਲਈ ਇੰਟਰਨੈੱਟ ਮੀਡੀਆ ਦੀ ਵਰਤੋਂ ’ਤੇ ਪਾਬੰਦੀ ਲਗਾਈ ਗਈ ਹੈ। ਤੁਰਕੀਏ ਦੀ ਸੰਸਦ ਨੇ ਬੁੱਧਵਾਰ ਦੇਰ ਰਾਤ ਇਕ ਬਿੱਲ ਪਾਸ ਕੀਤਾ, ਜਿਸ ’ਚ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਫੇਸਬੁੱਕ, ਯੂਟਿਊਬ, ਇੰਸਟਾਗ੍ਰਾਮ ਵਰਗੇ ਇੰਟਰਨੈੱਟ ਮੀਡੀਆ ਪਲੇਟਫਾਰਮ ਤੱਕ ਪਹੁੰਚ ’ਤੇ ਪਾਬੰਦੀ ਲਗਾਉਣ ਦੀ ਵਿਵਸਥਾ ਸ਼ਾਮਲ ਹੈ। ਇਹ ਕਦਮ ਬੱਚਿਆਂ ਤੇ ਅੱਲ੍ਹੜਾਂ ਨੂੰ ਖ਼ਤਰਨਾਕ ਆਨਲਾਈਨ ਸਰਗਰਮੀਆਂ ਤੋਂ ਬਚਾਉਣ ਦੇ ਵਿਸ਼ਵ ਰੁਝਾਨ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ।
ਇਹ ਬਿੱਲ ਅਜਿਹੇ ਸਮੇਂ ਪਾਸ ਕੀਤਾ ਗਿਆ, ਜਦੋਂ ਹਫ਼ਤਾ ਪਹਿਲਾਂ ਦੱਖਣੀ ਤੁਰਕੀਏ ਦੇ ਕਾਹਰਾਮਾਨਮਾਰਸ ’ਚ ਇਕ ਸਕੂਲ ’ਚ ਗੋਲ਼ੀਬਾਰੀ ਦੀ ਘਟਨਾ ਹੋਈ, ਜਿਸ ’ਚ ਨੌਂ ਵਿਦਿਆਰਥੀਆਂ ਤੇ ਇਕ ਅਧਿਆਪਕ ਦੀ ਮੌਤ ਹੋ ਗਈ ਸੀ। ਇਸ ਘਟਨਾ ਨੂੰ 14 ਸਾਲਾ ਬੱਚੇ ਨੇ ਅੰਜਾਮ ਦਿੱਤਾ ਸੀ ਤੇ ਉਸਦੀ ਵੀ ਮੌਤ ਹੋ ਗਈ ਸੀ। ਪੁਲਿਸ ਹਮਲੇ ਦਾ ਕਾਰਨ ਜਾਣਨ ਲਈ ਹਮਲਾਵਰ ਦੀਆਂ ਆਨਲਾਈਨ ਸਰਗਰਮੀਆਂ ਦੀ ਜਾਂਚ ਕਰ ਰਹੀ ਹੈ।
ਸਰਕਾਰੀ ਨਿਊਜ਼ ਏਜੰਸੀ ਅਨਾਡੋਲੂ ਮੁਤਾਬਕ, ਸੰਸਦ ਤੋਂ ਪਾਸ ਬਿੱਲ ਦੇ ਕਾਨੂੰਨ ਬਣਨ ’ਤੇ ਇੰਟਰਨੈੱਟ ਮੀਡੀਆ ਕੰਪਨੀਆਂ ਨੂੰ ਉਮਰ ਤਸਦੀਕ ਪ੍ਰਣਾਲੀ ਲਾਗੂ ਕਰਨੀ ਪਵੇਗੀ, ਪੇਰੈਂਟਲ ਕੰਟਰੋਲ ਟੂਲ ਉਪਲਬਧ ਕਰਾਉਣੇ ਪੈਣਗੇ ਤੇ ਨੁਕਸਾਨਦਾਇਕ ਮੰਨੀ ਜਾਣ ਵਾਲੀ ਸਮੱਗਰੀ ’ਤੇ ਤੁਰੰਤ ਕਾਰਵਾਈ ਕਰਨੀ ਪਵੇਗੀ। ਹੁਣ ਇਸ ਬਿੱਲ ਨੂੰ ਕਾਨੂੰਨ ਬਣਨ ਲਈ ਰਾਸ਼ਟਰਪਤੀ ਰੇਸੇਪ ਤਈਅਪ ਏਰਦੋਗਨ ਦੀ ਮਨਜ਼ੂਰੀ ਦੀ ਲੋੜ ਹੈ, ਜਿਨ੍ਹਾਂ ਨੂੰ 15 ਦਿਨਾਂ ਦੇ ਅੰਦਰ ਇਸ ’ਤੇ ਫ਼ੈਸਲਾ ਕਰਨਾ ਪਵੇਗਾ।
ਇਹ ਦੇਸ਼ ਲਗਾ ਚੁੱਕੇ ਹਨ ਪਾਬੰਦੀ
ਦਸੰਬਰ ’ਚ ਆਸਟ੍ਰੇਲੀਆ ਤੋਂ 16 ਸਾਲ ਦੇ ਬੱਚਿਆਂ ਲਈ ਇੰਟਰਨੈੱਟ ਮੀਡੀਆ ’ਤੇ ਪਾਬੰਦੀ ਲਗਾਉਣ ਦੀ ਸ਼ੁਰੂਆਤ ਹੋਈ। ਇਸ ਤੋਂ ਬਾਅਦ ਇੰਡੋਨੇਸ਼ੀਆ ਤੇ ਮਲੇਸ਼ੀਆ ਨੇ ਵੀ ਇਸੇ ਤਰ੍ਹਾਂ ਦਾ ਕਦਮ ਚੁੱਕਿਆ। ਜਦਕਿ ਸਪੇਨ, ਫਰਾਂਸ ਤੇ ਬਰਤਾਨੀਆ ਵੀ ਬੱਚਿਆਂ ਲਈ ਇੰਟਰਨੈੱਟ ਮੀਡੀਆ ਦੀ ਪਹੁੰਚ ਸੀਮਤ ਕਰਨ ਲਈ ਕਦਮ ਚੁੱਕ ਰਹੇ ਹਨ।