ਰਿਪੋਰਟਾਂ ਮੁਤਾਬਕ ਪੰਜ ਵਿੱਚੋਂ ਘੱਟੋ-ਘੱਟ ਚਾਰ ਗੋਤਾਖੋਰ ਇਟਲੀ ਦੀ ਯੂਨੀਵਰਸਿਟੀ ਆਫ ਜੇਨੋਵਾ ਨਾਲ ਜੁੜੇ ਸਨ। ਜਿਆਨਲੁਕਾ ਬੇਨੇਡੇੱਟੀ ਬੋਟ ਆਪ੍ਰੇਸ਼ਨ ਮੈਨੇਜਰ ਸਨ ਤੇ ਉਨ੍ਹਾਂ ਦੀ ਲਾਸ਼ ਹੀ ਹੁਣ ਤਕ ਬਰਾਮਦ ਹੋ ਪਾਈ ਹੈ। ਮੋਨਿਕਾ ਮੋਂਟੇਫਾਲਕੋਨੇ ਮਰੀਨ ਬਾਇਓਲੋਜਿਸਟ (ਸਮੁੰਦਰੀ ਜੀਵ ਵਿਗਿਆਨੀ) ਸਨ ਤੇ ਯੂਨੀਵਰਸਿਟੀ ਆਫ ਜੇਨੋਵਾ 'ਚ ਟ੍ਰੌਪੀਕਲ ਮਰੀਨ ਇਕੋਲੋਜੀ ਤੇ ਅੰਡਰਵਾਟਰ ਸਾਇੰਸ ਦੀ ਪ੍ਰੋਫੈਸਰ ਸਨ।

ਡਿਜੀਟਲ ਡੈਸਕ, ਨਵੀਂ ਦਿੱਲੀ: ਮਾਲਦੀਵ ਦੇ ਵਾਵੂ ਐਟੋਲ (Vaavu Atoll) 'ਚ ਸਮੁੰਦਰ ਹੇਠਾਂ ਮੌਜੂਦ ਗੁਫਾਵਾਂ ਦੀ ਖੋਜ ਦੌਰਾਨ ਇਟਲੀ ਦੇ ਪੰਜ ਗੋਤਾਖੋਰਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਇਸਨੂੰ ਮਾਲਦੀਵ ਦੇ ਇਤਿਹਾਸ ਦਾ ਸਭ ਤੋਂ ਵੱਡਾ ਡਾਈਵਿੰਗ ਹਾਦਸਾ ਦੱਸਿਆ ਹੈ। ਸਾਰੇ ਗੋਤਾਖੋਰ ਕਰੀਬ 50 ਮੀਟਰ ਦੀ ਡੂੰਘਾਈ 'ਚ ਮੌਜੂਦ ਅੰਡਰਵਾਟਰ ਗੁਫਾਵਾਂ ਦੀ ਜਾਂਚ ਲਈ ਗਏ ਸਨ, ਪਰ ਵਾਪਸ ਨਹੀਂ ਪਰਤ ਸਕੇ। ਹੁਣ ਤਕ ਸਿਰਫ਼ ਇੱਕ ਲਾਸ਼ ਬਰਾਮਦ ਕੀਤੀ ਗਈ ਹੈ। ਖ਼ਰਾਬ ਮੌਸਮ ਤੇ ਸਮੁੰਦਰ ਦੀਆਂ ਕਠਿਨ ਪਰਿਸਥਿਤੀਆਂ ਕਾਰਨ ਬਚਾਅ ਅਭਿਆਨ 'ਚ ਪਰੇਸ਼ਾਨੀ ਆ ਰਹੀ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਬਾਕੀ ਚਾਰ ਗੋਤਾਖੋਰਾਂ ਦੀਆਂ ਲਾਸ਼ਾਂ ਹੁਣ ਵੀ ਗੁਫਾ ਦੇ ਅੰਦਰ ਹੋ ਸਕਦੀਆਂ ਹਨ। ਸਰਚ ਆਪ੍ਰੇਸ਼ਨ ਸ਼ਨੀਵਾਰ ਨੂੰ ਫਿਰ ਸ਼ੁਰੂ ਕੀਤਾ ਜਾਵੇਗਾ।
ਮਾਲਦੀਵ ਸਰਕਾਰ ਨੇ ਮ੍ਰਿਤਕਾਂ ਦੀ ਪਛਾਣ ਮੋਨਿਕਾ ਮੋਂਟੇਫਾਲਕੋਨੇ, ਜੌਰਜੀਆ ਸੋਮਾਕਾਲ, ਫੇਡੇਰਿਕੋ ਗੁਆਲਤੀਏਰੀ, ਮਿਊਰੀਅਲ ਓਡੇਨਿਨੋ ਤੇ ਜਿਆਨਲੁਕਾ ਬੇਨੇਡੇੱਟੀ ਦੇ ਰੂਪ 'ਚ ਕੀਤੀ ਹੈ। ਇਹ ਟੀਮ 'ਡਿਊਕ ਆਫ ਯਾਰਕ' ਨਾਮ ਦੀ ਬੇੜੀ ਰਾਹੀਂ ਸਮੁੰਦਰ 'ਚ ਗਈ ਸੀ।
ਰਿਪੋਰਟਾਂ ਮੁਤਾਬਕ ਪੰਜ ਵਿੱਚੋਂ ਘੱਟੋ-ਘੱਟ ਚਾਰ ਗੋਤਾਖੋਰ ਇਟਲੀ ਦੀ ਯੂਨੀਵਰਸਿਟੀ ਆਫ ਜੇਨੋਵਾ ਨਾਲ ਜੁੜੇ ਸਨ। ਜਿਆਨਲੁਕਾ ਬੇਨੇਡੇੱਟੀ ਬੋਟ ਆਪ੍ਰੇਸ਼ਨ ਮੈਨੇਜਰ ਸਨ ਤੇ ਉਨ੍ਹਾਂ ਦੀ ਲਾਸ਼ ਹੀ ਹੁਣ ਤਕ ਬਰਾਮਦ ਹੋ ਪਾਈ ਹੈ। ਮੋਨਿਕਾ ਮੋਂਟੇਫਾਲਕੋਨੇ ਮਰੀਨ ਬਾਇਓਲੋਜਿਸਟ (ਸਮੁੰਦਰੀ ਜੀਵ ਵਿਗਿਆਨੀ) ਸਨ ਤੇ ਯੂਨੀਵਰਸਿਟੀ ਆਫ ਜੇਨੋਵਾ 'ਚ ਟ੍ਰੌਪੀਕਲ ਮਰੀਨ ਇਕੋਲੋਜੀ ਤੇ ਅੰਡਰਵਾਟਰ ਸਾਇੰਸ ਦੀ ਪ੍ਰੋਫੈਸਰ ਸਨ। ਉਹ ਮਾਲਦੀਵ 'ਚ ਚੱਲ ਰਹੇ ਇੱਕ ਆਈਲੈਂਡ ਮੋਨੀਟਰਿੰਗ ਅਭਿਆਨ ਦੀ ਵਿਗਿਆਨਕ ਨਿਰਦੇਸ਼ਕ ਵੀ ਸਨ।
ਉਨ੍ਹਾਂ ਦੀ ਬੇਟੀ ਜੌਰਜੀਆ ਸੋਮਾਕਾਲ ਨੂੰ ਵੀ ਸਮੁੰਦਰ ਅਤੇ ਡਾਈਵਿੰਗ 'ਚ ਦਿਲਚਸਪੀ ਸੀ। ਉਨ੍ਹਾਂ ਬਾਇਓਮੈਡੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਸੀ। ਉੱਥੇ ਹੀ 31 ਸਾਲਾ ਮਿਊਰੀਅਲ ਓਡੇਨਿਨੋ ਮਰੀਨ ਬਾਇਓਲੋਜਿਸਟ ਤੇ ਇਕੋਲੋਜਿਸਟ ਸਨ। ਫੇਡੇਰਿਕੋ ਗੁਆਲਤੀਏਰੀ ਨੇ ਹਾਲ ਹੀ 'ਚ ਮਰੀਨ ਬਾਇਓਲੋਜੀ ਤੇ ਇਕੋਲੋਜੀ 'ਚ ਡਿਗਰੀ ਪੂਰੀ ਕੀਤੀ ਸੀ ਤੇ ਉਹ ਪ੍ਰਮਾਣਿਤ ਸਕੂਬਾ ਡਾਈਵਿੰਗ ਇੰਸਟ੍ਰਕਟਰ ਵੀ ਸਨ।
ਬਚਾਅ ਅਧਿਕਾਰੀਆਂ ਅਨੁਸਾਰ, ਬੇਨੇਡੇੱਟੀ ਦੀ ਲਾਸ਼ ਅੰਡਰਵਾਟਰ ਗੁਫਾ ਦੇ ਪ੍ਰਵੇਸ਼ ਦੁਆਰ ਨੇੜੇ ਮਿਲੀ। ਬਾਕੀ ਗੋਤਾਖੋਰਾਂ ਦੇ ਅੰਦਰ ਫਸੇ ਹੋਣ ਦੀ ਆਸ਼ੰਕਾ ਹੈ। ਜਿਹੜੀ ਗੁਫਾ 'ਚ ਟੀਮ ਗਈ ਸੀ, ਉਸ ਵਿੱਚ ਤਿੰਨ ਵੱਡੇ ਚੈਂਬਰਸ ਹਨ, ਜੋ ਪਤਲੇ ਰਸਤਿਆਂ ਨਾਲ ਜੁੜੇ ਹੋਏ ਹਨ। ਰੈਸਕਿਊ ਟੀਮ ਹੁਣ ਤਕ ਦੋ ਚੈਂਬਰਸ ਦੀ ਤਲਾਸ਼ੀ ਲੈ ਚੁੱਕੀ ਹੈ। ਹਾਲਾਂਕਿ, ਡਾਈਵਿੰਗ ਦੀ ਸੁਰੱਖਿਅਤ ਸਮਾਂ ਸੀਮਾ ਤੇ ਖ਼ਰਾਬ ਮੌਸਮ ਕਾਰਨ ਅਭਿਆਨ ਸੀਮਤ ਰੱਖਣਾ ਪਿਆ। ਸ਼ੁੱਕਰਵਾਰ ਨੂੰ ਅੱਠ ਗੋਤਾਖੋਰਾਂ ਨੇ ਸਰਚ ਆਪ੍ਰੇਸ਼ਨ 'ਚ ਹਿੱਸਾ ਲਿਆ, ਪਰ ਮੌਸਮ ਵਿਗੜਨ ਤੋਂ ਬਾਅਦ ਮਿਸ਼ਨ ਰੋਕਣਾ ਪਿਆ। ਇਸੇ ਵਿਚਾਲੇ ਇਟਲੀ ਸਰਕਾਰ ਨੇ ਕਿਹਾ ਹੈ ਕਿ ਉਹ 'ਡਾਈਵਰਸ ਅਲਰਟ ਨੈੱਟਵਰਕ' ਨਾਮਕ ਮਾਹਰ ਸੰਸਥਾ ਦੇ ਨਾਲ ਮਿਲ ਕੇ ਲਾਸ਼ਾਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ 'ਤੇ ਕੰਮ ਕਰ ਰਹੀ ਹੈ।
ਗੋਤਾਖੋਰਾਂ ਦੀ ਮੌਤ ਦੀ ਅਸਲੀ ਵਜ੍ਹਾ ਅਜੇ ਸਾਫ਼ ਨਹੀਂ ਹੋ ਪਾਈ ਹੈ। ਜਾਂਚ ਏਜੰਸੀਆਂ ਕਈ ਸੰਭਾਵਨਾਵਾਂ 'ਤੇ ਕੰਮ ਕਰ ਰਹੀਆਂ ਹਨ। ਮਾਲਦੀਵ ਪੁਲਿਸ ਇਹ ਜਾਂਚ ਕਰ ਰਹੀ ਹੈ ਕਿ ਕੀ ਖ਼ਰਾਬ ਮੌਸਮ ਦੇ ਕਾਰਨ ਪਾਣੀ ਦੇ ਅੰਦਰ ਵਿਜ਼ੀਬਿਲਟੀ (ਦ੍ਰਿਸ਼ਟਤਾ) ਬਹੁਤ ਘੱਟ ਹੋ ਗਈ ਸੀ। ਹਾਦਸੇ ਦੇ ਸਮੇਂ 25 ਤੋਂ 30 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ।
ਇਟਲੀ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਘੱਟ ਵਿਜ਼ੀਬਿਲਟੀ ਦੀ ਵਜ੍ਹਾ ਕਰਕੇ ਗੋਤਾਖੋਰ ਗੁਫਾ ਦੇ ਅੰਦਰ ਰਸਤਾ ਭਟਕ ਗਏ ਹੋਣਗੇ। ਮੋਨਿਕਾ ਮੋਂਟੇਫਾਲਕੋਨੇ ਦੇ ਪਤੀ ਕਾਰਲੋ ਸੋਮਾਕਾਲ ਨੇ ਕਿਹਾ ਕਿ ਡਾਈਵਿੰਗ ਦੌਰਾਨ ਕੋਈ ਅਣਕਿਆਸੀ ਘਟਨਾ ਹੋਈ ਹੋਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਤਨੀ ਬੇਹੱਦ ਤਜਰਬੇਕਾਰ ਗੋਤਾਖੋਰ ਸੀ ਅਤੇ ਉਹ ਕਦੇ ਆਪਣੀ ਬੇਟੀ ਜਾਂ ਟੀਮ ਨੂੰ ਖ਼ਤਰੇ 'ਚ ਨਹੀਂ ਪਾਉਂਦੀ।
ਜਾਂਚਕਰਤਾ ਇਸ ਸੰਭਾਵਨਾ 'ਤੇ ਵੀ ਕੰਮ ਕਰ ਰਹੇ ਹਨ ਕਿ ਕੋਈ ਗੋਤਾਖੋਰ ਗੁਫਾ 'ਚ ਫਸ ਗਿਆ ਹੋਵੇ ਤੇ ਬਾਕੀ ਸਾਥੀ ਉਸਨੂੰ ਬਚਾਉਣ ਦੀ ਕੋਸ਼ਿਸ਼ 'ਚ ਆਕਸੀਜਨ ਖ਼ਤਮ ਹੋਣ ਜਾਂ ਘਬਰਾਹਟ ਦਾ ਸ਼ਿਕਾਰ ਹੋ ਗਏ ਹੋਣ। ਕੁਝ ਮਾਹਰ ਆਕਸੀਜਨ ਟੌਕਸੀਸਿਟੀ (Oxygen Toxicity) ਦੀ ਆਸ਼ੰਕਾ ਵੀ ਜਤਾ ਰਹੇ ਹਨ, ਜਿਸ ਵਿਚ ਜ਼ਿਆਦਾ ਦਬਾਅ ਦੇ ਕਾਰਨ ਆਕਸੀਜਨ ਜ਼ਹਿਰੀਲੀ ਸਾਬਤ ਹੋ ਸਕਦੀ ਹੈ।