ਦਹਾਕਿਆਂ ਤਕ ਸੋਵੀਅਤ ਆਗੂ ਜੋਸਫ਼ ਸਟਾਲਿਨ ਨਾਲ ਜੁੜਿਆ ਵਾਈਨ ਦਾ ਵਿਸ਼ਾਲ ਸੰਗ੍ਰਹਿ ਆਮ ਲੋਕਾਂ ਦੀਆਂ ਨਜ਼ਰਾਂ ਤੋਂ ਕਾਫ਼ੀ ਹੱਦ ਤਕ ਛਿਪਿਆ ਰਿਹਾ। ਹੁਣ ਜਾਰਜਿਆਈ ਸਰਕਾਰ ਨੇ ਪਹਿਲੀ ਵਾਰ ਇਸ ਤਹਿਖ਼ਾਨੇ ਨੂੰ ਖੋਲ੍ਹਿਆ ਹੈ ਜਿਸ ਵਿਚ ਦੁਰਲੱਭ ਫ੍ਰੈਂਚ ਅਤੇ ਜਾਰਜਿਆਈ ਵਾਈਨ ਦੀਆਂ ਲਗਪਗ 40,000 ਬੋਤਲਾਂ ਸਾਹਮਣੇ ਆਈਆਂ ਹਨ।

ਡਿਜੀਟਲ ਡੈਸਕ, ਨਵੀਂ ਦਿੱਲੀ : ਤਿਬਿਲਿਸੀ ਦੀਆਂ ਸੜਕਾਂ ਦੇ ਬਹੁਤ ਹੇਠਾਂ ਭਾਰੀ ਦਰਵਾਜ਼ਿਆਂ ਤੇ ਸਾਲਾਂ ਦੀ ਖ਼ਾਮੋਸ਼ੀ ਦੇ ਪਿੱਛੇ ਇਕ ਅਜਿਹਾ ਸੰਗ੍ਰਹਿ ਮੌਜੂਦ ਹੈ ਜਿਸਨੂੰ ਬਹੁਤ ਘੱਟ ਲੋਕਾਂ ਨੇ ਦੇਖਿਆ ਹੈ। ਧੂੜ ਨਾਲ ਢਕੀਆਂ ਬੋਤਲਾਂ। ਧੁੰਦਲੇ ਲੇਬਲ। ਪੱਥਰ ਦੀਆਂ ਛੱਤਾਂ ਤੋਂ ਲਟਕਦੇ ਜਾਲੇ ਤੇ ਇਕ ਅਜਿਹੀ ਕਹਾਣੀ ਜੋ 20ਵੀਂ ਸਦੀ ਦੀਆਂ ਸਭ ਤੋਂ ਵਿਵਾਦਤ ਹਸਤੀਆਂ 'ਚੋਂ ਇਕ ਨਾਲ ਜੁੜੀ ਹੋਈ ਹੈ।
ਦਹਾਕਿਆਂ ਤਕ ਸੋਵੀਅਤ ਆਗੂ ਜੋਸਫ਼ ਸਟਾਲਿਨ ਨਾਲ ਜੁੜਿਆ ਵਾਈਨ ਦਾ ਵਿਸ਼ਾਲ ਸੰਗ੍ਰਹਿ ਆਮ ਲੋਕਾਂ ਦੀਆਂ ਨਜ਼ਰਾਂ ਤੋਂ ਕਾਫ਼ੀ ਹੱਦ ਤਕ ਛਿਪਿਆ ਰਿਹਾ। ਹੁਣ ਜਾਰਜਿਆਈ ਸਰਕਾਰ ਨੇ ਪਹਿਲੀ ਵਾਰ ਇਸ ਤਹਿਖ਼ਾਨੇ ਨੂੰ ਖੋਲ੍ਹਿਆ ਹੈ ਜਿਸ ਵਿਚ ਦੁਰਲੱਭ ਫ੍ਰੈਂਚ ਅਤੇ ਜਾਰਜਿਆਈ ਵਾਈਨ ਦੀਆਂ ਲਗਪਗ 40,000 ਬੋਤਲਾਂ ਸਾਹਮਣੇ ਆਈਆਂ ਹਨ।
ਰਾਇਟਰਜ਼ ਦੀ ਇਕ ਰਿਪੋਰਟ ਅਨੁਸਾਰ, ਇਨ੍ਹਾਂ ਵਿੱਚੋਂ ਕੁਝ ਬੋਤਲਾਂ ਕਥਿਤ ਤੌਰ 'ਤੇ 200 ਸਾਲਾਂ ਤੋਂ ਵੀ ਵੱਧ ਪੁਰਾਣੀਆਂ ਹਨ। ਇਸ ਕਦਮ ਨੇ ਸੰਗ੍ਰਹਿਕਾਰਾਂ, ਇਤਿਹਾਸਕਾਰਾਂ ਤੇ ਵਾਈਨ ਦੇ ਸ਼ੌਕੀਨਾਂ ਸਾਰਿਆਂ ਦੇ ਵਿਚਕਾਰ ਦਿਲਚਸਪੀ ਜਗਾ ਦਿੱਤੀ ਹੈ।
ਇਸ ਨੂੰ ਲੈ ਕੇ ਇਕ ਦਿਲਚਸਪ ਸਵਾਲ ਵੀ ਖੜ੍ਹਾ ਹੁੰਦਾ ਹੈ ਕਿ ਆਖਰਕਾਰ ਉਸ ਤਹਿਖ਼ਾਨੇ ਦੇ ਅੰਦਰ ਠੀਕ-ਠੀਕ ਕੀ ਛਿਪਿਆ ਹੈ, ਜਿਸਨੂੰ ਇਕ ਅਜਿਹੇ ਵਿਅਕਤੀ ਨੇ ਤਿਆਰ ਕੀਤਾ ਸੀ ਜਿਸਦਾ ਨਾਂ ਅੱਜ ਵੀ ਦੁਨੀਆ ਦੇ ਵੱਡੇ ਹਿੱਸੇ 'ਚ ਤਿੱਖੀਆਂ ਪ੍ਰਤੀਕਿਰਿਆਵਾਂ ਪੈਦਾ ਕਰਦਾ ਹੈ?
ਇਸ ਹਫ਼ਤੇ ਇਸ ਅੰਡਰਗਰਾਊਂਡ ਤਹਿਖ਼ਾਨੇ 'ਚ ਪ੍ਰਵੇਸ਼ ਕਰਨ ਵਾਲੇ ਸੈਲਾਨੀਆਂ ਦਾ ਸਵਾਗਤ ਇਕ ਅਜਿਹੇ ਦ੍ਰਿਸ਼ ਨੇ ਕੀਤਾ ਜਿਸ 'ਤੇ ਆਧੁਨਿਕ ਜੀਵਨ ਦਾ ਕੋਈ ਅਸਰ ਨਹੀਂ ਦਿਖਦਾ। ਪੁਰਾਣੀਆਂ ਬੋਤਲਾਂ ਦੂਰ ਤਕ ਫੈਲੀਆਂ ਹੋਈਆਂ ਹਨ। ਕਈ ਬੋਤਲਾਂ ਦੇ ਲੇਬਲ ਧੂੜ ਨਾਲ ਢੱਕੇ ਹੋਏ ਹਨ, ਜਿਨ੍ਹਾਂ ਵਿੱਚੋਂ ਕੁਝ ਤਾਂ ਮੁਸ਼ਕਲ ਨਾਲ ਹੀ ਪੜ੍ਹੇ ਜਾ ਸਕਦੇ ਹਨ।
ਕਿਹਾ ਜਾਂਦਾ ਹੈ ਕਿ ਉੱਥੋਂ ਦੀ ਹਵਾ 'ਚ ਮਿੱਠੀ ਤੇ ਮਿੱਟੀ ਵਰਗੀ ਮਹਿਕ ਘੁਲੀ ਹੋਈ ਹੈ ਜੋ ਅਕਸਰ ਪੁਰਾਣੇ ਵਾਈਨ ਤਹਿਖ਼ਾਨਿਆਂ ਨਾਲ ਜੁੜੀ ਹੁੰਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਸੰਗ੍ਰਹਿ 'ਚ ਸੋਵੀਅਤ ਸੰਘ ਦੇ ਦੌਰ 'ਚ ਜਮ੍ਹਾਂ ਕੀਤੀਆਂ ਗਈਆਂ ਕੁਝ ਬਿਹਤਰੀਨ ਵਾਈਨ ਸ਼ਾਮਲ ਹਨ। ਫ੍ਰੈਂਚ ਵਿੰਟੇਜ ਵਾਈਨ ਜਾਰਜਿਆਈ ਵਾਈਨ ਦੇ ਨਾਲ ਰੱਖੀ ਹੋਈ ਹੈ ਜੋ ਸ਼ਾਹੀ ਪਸੰਦ ਤੇ ਸਟਾਲਿਨ ਦੇ ਆਪਣੀ ਮਾਤਭੂਮੀ ਨਾਲ ਡੂੰਘੇ ਲਗਾਅ, ਦੋਵਾਂ ਨੂੰ ਦਰਸਾਉਂਦੀ ਹੈ।
ਜਾਰਜੀਆ ਲੰਬੇ ਸਮੇਂ ਤੋਂ ਖੁਦ ਨੂੰ ਵਾਈਨ ਦੀ ਜਨਮਭੂਮੀ ਵਜੋਂ ਉਤਸ਼ਾਹਿਤ ਕਰਦਾ ਰਿਹਾ ਹੈ। ਪੁਰਾਤੱਤਵ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਇਸ ਇਲਾਕੇ ਦੇ ਲੋਕ ਕਰੀਬ 8,000 ਸਾਲਾਂ ਤੋਂ ਵਾਈਨ ਬਣਾ ਰਹੇ ਹਨ। ਇਹ ਇਤਿਹਾਸ ਇਸ ਖੋਜ 'ਚ ਇਕ ਹੋਰ ਦਿਲਚਸਪ ਪਹਿਲੂ ਜੋੜਦਾ ਹੈ। ਇਹ ਤਹਿਖ਼ਾਨਾ ਖੁਦ ਕਿਸੇ ਅਜਿਹੇ ਮਿਊਜ਼ੀਅਮ ਦੇ ਨਮੂਨੇ ਵਰਗਾ ਲੱਗਦਾ ਹੈ, ਜੋ ਗਲਤੀ ਨਾਲ ਕਈ ਪੀੜ੍ਹੀਆਂ ਤੱਕ ਬੰਦ ਪਿਆ ਰਿਹਾ।
ਰਾਇਟਰਜ਼ ਦੀ ਰਿਪੋਰਟ ਮੁਤਾਬਕ, ਇਸ ਵਾਈਨ ਕੁਲੈਕਸ਼ਨ ਦੇ ਪਿੱਛੇ ਦੀ ਕਹਾਣੀ ਸ਼ਾਹੀ ਰੂਸ ਦੇ ਜ਼ਮਾਨੇ ਨਾਲ ਜੁੜੀ ਹੋਈ ਹੈ। ਇਸ ਤਹਿਖ਼ਾਨੇ ਦਾ ਕੁਝ ਹਿੱਸਾ ਅਸਲ 'ਚ ਰੋਮਾਨੋਵ ਰਾਜਵੰਸ਼ ਦਾ ਸੀ। ਫਰਾਂਸ ਦੇ ਮਸ਼ਹੂਰ ਵਾਈਨ ਅਸਟੇਟਸ ਤੋਂ ਵਾਈਨ ਦੀਆਂ ਬੋਤਲਾਂ ਅਲੈਗਜ਼ੈਂਡਰ III ਨੇ ਜਮ੍ਹਾਂ ਕੀਤੀਆਂ ਸਨ ਤੇ ਬਾਅਦ 'ਚ ਉਨ੍ਹਾਂ ਦੇ ਪੁੱਤਰ ਨਿਕੋਲਸ II ਨੇ।
1917 ਦੀ ਰੂਸੀ ਕ੍ਰਾਂਤੀ ਤੋਂ ਬਾਅਦ ਸਭ ਕੁਝ ਬਦਲ ਗਿਆ। ਸ਼ਾਹੀ ਕੁਲੈਕਸ਼ਨ ਨੂੰ ਸੋਵੀਅਤ ਸਰਕਾਰ ਨੇ ਜ਼ਬਤ ਕਰ ਲਿਆ। ਸਮੇਂ ਦੇ ਨਾਲ ਇਹ ਸਟਾਲਿਨ ਦੀ ਦੇਖਰੇਖ 'ਚ ਆ ਗਿਆ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਸੋਵੀਅਤ ਆਗੂ ਨੂੰ ਵਾਈਨ ਵਿੱਚ ਖੁਦ ਦਿਲਚਸਪੀ ਸੀ ਅਤੇ ਉਨ੍ਹਾਂ ਨੇ ਹੌਲੀ-ਹੌਲੀ ਇਸ ਤਹਿਖ਼ਾਨੇ ਨੂੰ ਜਾਰਜੀਆ ਦੀ ਵਾਈਨ ਨਾਲ ਭਰ ਦਿੱਤਾ। ਇੱਥੇ ਹੀ 1878 ਵਿੱਚ ਉਨ੍ਹਾਂ ਦਾ ਜਨਮ ਹੋਇਆ ਸੀ।
ਸਟਾਲਿਨ ਨੇ 1924 ਤੋਂ ਲੈ ਕੇ 1953 'ਚ ਆਪਣੀ ਮੌਤ ਤਕ ਸੋਵੀਅਤ ਸੰਘ ਦੀ ਵਾਗਡੋਰ ਸੰਭਾਲੀ। ਉਨ੍ਹਾਂ ਦੇ ਸ਼ਾਸਨ ਨੇ ਦੇਸ਼ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ, ਪਰ ਨਾਲ ਹੀ ਇਹ ਦਮਨ, ਸਫ਼ਾਇਆ ਮੁਹਿੰਮਾਂ ਤੇ ਵੱਡੇ ਪੱਧਰ 'ਤੇ ਲੋਕਾਂ ਦੀਆਂ ਤਕਲੀਫ਼ਾਂ ਨਾਲ ਵੀ ਜੁੜ ਗਿਆ।
ਇਸੇ ਵਿਰਾਸਤ ਕਰਕੇ ਉਨ੍ਹਾਂ ਨਾਲ ਜੁੜਿਆ ਵਾਈਨ ਦਾ ਸੰਗ੍ਰਹਿ ਵੀ ਇਤਿਹਾਸਕ ਮਹੱਤਵ ਰੱਖਦਾ ਹੈ। ਇਹ ਸਿਰਫ਼ ਬੋਤਲਾਂ ਦੀ ਗੱਲ ਨਹੀਂ ਹੈ ਬਲਕਿ ਉਸ ਦੌਰ ਦੀ ਗੱਲ ਹੈ ਜਿਸ ਵਿੱਚ ਇਹ ਬੋਤਲਾਂ ਸੁਰੱਖਿਅਤ ਰਹੀਆਂ।
ਇਸ ਸੰਗ੍ਰਹਿ ਨੂੰ ਲੁਕਾ ਕੇ ਰੱਖਣ ਦੀ ਬਜਾਏ ਜਾਰਜਿਆਈ ਅਧਿਕਾਰੀਆਂ ਨੇ ਵੱਖਰਾ ਰਸਤਾ ਚੁਣਿਆ ਹੈ। ਸਰਕਾਰ ਦਾ ਇਰਾਦਾ ਇਸ ਤਹਿਖ਼ਾਨੇ (ਸੈਲਰ) ਦੇ ਕੁਝ ਹਿੱਸਿਆਂ ਦੀ ਨਿਲਾਮੀ ਕਰਨ ਤੇ ਉਸ ਤੋਂ ਮਿਲਣ ਵਾਲੀ ਰਕਮ ਦੀ ਵਰਤੋਂ ਵਾਈਨ ਸਿੱਖਿਆ ਦਾ ਸਕੂਲ ਖੋਲ੍ਹਣ 'ਚ ਕਰਨ ਦਾ ਹੈ।
ਇਸ ਪ੍ਰੋਜੈਕਟ ਨਾਲ ਜੁੜੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਅੰਤਰਰਾਸ਼ਟਰੀ ਵਾਈਨ ਬਾਜ਼ਾਰ 'ਚ ਜਾਰਜੀਆ ਦੀ ਸਾਖ ਮਜ਼ਬੂਤ ਹੋ ਸਕਦੀ ਹੈ। ਵਾਈਨ ਨਿਰਮਾਤਾ ਇਰਾਕਲੀ ਗਿਲਾਉਰੀ ਦਾ ਮੰਨਣਾ ਹੈ ਕਿ ਇਸ ਨਿਲਾਮੀ ਨਾਲ ਜਾਰਜੀਆ ਗੰਭੀਰ ਵਾਈਨ ਸੰਗ੍ਰਹਿਕਾਰਾਂ ਦੀਆਂ ਨਜ਼ਰਾਂ 'ਚ ਮਜ਼ਬੂਤੀ ਨਾਲ ਆਪਣੀ ਜਗ੍ਹਾ ਬਣਾ ਸਕੇਗਾ।
ਹਾਲਾਂਕਿ, ਹਾਲ ਹੀ ਦੇ ਸਾਲਾਂ 'ਚ ਜਾਰਜਿਆਈ ਵਾਈਨ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਕਾਫ਼ੀ ਪਛਾਣ ਮਿਲੀ ਹੈ, ਫਿਰ ਵੀ ਇਸ ਦੇਸ਼ ਨੂੰ ਵਾਈਨ ਬਰਾਮਦ (ਐਕਸਪੋਰਟ) ਕਰਨ ਵਾਲੇ ਉਨ੍ਹਾਂ ਵੱਡੇ ਅਤੇ ਵਧੇਰੇ ਸਥਾਪਿਤ ਦੇਸ਼ਾਂ ਨਾਲ ਮੁਕਾਬਲਾ ਕਰਨਾ ਪੈਂਦਾ ਹੈ, ਜੋ ਇਸ ਖੇਤਰ 'ਚ ਪਹਿਲਾਂ ਤੋਂ ਹੀ ਆਪਣੀ ਮਜ਼ਬੂਤ ਪਕੜ ਬਣਾਈ ਬੈਠੇ ਹਨ।
ਸਟਾਲਿਨ ਦੇ ਵਾਈਨ ਸੰਗ੍ਰਹਿ ਨਾਲ ਜੁੜੀ ਇਹ ਨਿਲਾਮੀ ਵਾਈਨ ਦੇ ਰਵਾਇਤੀ ਸ਼ੌਕੀਨਾਂ ਦੇ ਦਾਇਰੇ ਤੋਂ ਬਾਹਰ ਵੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਸਕਦੀ ਹੈ। ਇਸ 'ਤੇ ਹੁਣ ਪੂਰੀ ਦੁਨੀਆ ਦੀ ਨਜ਼ਰ ਹੋਵੇਗੀ।
ਉਸ ਵਾਲਟ (ਤਿਜੋਰੀ) ਤਕ ਪਹੁੰਚ ਹਾਸਲ ਕਰਨ ਵਾਲਿਆਂ 'ਚ ਵਾਈਨ ਕੁਲੈਕਟਰ ਵਿਕਟਰ ਚੇਨ ਵੀ ਸ਼ਾਮਲ ਸਨ, ਜੋ ਇਨ੍ਹਾਂ ਬੋਤਲਾਂ ਨੂੰ ਦੇਖਣ ਲਈ ਟੈਕਸਾਸ ਦੇ ਡੱਲਾਸ ਤੋਂ ਆਏ ਸਨ। ਧੂੜ ਨਾਲ ਭਰੀਆਂ ਅਲਮਾਰੀਆਂ ਵਿਚਕਾਰ ਖੜ੍ਹੇ ਹੋ ਕੇ ਉਨ੍ਹਾਂ ਇਸ ਅਨੁਭਵ ਦੀ ਤੁਲਨਾ ਕਿਸੇ ਛਿਪੀ ਹੋਈ ਪੁਰਾਤੱਤਵ ਜਗ੍ਹਾ ਦੀ ਖੋਜ ਕਰਨ ਨਾਲ ਕੀਤੀ। ਉਨ੍ਹਾਂ ਦੀ ਇਹ ਪ੍ਰਤੀਕਿਰਿਆ ਇਸ ਕੁਲੈਕਸ਼ਨ ਨੂੰ ਲੈ ਕੇ ਬਣੀ ਬੇਯਕੀਨੀ ਦੀ ਭਾਵਨਾ ਨੂੰ ਬਾਖ਼ੂਬੀ ਦਰਸਾਉਂਦੀ ਹੈ।
ਅਜੇ ਤਕ ਕਿਸੇ ਨੂੰ ਵੀ ਹਰ ਬੋਤਲ ਦੀ ਪੂਰੀ ਕੀਮਤ ਦਾ ਅੰਦਾਜ਼ਾ ਨਹੀਂ ਹੈ। ਹੋ ਸਕਦਾ ਹੈ ਕਿ ਕੁਝ ਬੋਤਲਾਂ ਬੇਹੱਦ ਦੁਰਲੱਭ ਨਿਕਲਣ। ਉੱਥੇ ਹੀ, ਇਹ ਵੀ ਸੰਭਵ ਹੈ ਕਿ ਸਾਵਧਾਨੀ ਨਾਲ ਰੱਖੇ ਜਾਣ ਦੇ ਬਾਵਜੂਦ ਸਮੇਂ ਦੇ ਨਾਲ ਕੁਝ ਬੋਤਲਾਂ ਦੀ ਗੁਣਵੱਤਾ ਖ਼ਰਾਬ ਹੋ ਗਈ ਹੋਵੇ।
ਇਹ ਰਹੱਸ ਹੀ ਸ਼ਾਇਦ ਇਸ ਕੁਲੈਕਸ਼ਨ ਦੇ ਆਕਰਸ਼ਣ ਦਾ ਹਿੱਸਾ ਹੈ। ਕੁਲੈਕਟਰ ਅਕਸਰ ਵਾਈਨ ਦੀ ਗੁਣਵੱਤਾ ਦੇ ਨਾਲ-ਨਾਲ ਉਸਦੇ ਇਤਿਹਾਸ (Provenance) ਨੂੰ ਵੀ ਓਨਾ ਹੀ ਮਹੱਤਵ ਦਿੰਦੇ ਹਨ। ਕਿਸੇ ਵੱਡੀ ਇਤਿਹਾਸਕ ਘਟਨਾ ਨਾਲ ਜੁੜੀ ਬੋਤਲ ਸਿਰਫ਼ ਉਸਦੇ ਸੁਆਦ ਤੋਂ ਕਿਤੇ ਵੱਧ, ਹੋਰ ਕਾਰਨਾਂ ਕਰਕੇ ਵੀ ਬੇਹੱਦ ਕੀਮਤੀ ਬਣ ਸਕਦੀ ਹੈ।
ਰਾਇਟਰਜ਼ ਅਨੁਸਾਰ, ਜਿਵੇਂ-ਜਿਵੇਂ ਨਿਲਾਮੀ ਦੀਆਂ ਤਿਆਰੀਆਂ ਅੱਗੇ ਵਧ ਰਹੀਆਂ ਹਨ, ਮਾਹਰ ਸੰਭਵ ਤੌਰ 'ਤੇ ਕਈ ਮਹੀਨੇ ਲਗਾ ਕੇ ਹਰੇਕ ਬੋਤਲ ਦੀ ਸਥਿਤੀ ਅਤੇ ਉਸਦੇ ਇਤਿਹਾਸਕ ਮਹੱਤਵ ਦਾ ਮੁਲਾਂਕਣ ਕਰਨਗੇ। ਕੁਝ ਚੀਜ਼ਾਂ ਚੰਗੀ-ਖ਼ਾਸੀ ਰਕਮ ਦਿਵਾ ਸਕਦੀਆਂ ਹਨ। ਉੱਥੇ ਹੀ, ਕੁਝ ਹੋਰ ਚੀਜ਼ਾਂ ਅਜਿਹੇ ਅਜਾਇਬ ਘਰਾਂ ਤੇ ਨਿੱਜੀ ਸੰਗ੍ਰਹਿਕਾਰਾਂ ਨੂੰ ਆਕਰਸ਼ਿਤ ਕਰ ਸਕਦੀਆਂ ਹਨ, ਜਿਨ੍ਹਾਂ ਦੀ ਦਿਲਚਸਪੀ ਵਾਈਨ 'ਚ ਨਹੀਂ ਬਲਕਿ ਸੋਵੀਅਤ ਜਾਂ ਸ਼ਾਹੀ ਰੂਸੀ ਇਤਿਹਾਸ 'ਚ ਹੈ।