ਇਜ਼ਰਾਈਲੀ ਫ਼ੌਜ ਦੇ ਬੁਲਾਰੇ ਅਵਿਚਾਏ ਅਦਰਾਈ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਹਮਾਸ ਦੇ ਫ਼ੌਜੀ ਢਾਂਚਿਆਂ ਨੂੰ ਤਬਾਹ ਕਰਨ ਲਈ ਜ਼ਮੀਨੀ ਮੁਹਿੰਮ ਸ਼ੁਰੂ ਕਰ ਚੁੱਕੇ ਹਨ। ਨਿਵਾਸੀਆਂ ਨੂੰ ਸ਼ਹਿਰ ਛੱਡਣ ਦੀ ਚਿਤਾਵਨੀ ਦਿੱਤੀ ਗਈ ਹੈ। ਫ਼ੌਜ ਮੁੱਖ ਸ਼ਹਿਰ ਵਿਚ ਅੰਦਰ ਤੱਕ ਜਾ ਰਹੀ ਹੈ।
ਯਰੂਸ਼ਲਮ (ਰਾਇਟਰ) : ਇਜ਼ਰਾਈਲ ਫੌਜ ਨੇ ਮੰਗਲਵਾਰ ਨੂੰ ਗਾਜ਼ਾ ਸ਼ਹਿਰ 'ਤੇ ਜ਼ਮੀਨੀ ਹਮਲਾ ਸ਼ੁਰੂ ਕਰ ਦਿੱਤਾ। ਦੋ ਸਾਲਾਂ ਤੋਂ ਚੱਲ ਰਹੀ ਜੰਗ ਵਿਚ ਇਜ਼ਰਾਈਲ ਦੀ ਫ਼ੌਜਜ ਸਭ ਤੋਂ ਭਿਆਨਕ ਬੰਬਾਰੀ ਕਰ ਰਹੀ ਹੈ। ਹਵਾ, ਸਮੁੰਦਰ ਅਤੇ ਜ਼ਮੀਨ ਤੋਂ ਹਮਲੇ ਕੀਤੇ ਜਾ ਰਹੇ ਹਨ। ਇਜ਼ਰਾਈਲ ਨੇ ਐਲਾਨ ਕੀਤਾ ਕਿ "ਗਾਜ਼ਾ ਸੜ ਰਿਹਾ ਹੈ"। ਗਾਜ਼ਾ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਦੀ ਸਵੇਰੇ ਹੋਏ ਹਮਲੇ ਵਿਚ 40 ਲੋਕ ਮਾਰੇ ਗਏ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਗਾਜ਼ਾ ਸ਼ਹਿਰ ਵਿਚ ਸਨ।
ਇਜ਼ਰਾਈਲੀ ਫ਼ੌਜ ਦੇ ਬੁਲਾਰੇ ਅਵਿਚਾਏ ਅਦਰਾਈ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਹਮਾਸ ਦੇ ਫ਼ੌਜੀ ਢਾਂਚਿਆਂ ਨੂੰ ਤਬਾਹ ਕਰਨ ਲਈ ਜ਼ਮੀਨੀ ਮੁਹਿੰਮ ਸ਼ੁਰੂ ਕਰ ਚੁੱਕੇ ਹਨ। ਨਿਵਾਸੀਆਂ ਨੂੰ ਸ਼ਹਿਰ ਛੱਡਣ ਦੀ ਚਿਤਾਵਨੀ ਦਿੱਤੀ ਗਈ ਹੈ। ਫ਼ੌਜ ਮੁੱਖ ਸ਼ਹਿਰ ਵਿਚ ਅੰਦਰ ਤੱਕ ਜਾ ਰਹੀ ਹੈ। ਆਉਣ ਵਾਲੇ ਦਿਨਾਂ ਵਿਚ ਫ਼ੌਜ ਦੀ ਗਿਣਤੀ ਵਿਚ ਵਾਧਾ ਹੋਵੇਗਾ, ਕਿਉਂਕਿ ਲਗਪਗ ਤਿੰਨ ਹਜ਼ਾਰ ਹਮਾਸ ਲੜਾਕੇ ਹਾਲੇ ਵੀ ਗਾਜ਼ਾ ਸ਼ਹਿਰ ਵਿਚ ਮੌਜੂਦ ਹਨ।
ਸ਼ਿਫਾ ਹਸਪਤਾਲ ਦੇ ਡਾਇਰੈਕਟਰ ਡਾ. ਮੁਹੰਮਦ ਅਬੂ ਸੈਲਮੀਆ ਨੇ ਦੱਸਿਆ ਕਿ ਬੰਬਾਰੀ ਇਕ ਪਲ ਲਈ ਵੀ ਨਹੀਂ ਰੁਕੀ। ਮਲਬੇ ਦੇ ਹੇਠਾਂ ਹਾਲੇ ਵੀ ਲਾਸ਼ਾਂ ਪਈਆਂ ਹਨ। ਇਸ ਦੌਰਾਨ, ਗਾਜ਼ਾ ਵਿਚ ਬੰਧਕ ਬਣਾਏ ਗਏ ਬੰਧਕਾਂ ਦੇ ਪਰਿਵਾਰ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੀ ਰਿਹਾਇਸ਼ ਦੇ ਬਾਹਰ ਇਕੱਠੇ ਹੋਏ ਅਤੇ ਉਨ੍ਹਾਂ ਨੂੰ ਗਾਜ਼ਾ ਮੁਹਿੰਮ ਰੋਕਣ ਦੀ ਬੇਨਤੀ ਕੀਤੀ। ਇਜ਼ਰਾਈਲ ਦਾ ਮੰਨਣਾ ਹੈ ਕਿ ਗਾਜ਼ਾ ਵਿਚ ਬੰਧਕ ਬਣਾਏ ਗਏ 48 ਬੰਧਕਾਂ ਵਿੱਚੋਂ ਲਗਪਗ 20 ਜਿਊਂਦੇ ਹਨ। ਹਮਾਸ ਨੇ ਕਿਹਾ ਹੈ ਕਿ ਉਹ ਫ਼ਲਸਤੀਨੀ ਕੈਦੀਆਂ, ਸਥਾਈ ਜੰਗਬੰਦੀ ਅਤੇ ਗਾਜ਼ਾ ਤੋਂ ਇਜ਼ਰਾਈਲ ਦੀ ਵਾਪਸੀ ਦੇ ਬਦਲੇ ਵਿਚ ਹੀ ਬਾਕੀ ਬੰਧਕਾਂ ਨੂੰ ਰਿਹਾਈ ਦੇਵੇਗਾ।
ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਐਕਸ 'ਤੇ ਪੋਸਟ ਕੀਤਾ, "ਗਾਜ਼ਾ ਸੜ ਰਿਹਾ ਹੈ। ਫ਼ੌਜ ਬੰਧਕਾਂ ਦੀ ਰਿਹਾਈ ਅਤੇ ਹਮਾਸ ਦੀ ਹਾਰ ਲਈ ਬਹਾਦਰੀ ਨਾਲ ਲੜ ਰਹੀ ਹੈ। ਜਦ ਤੱਕ ਮਿਸ਼ਨ ਪੂਰਾ ਨਹੀਂ ਹੁੰਦਾ, ਅਸੀਂ ਨਾ ਤਾਂ ਝੁਕਾਂਗੇ ਅਤੇ ਨਾ ਹੀ ਪਿੱਛੇ ਹਟਾਂਗੇ।"
ਇਸ ਦੌਰਾਨ, ਏਪੀ ਦੇ ਅਨੁਸਾਰ, ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਕਤਰ ਜਾਣ ਤੋਂ ਪਹਿਲਾਂ ਇਜ਼ਰਾਈਲ ਵਿਚ ਕਿਹਾ ਕਿ ਗਾਜ਼ਾ ਸ਼ਹਿਰ 'ਤੇ ਹਮਲਾ ਸ਼ੁਰੂ ਹੋ ਗਿਆ ਹੈ। ਰੂਬਿਓ ਨੇ ਕਿਹਾ, "ਸਾਨੂੰ ਲੱਗਦਾ ਹੈ ਕਿ ਸਾਡੇ ਕੋਲ ਬਹੁਤ ਘੱਟ ਸਮਾਂ ਬਚਿਆ ਹੈ। ਸਾਡੀ ਤਰਜੀਹ ਇਹ ਹੈ ਕਿ ਇਸ ਦਾ ਹੱਲ ਗੱਲਬਾਤ ਰਾਹੀਂ ਹੋਵੇ।" ਉਨ੍ਹਾਂ ਨੇ ਗਾਜ਼ਾ ਵਿਚ ਫ਼ੌਜੀ ਮੁਹਿੰਮ ਨਾਲ ਸੰਬੰਧਤ ਖ਼ਤਰਿਆਂ ਨੂੰ ਵੀ ਮੰਨਿਆ। ਇਜ਼ਰਾਈਲ ਦਾ ਸਮਰਥਨ ਕਰਦੇ ਹੋਏ ਰੂਬਿਓ ਨੇ ਕਿਹਾ ਕਿ ਹਾਲਾਂਕਿ ਅਮਰੀਕਾ ਜੰਗ ਦਾ ਕੂਟਨੀਤਕ ਅੰਤ ਚਾਹੁੰਦਾ ਹੈ, ਸਾਨੂੰ ਇਸ ਸ਼ੱਕ ਲਈ ਤਿਆਰ ਰਹਿਣਾ ਪਵੇਗਾ ਕਿ ਅਜਿਹਾ ਨਹੀਂ ਹੋਵੇਗਾ।
ਯੂਰਪੀ ਸੰਘ ਲਾ ਸਕਦਾ ਹੈ ਨਵੀਂ ਪਾਬੰਦੀ
ਬਰਸਲਜ਼ ਵਿਚ, ਯੂਰਪੀ ਸੰਘ ਦੇ ਕਾਰਜਕਾਰੀ ਅਧਿਕਾਰੀ ਦੇ ਬੁਲਾਰੇ ਨੇ ਕਿਹਾ ਕਿ ਉਹ ਬੁੱਧਵਾਰ ਨੂੰ ਇਜ਼ਰਾਈਲ 'ਤੇ ਨਵੀਆਂ ਪਾਬੰਦੀਆਂ ਲਗਾਉਣ 'ਤੇ ਵਿਚਾਰ ਕਰਨਗੇ, ਜਿਸ ਵਿਚ ਕੁਝ ਵਪਾਰ ਵਿਵਸਥਾਵਾਂ ਨੂੰ ਮੁਅੱਤਲ ਕਰਨਾ ਵੀ ਸ਼ਾਮਲ ਹੈ। ਬ੍ਰਿਟਿਸ਼ ਵਿਦੇਸ਼ ਮੰਤਰੀ ਯਵੈਟ ਕੂਪਰ ਨੇ ਇਸ ਹਮਲੇ ਨੂੰ "ਲਾਪਰਵਾਹ ਅਤੇ ਭਿਆਨਕ" ਦੱਸਿਆ ਅਤੇ ਤੁਰੰਤ ਜੰਗਬੰਦੀ ਦਾ ਸੱਦਾ ਦਿੱਤਾ।
ਗਾਜ਼ਾ ਵਿਚ ਜੰਗ ਉਸ ਵੇਲੇ ਸ਼ੁਰੂ ਹੋਈ ਜਦੋਂ 7 ਅਕਤੂਬਰ, 2023 ਨੂੰ ਹਮਾਸ ਦੇ ਅੱਤਵਾਦੀਆਂ ਨੇ ਇਜ਼ਰਾਈਲ 'ਤੇ ਹਮਲਾ ਕੀਤਾ, ਜਿਸ ਵਿਚ ਲਗਪਗ 1,200 ਲੋਕ ਮਾਰੇ ਗਏ ਅਤੇ 251 ਲੋਕਾਂ ਨੂੰ ਅਗਵਾ ਕੀਤਾ ਗਿਆ। ਜ਼ਿਆਦਾਤਰ ਬੰਧਕਾਂ ਨੂੰ ਕਤਰ ਜਾਂ ਹੋਰ ਸਮਝੌਤਿਆਂ ਦੇ ਰਾਹੀਂ ਸੰਘਰਸ਼ ਵਿਰਾਮ ਦੇ ਤਹਿਤ ਰਿਹਾਈ ਦਿੱਤੀ ਗਈ ਹੈ। ਇਜ਼ਰਾਈਲ ਦੇ ਜਵਾਬੀ ਹਮਲੇ ਵਿਚ 64,871 ਫ਼ਲਸਤੀਨੀ ਮਾਰੇ ਗਏ ਹਨ। ਸੰਯੁਕਤ ਰਾਸ਼ਟਰ ਨੇ ਸੋਮਵਾਰ ਨੂੰ ਅੰਦਾਜ਼ਾ ਲਗਾਇਆ ਕਿ ਪਿਛਲੇ ਇਕ ਮਹੀਨੇ ਵਿਚ 2,20,000 ਤੋਂ ਵੱਧ ਫ਼ਲਸਤੀਨੀ ਉੱਤਰੀ ਗਾਜ਼ਾ ਤੋਂ ਹਿਜਰਤ ਕਰ ਚੁੱਕੇ ਹਨ।
ਮਿਸਰ ਨੇ ਇਜ਼ਰਾਈਲ ਨੂੰ ਦੁਸ਼ਮਣ ਕਿਹਾ
ਮਿਸਰ ਦੇ ਰਾਸ਼ਟਰਪਤੀ ਅਬਦੇਲ-ਫਤਿਹ ਅਲ-ਸੀਸੀ ਨੇ ਸੋਮਵਾਰ ਨੂੰ ਇਜ਼ਰਾਈਲ ਨੂੰ "ਦੁਸ਼ਮਣ" ਕਿਹਾ। 1979 ਵਿਚ ਦੋਹਾਂ ਦੇਸ਼ਾਂ ਦੇ ਵਿਚਕਾਰ ਰਾਜਨੀਤਿਕ ਸੰਬੰਧ ਸਥਾਪਤ ਹੋਣ ਤੋਂ ਬਾਅਦ ਇਹ ਪਹਿਲੀ ਵਾਰੀ ਹੈ ਜਦੋਂ ਕਿਸੇ ਮਿਸਰੀ ਨੇ ਇਸ ਸ਼ਬਦ ਦੀ ਵਰਤੋਂ ਕੀਤੀ। ਮਿਸਰ ਇਜ਼ਰਾਈਲ ਨਾਲ ਸੰਬੰਧ ਸਥਾਪਤ ਕਰਨ ਵਾਲਾ ਪਹਿਲਾ ਅਰਬ ਦੇਸ਼ ਹੈ।
ਫ਼ਲਸਤੀਨ ਨੂੰ ਮਾਨਤਾ ਦੇਵੇਗਾ ਲਗਜ਼ਮਬਰਗ
ਏਐੱਨਆਈ ਦੇ ਅਨੁਸਾਰ, ਲਗਜ਼ਮਬਰਗ ਦੇ ਪ੍ਰਧਾਨ ਮੰਤਰੀ ਲਿਊਕ ਫ੍ਰੀਡੇਨ ਅਤੇ ਵਿਦੇਸ਼ ਮੰਤਰੀ ਜੇਵੀਅਰ ਬੇਟੇਲ ਨੇ ਸੋਮਵਾਰ ਨੂੰ ਸੰਸਦੀ ਕਮਿਸ਼ਨ ਨੂੰ ਦੱਸਿਆ ਕਿ ਲਗਜ਼ਮਬਰਗ ਫ਼ਲਸਤੀਨ ਨੂੰ ਮਾਨਤਾ ਦੇਣ ਦਾ ਇਰਾਦਾ ਰੱਖਦਾ ਹੈ। ਸਥਾਨਕ ਮੀਡੀਆ ਦੇ ਅਨੁਸਾਰ, ਮਾਨਤਾ 'ਤੇ ਆਖ਼ਰੀ ਫ਼ੈਸਲਾ ਇਸ ਮਹੀਨੇ ਦੇ ਅੰਤ ਵਿਚ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਦੀ ਮਹਾ ਸਭਾ ਵਿਚ ਫਰਾਂਸ ਅਤੇ ਬੈਲਜੀਅਮ ਸਮੇਤ ਕਈ ਹੋਰ ਦੇਸ਼ਾਂ ਦੇ ਸਹਿਯੋਗ ਨਾਲ ਲਿਆ ਜਾਵੇਗਾ।