ਈਰਾਨ 'ਚ ਇੰਟਰਨੈੱਟ ਠੱਪ, ਸੜਕਾਂ 'ਤੇ ਪ੍ਰਦਰਸ਼ਨ ਅਤੇ ਖ਼ਤਰਨਾਕ ਹਾਲਾਤ; ਭਾਰਤ ਪਰਤੇ ਵਿਦਿਆਰਥੀਆਂ ਨੇ ਸੁਣਾਈ ਆਪਬੀਤੀ
ਈਰਾਨੀ ਅਧਿਕਾਰੀਆਂ ਨੇ ਵਪਾਰਕ ਜਹਾਜ਼ ਐਮਟੀ ਵੈਲੀਅੰਟ ਰੋਅਰ (MT Valiant Roar) 'ਤੇ ਸਵਾਰ 16 ਭਾਰਤੀ ਕਰੂ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਭਾਰਤੀ ਵਿਦੇਸ਼ ਮੰਤਰਾਲਾ ਉਨ੍ਹਾਂ ਨੂੰ 'ਕੌਂਸਲਰ ਐਕਸੈਸ' ਦਿਵਾਉਣ ਲਈ ਲਗਾਤਾਰ ਈਰਾਨੀ ਸਰਕਾਰ ਨਾਲ ਸੰਪਰਕ ਵਿੱਚ ਹੈ।
Publish Date: Sun, 18 Jan 2026 03:12 PM (IST)
Updated Date: Sun, 18 Jan 2026 03:21 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਸਿਖਰਾਂ 'ਤੇ ਪਹੁੰਚ ਗਿਆ ਹੈ। ਈਰਾਨ ਵਿੱਚ ਚੱਲ ਰਹੇ ਹਿੰਸਕ ਪ੍ਰਦਰਸ਼ਨਾਂ ਦੌਰਾਨ ਹੁਣ ਤੱਕ 3,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਭਿਆਨਕ ਸਥਿਤੀ ਵਿਚਕਾਰ ਈਰਾਨ ਤੋਂ ਭਾਰਤ ਪਰਤੇ ਵਿਦਿਆਰਥੀਆਂ ਅਤੇ ਨਾਗਰਿਕਾਂ ਨੇ ਉੱਥੋਂ ਦੇ ਖ਼ੌਫ਼ਨਾਕ ਹਾਲਾਤ ਬਿਆਨ ਕੀਤੇ ਹਨ।
ਭਾਰਤ ਪਰਤੇ ਵਿਦਿਆਰਥੀਆਂ ਨੇ ਦੱਸਿਆ ਕਿ ਈਰਾਨ ਵਿੱਚ ਸਥਿਤੀ ਬਹੁਤ ਨਾਜ਼ੁਕ ਹੈ। ਈਰਾਨ ਸਰਕਾਰ ਨੇ ਪੂਰੇ ਦੇਸ਼ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ, ਜਿਸ ਕਾਰਨ ਵਿਦਿਆਰਥੀ ਆਪਣੇ ਪਰਿਵਾਰਾਂ ਨਾਲ ਸੰਪਰਕ ਨਹੀਂ ਕਰ ਸਕੇ।ਵਿਦਿਆਰਥੀਆਂ ਮੁਤਾਬਕ ਘਰੋਂ ਬਾਹਰ ਨਿਕਲਣਾ ਖ਼ਤਰੇ ਤੋਂ ਖਾਲੀ ਨਹੀਂ ਸੀ। ਪ੍ਰਦਰਸ਼ਨਕਾਰੀ ਗੱਡੀਆਂ ਨੂੰ ਘੇਰ ਲੈਂਦੇ ਸਨ ਅਤੇ ਸੜਕਾਂ 'ਤੇ ਅਗਜ਼ਨੀ ਦੀਆਂ ਘਟਨਾਵਾਂ ਆਮ ਹੋ ਗਈਆਂ ਸਨ। ਈਰਾਨ ਵਿੱਚ ਲਗਪਗ 9,000 ਭਾਰਤੀ ਰਹਿੰਦੇ ਹਨ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੀ ਹੈ। ਇਨ੍ਹਾਂ ਵਿੱਚੋਂ 2,000 ਤੋਂ ਵੱਧ ਵਿਦਿਆਰਥੀ ਇਕੱਲੇ ਜੰਮੂ-ਕਸ਼ਮੀਰ ਦੇ ਹਨ।
16 ਭਾਰਤੀ ਕਰੂ ਮੈਂਬਰ ਈਰਾਨ ਦੀ ਹਿਰਾਸਤ 'ਚ
ਈਰਾਨੀ ਅਧਿਕਾਰੀਆਂ ਨੇ ਵਪਾਰਕ ਜਹਾਜ਼ ਐਮਟੀ ਵੈਲੀਅੰਟ ਰੋਅਰ (MT Valiant Roar) 'ਤੇ ਸਵਾਰ 16 ਭਾਰਤੀ ਕਰੂ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਭਾਰਤੀ ਵਿਦੇਸ਼ ਮੰਤਰਾਲਾ ਉਨ੍ਹਾਂ ਨੂੰ 'ਕੌਂਸਲਰ ਐਕਸੈਸ' ਦਿਵਾਉਣ ਲਈ ਲਗਾਤਾਰ ਈਰਾਨੀ ਸਰਕਾਰ ਨਾਲ ਸੰਪਰਕ ਵਿੱਚ ਹੈ। ਪਰਿਵਾਰਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਗੁਹਾਰ ਲਗਾਈ ਹੈ।
ਟਰੰਪ ਤੇ ਖਾਮੇਨੇਈ ਵਿਚਾਲੇ ਜ਼ਬਾਨੀ ਜੰਗ
ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਨੇ ਇਨ੍ਹਾਂ ਮੌਤਾਂ ਅਤੇ ਹਿੰਸਾ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਨੂੰ 'ਅਪਰਾਧੀ' ਕਿਹਾ ਹੈ। ਦੂਜੇ ਪਾਸੇ, ਟਰੰਪ ਨੇ ਪਲਟਵਾਰ ਕਰਦਿਆਂ ਕਿਹਾ ਹੈ ਕਿ ਈਰਾਨ ਵਿੱਚ ਖਾਮੇਨੇਈ ਦੀ 37 ਸਾਲ ਪੁਰਾਣੀ ਸੱਤਾ ਨੂੰ ਉਖਾੜ ਸੁੱਟਣ ਦਾ ਸਮਾਂ ਆ ਗਿਆ ਹੈ। ਟਰੰਪ ਨੇ ਚਿਤਾਵਨੀ ਦਿੱਤੀ ਕਿ ਜੇਕਰ ਈਰਾਨ ਨੇ ਪ੍ਰਦਰਸ਼ਨਕਾਰੀਆਂ ਨੂੰ ਫਾਂਸੀ ਦਿੱਤੀ ਤਾਂ ਅਮਰੀਕਾ ਸਖ਼ਤ ਕਾਰਵਾਈ ਕਰੇਗਾ।
ਭਾਰਤੀ ਵਿਦੇਸ਼ ਮੰਤਰਾਲੇ ਦੀ ਐਡਵਾਈਜ਼ਰੀ
ਭਾਰਤ ਸਰਕਾਰ ਨੇ ਈਰਾਨ ਵਿੱਚ ਮੌਜੂਦ ਆਪਣੇ ਨਾਗਰਿਕਾਂ ਨੂੰ ਤੁਰੰਤ ਦੇਸ਼ ਛੱਡਣ ਦੀ ਸਲਾਹ ਦਿੱਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਜਿਹੜੇ ਲੋਕ ਅਜੇ ਉੱਥੇ ਫਸੇ ਹੋਏ ਹਨ, ਉਹ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਨ ਅਤੇ ਪ੍ਰਦਰਸ਼ਨ ਵਾਲੀਆਂ ਥਾਵਾਂ ਤੋਂ ਦੂਰ ਰਹਿਣ।