ਆਈਆਈਟੀ ਮਦਰਾਸ ਨੇ ਸਿਲੀਕਾਨ ਵੈਲੀ 'ਚ ਗੱਡਿਆ ਝੰਡਾ; ਭਾਰਤੀ ਸਟਾਰਟਅੱਪਸ ਲਈ ਖੋਲ੍ਹਿਆ ਪਹਿਲਾ ਕੌਮਾਂਤਰੀ ਖੋਜ ਕੇਂਦਰ
ਕਰੀਬ 75 ਲੱਖ ਡਾਲਰ ਦੇ ਨਿਵੇਸ਼ ਨਾਲ ਤਿਆਰ ਹੋ ਰਿਹਾ ਇਹ ਕੇਂਦਰ ਭਾਰਤੀ ਤਕਨੀਕੀ ਪ੍ਰਤਿਭਾਵਾਨਾਂ ਨੂੰ ਆਲਮੀ ਬਾਜ਼ਾਰ, ਪੂੰਜੀ, ਮਾਹਿਰਾਂ ਦਾ ਮਾਰਗਦਰਸ਼ਨ ਤੇ ਕੌਮਾਂਤਰੀ ਨੈੱਟਵਰਕ ਨਾਲ ਜੋੜੇਗਾ।
Publish Date: Thu, 07 May 2026 09:41 AM (IST)
Updated Date: Thu, 07 May 2026 09:43 AM (IST)
ਵਾਸ਼ਿੰਗਟਨ (ਪੀਟੀਆਈ) : ਭਾਰਤੀ ਦੀ ਤਕਨੀਕੀ ਸਮਰੱਥਾ ਹੁਣ ਸੰਸਾਰ ਦੇ ਸਭ ਤੋਂ ਵੱਡੇ ਇਨੋਵੇਸ਼ਨ ਹਬ ਤੱਕ ਪਹੁੰਚ ਗਈ ਹੈ। ਆਈਆਈਟੀ ਮਦਰਾਸ ਨੇ ਅਮਰੀਕਾ ਵਿਚ ਆਪਣਾ ਪਹਿਲਾ ਕੌਮਾਂਤਰੀ ਖੋਜ ਕੇਂਦਰ ਖੋਲ੍ਹ ਦਿੱਤਾ ਹੈ।
ਕੈਲੀਫੋਰਨੀਆ ਦੇ ਮੈਨਲੋ ਪਾਰਕ ਵਿਚ ਸਥਾਪਤ ਇਹ ਕੇਂਦਰ ਭਾਰਤੀ ਡੀਪ-ਟੈੱਕ ਸਟਾਰਟਅੱਪ ਲਈ ਲਾਂਚਪੈਡ ਵਾਂਗ ਕੰਮ ਕਰੇਗਾ। ਖ਼ਾਸ ਗੱਲ ਇਹ ਹੈ ਕਿ ਇਹ ਸੈਂਟਰ ਸਿਲੀਕਾਨ ਵੈਲੀ ਦੇ ਬੇਹਦ ਕਰੀਬ ਹੈ, ਜਿੱਥੇ ਸੰਸਾਰ ਦੀਆਂ ਵੱਡੀਆਂ ਟੈੱਕ ਕੰਪਨੀਆਂ ਤੇ ਨਿਵੇਸ਼ਕ ਮੌਜੂਦ ਹਨ।
ਕਰੀਬ 75 ਲੱਖ ਡਾਲਰ ਦੇ ਨਿਵੇਸ਼ ਨਾਲ ਤਿਆਰ ਹੋ ਰਿਹਾ ਇਹ ਕੇਂਦਰ ਭਾਰਤੀ ਤਕਨੀਕੀ ਪ੍ਰਤਿਭਾਵਾਨਾਂ ਨੂੰ ਆਲਮੀ ਬਾਜ਼ਾਰ, ਪੂੰਜੀ, ਮਾਹਿਰਾਂ ਦਾ ਮਾਰਗਦਰਸ਼ਨ ਤੇ ਕੌਮਾਂਤਰੀ ਨੈੱਟਵਰਕ ਨਾਲ ਜੋੜੇਗਾ।
ਆਈਆਈਟੀ ਮਦਰਾਸ ਗਲੋਬਲ ਰਿਸਰਚ ਫਾਊਂਡੇਸ਼ਨ ਤਹਿਤ ਸ਼ੁਰੂ ਕੀਤੀ ਗਈ ਇਸ ਪਹਿਲ ਦਾ ਮਕਸਦ ਭਾਰਤ ਵਿਚ ਵਿਕਸਤ ਹੋ ਰਹੀਆਂ ਨਵੀਆਂ ਤਕਨੀਕਾਂ ਨੂੰ ਲੈਬ ਵਿਚੋਂ ਕੱਢ ਕੇ ਕੌਮਾਂਤਰੀ ਬਾਜ਼ਾਰ ਤੱਕ ਪਹੁੰਚਾਉਣਾ ਹੈ। ਇਹ ਖੋਜ ਕੇਂਦਰ ਨਵੀਆਂ ਕਾਢਾਂ ਨੂੰ ਉਤਸ਼ਾਹਤ ਕਰਨ ਦੇ ਨਾਲ ਨਾਲ ਸਟਾਰਅੱਪ ਇੰਕਿਊਬੇਸ਼ਨ, ਉਦਯੋਗ-ਅਕਾਦਮਿਕ ਸਹਿਯੋਗ ਤੇ ਵੈਂਚਰ ਨਿਵੇਸ਼ ਦੇ ਨਵੇਂ ਮੌਕੇ ਖੋਲ੍ਹੇਗਾ। ਇਸ ਨਾਲ ਭਾਰਤੀ ਸਟਰਾਟਅੱਪ ਨੂੰ ਕੌਮਾਂਤਰੀ ਸਾਂਝੇਦਾਰੀ ਤੇ ਨਿਵੇਸ਼ ਦੇ ਨਵੇਂ ਮੌਕੇ ਮਿਲਣਗੇ।
ਆਈਆਈਟੀ ਮਦਰਾਸ ਨੇ ਅਮਰੀਕ ਦੇ ਈਸਟ ਕੋਸਟ ਵਿਚ ਦੂਸਰਾ ਸੈਂਟਰ ਖੋਲ੍ਹਣ ਦੀ ਯੋਜਨਾ ਬਣਾਈ ਹੈ, ਜਿਸ ਨਾਲ ਭਾਰਤ-ਅਮਰੀਕਾ ਇਨੋਵੇਸ਼ਨ ਨੈੱਟਵਰਕ ਹੋਰ ਮਜ਼ਬੂਤ ਹੋਵੇਗਾ। ਭਾਰਤੀ ਰਾਜਦੂਨ ਵਿਨੇ ਮੋਹਨ ਕਵਾਤੜਾ ਨੇ ਇਸ ਪਹਿਲ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਇਹ ਭਾਰਤ ਤੇ ਅਮਰੀਕਾ ਦਰਮਿਆਨ ਤਕਨੀਕੀ ਸਹਿਯੋਗ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣ ਵਾਲਾ ਕਦਮ ਹੈ।