ਰੂਸ ਦੇ ਮਿਜ਼ਾਈਲ ਤੇ ਡ੍ਰੋਨ ਹਮਲਿਆਂ ’ਚ ਯੂਕਰੇਨ ’ਚ ਚਾਰ ਹਲਾਕ, ਰੂਸੀ ਹਮਲੇ ’ਚ ਓਡੇਸਾ ’ਚ ਬੰਦਰਗਾਹ ਨੂੰ ਵੀ ਪੁੱਜਾ ਨੁਕਸਾਨ, ਯੂਕਰੇਨ ਨੇ ਮਾਸਕੋ ਵੱਲੋਂ ਕਈ ਡ੍ਰੋਨਾਂ ਨਾਲ ਕੀਤਾ ਹਮਲਾ
ਹਮਲੇ ’ਚ ਇਕ ਕਾਰੋਬਾਰ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਨੇੜਲੇ ਸ਼ਾਪਿੰਗ ਸੈਂਟਰ ਤੇ ਸੁਪਰਮਾਰਕੀਟ ਵੀ ਨੁਕਸਾਨੇ ਗਏ, ਜਦਕਿ ਗੁਆਂਢੀ ਸੁਮੀ ਦੇ ਗਵਰਨਰ ਓਲੇਹ ਨੇ ਕਿਹਾ ਕਿ ਹਮਲੇ ’ਚ ਸਿਵਲ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ। 52 ਤੇ 58 ਸਾਲ ਦੇ ਦੋ ਮਰਦਾਂ ਦੀ ਮੌਤ ਹੋ ਗਈ ਤੇ ਚਾਰ ਹੋਰ ਜ਼ਖ਼ਮੀ ਹੋ ਗਏ।
Publish Date: Tue, 19 May 2026 07:16 PM (IST)
Updated Date: Tue, 19 May 2026 07:17 PM (IST)
ਕੀਵ (ਰਾਇਟਰ) : ਰੂਸ ਨੇ ਯੂਕਰੇਨ ਦੇ ਚੇਰਨਿਹਿਵ ਤੇ ਸੁਮੀ ਸੂਬਿਆਂ ’ਤੇ ਮਿਜ਼ਾਈਲਾਂ ਤੇ ਡ੍ਰੋਨਾਂ ਨਾਲ ਹਮਲੇ ਕੀਤੇ, ਜਿਸ ਵਿਚ ਚਾਰ ਲੋਕ ਮਾਰੇ ਗਏ ਤੇ ਕਈ ਜ਼ਖ਼ਮੀ ਹੋ ਗਏ। ਇਧਰ, ਯੂਕਰੇਨ ਨੇ ਵੀ ਰੂਸ ’ਚ ਇਕ ਤੇਲ ਰਿਫਾਈਨਰੀ ਤੇ ਪੰਪਿੰਗ ਸਟੇਸ਼ਨ ਨੂੰ ਨਿਸ਼ਾਨਾ ਬਣਾਉਣ ਤੇ ਮਾਸਕੋ ਵੱਲੋਂ ਕਈ ਡ੍ਰੋਨਾਂ ਨਾਲ ਹਮਲਿਆਂ ਦਾ ਦਾਅਵਾ ਕੀਤਾ। ਰੂਸ ਨੇ ਮਾਸਕੋ ਵੱਲ ਵੱਧ ਰਹੇ ਚਾਰ ਡ੍ਰੋਨਾਂ ਨੂੰ ਤਬਾਹ ਕਰਨ ਦੀ ਗੱਲ ਵੀ ਕਹੀ ਹੈ।
ਯੂਕਰੇਨੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਚੇਰਨਿਹਿਵ ਤੇ ਸੁਮੀ ਨੂੰ ਨਿਸ਼ਾਨਾ ਬਣਾਇਆ ਗਿਆ, ਜਦਕਿ ਰੂਸੀ ਹਮਲੇ ’ਚ ਓਡੇਸਾ ਖੇਤਰ ਦੇ ਇਜ਼ਮਾਈਲ ਸ਼ਹਿਰ ’ਚ ਬੰਦਰਗਾਹ ਦੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪੁੱਜਾ ਹੈ। ਚੇਰਨਿਹਿਵ ਦੇ ਗਵਰਨਰ ਵਿਯਾਚੇਸਲਾਵ ਚਾਉਸ ਨੇ ਟੈਲੀਗ੍ਰਾਮ ’ਤੇ ਇਕ ਪੋਸਟ ’ਚ ਕਿਹਾ ਕਿ ਖੇਤਰ ਦੇ ਪ੍ਰਾਯਲੁਕੀ ’ਚ ਇਕ ਬੈਲਿਸਟਿਕ ਮਿਜ਼ਾਈਲ ਨਾਲ ਹਮਲਾ ਕੀਤਾ ਗਿਆ, ਜਿਸ ਵਿਚ ਦੋ ਲੋਕਾਂ ਦੀ ਜਾਨ ਚਲੀ ਗਈ ਤੇ 14 ਸਾਲਾ ਇਕ ਅੱਲ੍ਹੜ ਸਮੇਤ 17 ਜ਼ਖ਼ਮੀ ਹੋ ਗਏ।
ਹਮਲੇ ’ਚ ਇਕ ਕਾਰੋਬਾਰ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਨੇੜਲੇ ਸ਼ਾਪਿੰਗ ਸੈਂਟਰ ਤੇ ਸੁਪਰਮਾਰਕੀਟ ਵੀ ਨੁਕਸਾਨੇ ਗਏ, ਜਦਕਿ ਗੁਆਂਢੀ ਸੁਮੀ ਦੇ ਗਵਰਨਰ ਓਲੇਹ ਨੇ ਕਿਹਾ ਕਿ ਹਮਲੇ ’ਚ ਸਿਵਲ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ। 52 ਤੇ 58 ਸਾਲ ਦੇ ਦੋ ਮਰਦਾਂ ਦੀ ਮੌਤ ਹੋ ਗਈ ਤੇ ਚਾਰ ਹੋਰ ਜ਼ਖ਼ਮੀ ਹੋ ਗਏ। ਇਹ ਦੋਵੇਂ ਖੇਤਰ ਰੂਸ ਦੀ ਸਰਹੱਦ ਨਾਲ ਲੱਗਦੇ ਹਨ ਤੇ ਜੰਗ ਦੌਰਾਨ ਲਗਾਤਾਰ ਹਮਲਿਆਂ ਦਾ ਸਾਹਮਣਾ ਕਰ ਰਹੇ ਹਨ।
ਇਧਰ, ਕੀਵ ਦੇ ਜਨਰਲ ਸਟਾਫ ਨੇ ਦੱਸਿਆ ਕਿ ਯੂਕਰੇਨ ਨੇ ਰੂਸ ਦੇ ਨਿਜਨੀ ਨੋਵਗੋਰੋਡ ਖੇਤਰ ’ਚ ਇਕ ਤੇਲ ਰਿਫਾਈਨਰੀ ਤੇ ਪੰਪਿੰਗ ਸਟੇਸ਼ਨ ’ਤੇ ਹਮਲਾ ਕੀਤਾ। ਇਨ੍ਹਾਂ ਨੂੰ ਕਿੰਨਾ ਨੁਕਸਾਨ ਹੋਇਆ, ਇਸਦਾ ਪਤਾ ਹਾਲੇ ਲਗਾਇਆ ਜਾ ਰਿਹਾ ਹੈ।