ਜੇਲ੍ਹ ਦੀ ਸਜ਼ਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਗ੍ਰਿਫ਼ਤਾਰ, ਤਖ਼ਤਾਪਲਟ ਦੇ ਮੁਕੱਦਮੇ ’ਚ ਦੋਸ਼ੀ ਠਹਿਰਾਏ ਬੋਲਸੋਨਾਰੋ ਨੂੰ ਸੁਣਾਈ ਗਈ ਹੈ 27 ਸਾਲ ਦੀ ਸਜ਼ਾ
ਪੁਲਿਸ ਨੇ ਇਕ ਬਿਆਨ ’ਚ ਕਿਹਾ ਕਿ ਇਸ ਕਾਰਵਾਈ ਨੂੰ ਸੁਪਰੀਮ ਕੋਰਟ ਦੇ ਹੁਕਮ ’ਤੇ ਕੀਤਾ ਗਿਆ। ਹਾਲਾਂਕਿ ਬਿਆਨ ’ਚ ਬੋਲਸੋਨਾਰੋ ਦਾ ਨਾਂ ਨਹੀਂ ਲਿਆ ਗਿਆ ਸੀ। ਬੋਲਸੋਨਾਰੋ ਦੇ ਵਕੀਲ ਸੁਪਰੀਮ ਕੋਰਟ ’ਚ ਉਨ੍ਹਾਂ ਦੀ ਖ਼ਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਸਜ਼ਾ ਕੱਟਣ ਲਈ ਘਰ ’ਤੇ ਰੱਖਣ ਦੀ ਅਪੀਲ ਕਰ ਰਹੇ ਸਨ।
Publish Date: Sat, 22 Nov 2025 08:16 PM (IST)
Updated Date: Sat, 22 Nov 2025 08:21 PM (IST)
ਸਾਓ ਪਾਉਲੋ, ਏਪੀ : ਤਖ਼ਤਾਪਲਟ ਦੀ ਕੋਸ਼ਿਸ਼ ਕਰਨ ਦੇ ਲਈ 27 ਸਾਲ ਦੀ ਜੇਲ੍ਹ ਦੀ ਸਜ਼ਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੂੰ ਸ਼ਨਿਚਰਵਾਰ ਨੂੰ ਫੈਡਰਲ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੂੰ ਅਗਸਤ ਦੀ ਸ਼ੁਰੂਆਤ ’ਚ ਤਖ਼ਤਾਪਲਟ ਦੇ ਮੁਕੱਦਮੇ ’ਚ ਦੋਸ਼ੀ ਠਹਿਰਾਏ ਜਾਣ ਤੋਂ ਕੁਝ ਹਫ਼ਤੇ ਪਹਿਲਾਂ ਹਾਊਸ ਅਰੈਸਟ ’ਚ ਰੱਖਿਆ ਗਿਆ ਸੀ।
ਬੋਲਸੋਨਾਰੋ ਦੇ ਸਹਿਯੋਗੀ ਐਂਡਰੀਲੀ ਸਿਰਿਨੋ ਨੇ ਉਨ੍ਹਾਂ ਦੀ ਗ੍ਰਿਫਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਗ੍ਰਿਫਤਾਰੀ ਸ਼ਨਿਚਰਵਾਰ ਸਵੇਰੇ ਲਗਪਗ ਛੇ ਵਜੇ ਹੋਈ। ਉਨ੍ਹਾਂ ਨੇ ਕਿਹਾ ਕਿ 70 ਵਰ੍ਹੇ ਸਾਬਕਾ ਰਾਸ਼ਟਰਪਤੀ ਨੂੰ ਜਾਰਡੀਮ ਬੋਟਾਨਿਕੋ ਇਲਾਕੇ ਵਿਚ ਉਨ੍ਹਾਂ ਦੇ ਘਰ ਤੋਂ ਰਾਜਧਾਨੀ ਬ੍ਰਾਸੀਲੀਆ ’ਚ ਫੈਡਰਲ ਪੁਲਿਸ ਦੇ ਮੁੱਖ ਦਫ਼ਤਰ ਵਿਚ ਲਿਜਾਇਆ ਗਿਆ।
ਪੁਲਿਸ ਨੇ ਇਕ ਬਿਆਨ ’ਚ ਕਿਹਾ ਕਿ ਇਸ ਕਾਰਵਾਈ ਨੂੰ ਸੁਪਰੀਮ ਕੋਰਟ ਦੇ ਹੁਕਮ ’ਤੇ ਕੀਤਾ ਗਿਆ। ਹਾਲਾਂਕਿ ਬਿਆਨ ’ਚ ਬੋਲਸੋਨਾਰੋ ਦਾ ਨਾਂ ਨਹੀਂ ਲਿਆ ਗਿਆ ਸੀ। ਬੋਲਸੋਨਾਰੋ ਦੇ ਵਕੀਲ ਸੁਪਰੀਮ ਕੋਰਟ ’ਚ ਉਨ੍ਹਾਂ ਦੀ ਖ਼ਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਸਜ਼ਾ ਕੱਟਣ ਲਈ ਘਰ ’ਤੇ ਰੱਖਣ ਦੀ ਅਪੀਲ ਕਰ ਰਹੇ ਸਨ। ਫਿਰ ਵੀ, ਤਖ਼ਤਾਪਲਟ ਦੇ ਮਾਮਲੇ ਦੀ ਦੇਖਭਾਲ ਕਰਨ ਵਾਲੇ ਸੁਪਰੀਮ ਕੋਰਟ ਦੇ ਜਸਟਿਸ ਐਲੇਕਜ਼ੈਂਡਰੇ ਡੀ ਮੋਰੇਸ ਆਪਣੇ ਬਹੁਤ ਸਾਰੇ ਸਾਥੀਆਂ ਦੀ ਤਰ੍ਹਾਂ ਸ਼ਨਿਚਰਵਾਰ ਨੂੰ ਕਦੇ ਵੀ ਕੋਈ ਫੈਸਲਾ ਸੁਣਾਉਂਦੇ ਨਹੀਂ ਹਨ, ਜਦ ਤੱਕ ਸੁਰੱਖਿਆ ਦਾ ਕੋਈ ਖ਼ਤਰਾ ਨਾ ਹੋਵੇ।