ਕੁਰਸੀ ਖਤਰੇ 'ਚ ਜਾਂ ਭ੍ਰਿਸ਼ਟਾਚਾਰ? ਚੀਨ ਦੇ ਨੰਬਰ-1 ਜਰਨੈਲ ਝਾਂਗ ਯੂਕਸੀਆ ਸਮੇਤ 2 ਚੋਟੀ ਦੇ ਅਧਿਕਾਰੀ ਜਾਂਚ ਦੇ ਘੇਰੇ 'ਚ; ਮਚਾਇਆ ਹੜਕੰਪ
ਇਹ ਅਧਿਕਾਰੀ ਰਾਸ਼ਟਰਪਤੀ ਸ਼ੀ ਚਿਨਫਿੰਗ ਪ੍ਰਤੀ ਆਪਣੀ ਅਟੁੱਟ ਵਫ਼ਾਦਾਰੀ ਸਾਬਤ ਕਰਨ ਵਿੱਚ ਅਸਫ਼ਲ ਰਹੇ ਹਨ। ਚੀਨ ਵਿੱਚ ਫੌਜ ਦਾ ਕੰਟਰੋਲ ਪੂਰੀ ਤਰ੍ਹਾਂ ਕਮਿਊਨਿਸਟ ਪਾਰਟੀ ਦੇ ਹੱਥ ਵਿੱਚ ਹੈ ਅਤੇ ਸ਼ੀ ਚਿਨਫਿੰਗ ਕਿਸੇ ਵੀ ਤਰ੍ਹਾਂ ਦੀ ਬਗਾਵਤ ਜਾਂ ਢਿੱਲ ਬਰਦਾਸ਼ਤ ਨਹੀਂ ਕਰ ਰਹੇ
Publish Date: Sun, 25 Jan 2026 10:40 AM (IST)
Updated Date: Sun, 25 Jan 2026 12:00 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਚੀਨ ਵਿੱਚ ਰਾਸ਼ਟਰਪਤੀ ਸ਼ੀ ਚਿਨਫਿੰਗ ਨੇ ਆਪਣੀ ਫੌਜ (PLA) ਦੇ ਅੰਦਰ ਵੱਡੀ ਸਫਾਈ ਮੁਹਿੰਮ ਚਲਾਉਂਦਿਆਂ ਦੋ ਬਹੁਤ ਹੀ ਸ਼ਕਤੀਸ਼ਾਲੀ ਅਧਿਕਾਰੀਆਂ ਵਿਰੁੱਧ ਜਾਂਚ ਦੇ ਹੁਕਮ ਦਿੱਤੇ ਹਨ। ਇਹ ਦੋਵੇਂ ਅਧਿਕਾਰੀ ਚੀਨ ਦੇ ਕੇਂਦਰੀ ਸੈਨਿਕ ਕਮਿਸ਼ਨ (CMC) ਵਿੱਚ ਅਹਿਮ ਅਹੁਦਿਆਂ 'ਤੇ ਤਾਇਨਾਤ ਸਨ।
ਮੁੱਖ ਅਧਿਕਾਰੀ ਤੇ ਲੱਗੇ ਦੋਸ਼
ਚੀਨ ਦੇ ਰੱਖਿਆ ਮੰਤਰਾਲੇ ਅਨੁਸਾਰ, ਜਿਨ੍ਹਾਂ ਦੋ ਅਧਿਕਾਰੀਆਂ 'ਤੇ ਗਾਜ਼ ਡਿੱਗੀ ਹੈ। ਜਨਰਲ ਝਾਂਗ ਯੂਕਸੀਆ (Zhang Youxia): CMC ਦੇ ਸਰਵਉੱਚ ਉਪ ਪ੍ਰਧਾਨ ਤੇ ਲਿਊ ਝੇਨਲੀ (Liu Zhenli): CMC ਦੇ ਮੈਂਬਰ ਅਤੇ ਅਹਿਮ ਅਹੁਦੇਦਾਰ ਹਨ। ਇਨ੍ਹਾਂ ਦੋਵਾਂ 'ਤੇ ਅਨੁਸ਼ਾਸਨ ਅਤੇ ਕਾਨੂੰਨ ਦੀ ਗੰਭੀਰ ਉਲੰਘਣਾ (ਭ੍ਰਿਸ਼ਟਾਚਾਰ ਅਤੇ ਵਫ਼ਾਦਾਰੀ ਦੀ ਕਮੀ) ਦੇ ਦੋਸ਼ ਲੱਗੇ ਹਨ।
ਸ਼ੀ ਚਿਨਫਿੰਗ ਦਾ 'ਸ਼ੁੱਧੀਕਰਨ ਅਭਿਆਨ'
ਰਿਪੋਰਟਾਂ ਅਨੁਸਾਰ, ਇਹ ਅਧਿਕਾਰੀ ਰਾਸ਼ਟਰਪਤੀ ਸ਼ੀ ਚਿਨਫਿੰਗ ਪ੍ਰਤੀ ਆਪਣੀ ਅਟੁੱਟ ਵਫ਼ਾਦਾਰੀ ਸਾਬਤ ਕਰਨ ਵਿੱਚ ਅਸਫ਼ਲ ਰਹੇ ਹਨ। ਚੀਨ ਵਿੱਚ ਫੌਜ ਦਾ ਕੰਟਰੋਲ ਪੂਰੀ ਤਰ੍ਹਾਂ ਕਮਿਊਨਿਸਟ ਪਾਰਟੀ ਦੇ ਹੱਥ ਵਿੱਚ ਹੈ ਅਤੇ ਸ਼ੀ ਚਿਨਫਿੰਗ ਕਿਸੇ ਵੀ ਤਰ੍ਹਾਂ ਦੀ ਬਗਾਵਤ ਜਾਂ ਢਿੱਲ ਬਰਦਾਸ਼ਤ ਨਹੀਂ ਕਰ ਰਹੇ। ਸੀ.ਐਨ.ਐਨ (CNN) ਦੀ ਰਿਪੋਰਟ ਮੁਤਾਬਕ, ਇਹ ਫੌਜ ਦੇ ਅੰਦਰ ਚਲਾਏ ਜਾ ਰਹੇ ਭ੍ਰਿਸ਼ਟਾਚਾਰ ਵਿਰੋਧੀ ਅਭਿਆਨ ਦਾ ਹਿੱਸਾ ਹੈ।
ਹੁਣ ਤੱਕ ਦੀਆਂ ਕਾਰਵਾਈਆਂ ਦੇ ਅੰਕੜੇ
ਚੀਨ ਵਿੱਚ ਸੱਤਾ 'ਤੇ ਪਕੜ ਮਜ਼ਬੂਤ ਕਰਨ ਲਈ ਸ਼ੀ ਚਿਨਫਿੰਗ ਲਗਾਤਾਰ ਅਜਿਹੇ ਕਦਮ ਚੁੱਕਦੇ ਰਹਿੰਦੇ ਹਨ:
2012 ਤੋਂ ਹੁਣ ਤੱਕ: ਜਦੋਂ ਤੋਂ ਸ਼ੀ ਚਿਨਫਿੰਗ ਸੱਤਾ ਵਿੱਚ ਆਏ ਹਨ, ਹੁਣ ਤੱਕ 2 ਲੱਖ ਤੋਂ ਵੱਧ ਅਧਿਕਾਰੀਆਂ ਨੂੰ ਸਜ਼ਾ ਦਿੱਤੀ ਜਾ ਚੁੱਕੀ ਹੈ।
ਫੌਜ ਵਿੱਚ ਸਫਾਈ: ਪਿਛਲੇ ਕੁਝ ਸਾਲਾਂ ਵਿੱਚ ਚੀਨੀ ਫੌਜ ਦੇ ਕਈ ਰਾਕਟ ਫੋਰਸ ਦੇ ਜਰਨੈਲ ਅਤੇ ਰੱਖਿਆ ਮੰਤਰੀ ਵੀ ਰਹੱਸਮਈ ਤਰੀਕੇ ਨਾਲ ਅਹੁਦਿਆਂ ਤੋਂ ਹਟਾਏ ਜਾ ਚੁੱਕੇ ਹਨ।
ਮਾਹਰਾਂ ਦੀ ਰਾਏ: ਇਹ ਕਾਰਵਾਈ ਚੀਨੀ ਫੌਜ ਦੇ ਅੰਦਰੂਨੀ ਕਲੇਸ਼ ਅਤੇ ਸ਼ੀ ਚਿਨਫਿੰਗ ਦੇ ਡਰ ਨੂੰ ਦਰਸਾਉਂਦੀ ਹੈ ਕਿ ਕਿਤੇ ਫੌਜ ਦੇ ਵੱਡੇ ਅਧਿਕਾਰੀ ਉਨ੍ਹਾਂ ਦੀ ਸੱਤਾ ਨੂੰ ਚੁਣੌਤੀ ਨਾ ਦੇ ਦੇਣ।