ਚਸ਼ਮਦੀਦਾਂ ਤੇ ਸਥਾਨਕ ਲੋਕਾਂ ਨੇ ਇਸ ਘਟਨਾ ਨੂੰ ਇਕ ਯੋਜਨਾਬੱਧ ਕਤਲ ਦੱਸਿਆ ਹੈ। ਸਥਾਨਕ ਪੁਲਿਸ ਨੇ ਜਾਂਚ ਦੌਰਾਨ ਨਜ਼ਦੀਕੀ ਸੀਸੀਟੀਵੀ ਕੈਮਰਿਆਂ ਦੇ ਫੁਟੇਜ ਜ਼ਬਤ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਫੁਟੇਜ ’ਚ ਹਮਲਾਵਰਾਂ ਦੀਆਂ ਹਰਕਤਾਂ ਕੈਦ ਹੋਈਆਂ ਹਨ।

ਢਾਕਾ (ਏਜੰਸੀ) : ਮੁਸਲਿਮ ਬਹੁਗਿਣਤੀ ਵਾਲੇ ਬੰਗਲਾਦੇਸ਼ ’ਚ ਆਉਣ ਵਾਲੀਆਂ ਆਮ ਚੋਣਾਂ ਤੋਂ ਠੀਕ ਪਹਿਲਾਂ ਘੱਟਗਿਣਤੀਆਂ ਖ਼ਿਲਾਫ਼ ਹਿੰਸਾ ਦਾ ਇਕ ਹੋਰ ਡਰਾਉਣਾ ਮਾਮਲਾ ਸਾਹਮਣੇ ਆਇਆ ਹੈ। ਰਾਜਧਾਨੀ ਢਾਕਾ ਤੋਂ ਲਗਪਗ 50 ਕਿਲੋਮੀਟਰ ਦੂਰ ਨਰਸਿੰਗਦੀ ਜ਼ਿਲ੍ਹੇ ’ਚ ਸ਼ੁੱਕਰਵਾਰ ਰਾਤ ਇਕ 23 ਸਾਲਾ ਹਿੰਦੂ ਮਕੈਨਿਕ ਚੰਚਲ ਚੰਦਰ ਭੌਮਿਕ ਨੂੰ ਕਾਰ ਰਿਪੇਅਰ ਵਰਕਸ਼ਾਪ ’ਚ ਸੁੱਤੇ ਹੋਏ ਨੂੰ ਜ਼ਿੰਦਾ ਸਾੜ ਦਿੱਤਾ ਗਿਆ। ਇਸ ਹੱਤਿਆ ਨੇ ਪੂਰੇ ਦੇਸ਼ ਵਿਚ ਘੱਟਗਿਣਤੀਆਂ ’ਚ ਅਸੁਰੱਖਿਆ ਦੇ ਨਾਲ-ਨਾਲ ਗੁੱਸਾ ਵਧਾ ਦਿੱਤਾ ਹੈ।
ਚੰਚਲ ਨੂੰ ਨਹੀਂ ਮਿਲਿਆ ਬਾਹਰ ਨਿਕਲਣ ਦਾ ਮੌਕਾ
ਚੰਚਲ ਕੁਮਿਲਾ ਜ਼ਿਲ੍ਹੇ ਦੇ ਲਕਸ਼ਮੀਪੁਰ ਪਿੰਡ ਦੇ ਰਹਿਣ ਵਾਲੇ ਖੋਕਨ ਚੰਦਰ ਭੌਮਿਕ ਦਾ ਪੁੱਤਰ ਸੀ। ਉਹ ਨਰਸਿੰਗਦੀ ਪੁਲਿਸ ਲਾਈਨਜ਼ ਨੇੜੇ ਸਥਿਤ ਖਾਨਾਬਾਰੀ ਮਸਜਿਦ ਮਾਰਕੀਟ ਖੇਤਰ ਦੇ ਇਕ ਗੈਰਾਜ ’ਚ ਕੰਮ ਕਰਦਾ ਸੀ। ਰਿਪੋਰਟਾਂ ਮੁਤਾਬਕ, ਸ਼ੁੱਕਰਵਾਰ ਰਾਤ ਕੰਮ ਖ਼ਤਮ ਕਰਨ ਤੋਂ ਬਾਅਦ ਚੰਚਲ ਉੱਥੇ ਹੀ ਗੈਰਾਜ ’ਚ ਸੌਂ ਗਿਆ ਸੀ। ਇਸ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਗੈਰਾਜ ਨੂੰ ਅੱਗ ਲਗਾ ਦਿੱਤੀ। ਗੈਰਾਜ ’ਚ ਵੱਡੀ ਮਾਤਰਾ ’ਚ ਪੈਟਰੋਲ, ਤੇਲ ਅਤੇ ਹੋਰ ਬਲਣਸ਼ੀਲ ਪਦਾਰਥ ਮੌਜੂਦ ਹੋਣ ਕਾਰਨ ਅੱਗ ਛੇਤੀ ਹੀ ਫੈਲ ਗਈ। ਚੰਚਲ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ ਅਤੇ ਦਮ ਘੁਟਣ ਤੇ ਸੜਨ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਯੋਜਨਾਬੱਧ ਹੱਤਿਆ ਵੱਲ ਇਸ਼ਾਰਾ ਕਰ ਰਹੇ ਨੇ ਸੀਸੀਟੀਵੀ ਫੁਟੇਜ
ਚਸ਼ਮਦੀਦਾਂ ਤੇ ਸਥਾਨਕ ਲੋਕਾਂ ਨੇ ਇਸ ਘਟਨਾ ਨੂੰ ਇਕ ਯੋਜਨਾਬੱਧ ਕਤਲ ਦੱਸਿਆ ਹੈ। ਸਥਾਨਕ ਪੁਲਿਸ ਨੇ ਜਾਂਚ ਦੌਰਾਨ ਨਜ਼ਦੀਕੀ ਸੀਸੀਟੀਵੀ ਕੈਮਰਿਆਂ ਦੇ ਫੁਟੇਜ ਜ਼ਬਤ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਫੁਟੇਜ ’ਚ ਹਮਲਾਵਰਾਂ ਦੀਆਂ ਹਰਕਤਾਂ ਕੈਦ ਹੋਈਆਂ ਹਨ। ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਪੁਲਿਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਅਸੀਂ ਲਾਸ਼ ਬਰਾਮਦ ਕਰ ਲਈ ਹੈ ਅਤੇ ਕਈ ਟੀਮਾਂ ਆਪਰਾਧੀਆਂ ਦੀ ਪਛਾਣ ਕਰਨ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਲੱਗੀਆਂ ਹੋਈਆਂ ਹਨ।
ਲਗਾਤਾਰ ਵਧਦੇ ਹਮਲੇ ਤੇ ਹਿੰਦੂਆਂ ’ਚ ਖ਼ੌਫ ਦਾ ਮਾਹੌਲ
ਇਹ ਘਟਨਾ ਕੋਈ ਇਕੱਲੀ ਵਾਰਦਾਤ ਨਹੀਂ ਹੈ। ਪਿਛਲੇ ਕੁਝ ਹਫ਼ਤਿਆਂ ’ਚ ਬੰਗਲਾਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਗਾਜ਼ੀਪੁਰ ’ਚ ਪਿਛਲੇ ਹਫ਼ਤੇ ਇਕ ਹਿੰਦੂ ਮਠਿਆਈ ਦੀ ਦੁਕਾਨ ਦੇ ਮਾਲਕ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਜਦੋਂ ਉਹ ਆਪਣੇ ਮੁਲਾਜ਼ਮ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਫੇਨੀ ਜ਼ਿਲ੍ਹੇ ’ਚ ਇਕ ਹਿੰਦੂ ਆਟੋ-ਰਿਕਸ਼ਾ ਚਾਲਕ ਦੀ ਚਾਕੂ ਮਾਰ ਹੱਤਿਆ ਕਰ ਦਿੱਤੀ ਗਈ, ਜਦਕਿ ਸਿਲਹਟ ’ਚ ਇਕ ਹਿੰਦੂ ਪਰਿਵਾਰ ਦੇ ਘਰ ਨੂੰ ਅੱਗ ਲਗਾ ਦਿੱਤੀ ਗਈ।
ਕੌਮਾਂਤਰੀ ਚਿੰਤਾ ਤੇ ਚੋਣ ਮਾਹੌਲ ’ਚ ਅਸੁਰੱਖਿਆ
2022 ਦੀ ਜਨਸੰਖਿਆ ਮੁਤਾਬਕ, ਬੰਗਲਾਦੇਸ਼ ’ਚ ਹਿੰਦੂ ਆਬਾਦੀ ਲਗਭਗ 1.31 ਕਰੋੜ (ਲਗਭਗ ਅੱਠ ਫ਼ੀਸਦੀ) ਹੈ। ਚੋਣਾਂ ਨੇੜੇ ਆਉਣ ਦੇ ਨਾਲ ਹੀ ਕੱਟੜਪੰਥੀ ਹਿੰਸਾ ’ਚ ਆਈ ਇਸ ਤੇਜ਼ੀ ਨੇ ਭਾਰਤ ਸਰਕਾਰ ਦੀ ਵੀ ਚਿੰਤਾ ਵਧਾ ਦਿੱਤੀ ਹੈ। ਭਾਰਤ ਨੇ ਹਾਲ ਹੀ ’ਚ ਗਵਾਂਢੀ ਦੇਸ਼ ’ਚ ਘੱਟਗਿਣਤੀਆਂ ਦੀ ਸੁਰੱਖਿਆ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟਾਈ ਹੈ। ਮੌਜੂਦਾ ਹਾਲਾਤ ’ਚ ਸਰਕਾਰ ’ਤੇ ਆਪਣੀ ਘੱਟਗਿਣਤੀ ਆਬਾਦੀ ਨੂੰ ਕੱਟੜਪੰਥੀ ਅਨਸਰਾਂ ਤੋਂ ਬਚਾਉਣ ’ਚ ਨਾਕਾਮ ਰਹਿਣ ਦੇ ਇਲਜ਼ਾਮ ਲੱਗ ਰਹੇ ਹਨ।