ਪੁਲਿਸ ਨੇ ਕਿਹਾ ਕਿ ਭਾਰਤੀਆਂ ਨੂੰ ਗੁਲਾਮ ਬਣਾਉਣ ਦੇ ਗਿਰੋਹ ਦਾ ਸਰਗਨਾ ਭਾਰਤੀ ਹੈ। ਉਸ ਨੇ ਭਾਰਤੀਆਂ ਨੂੰ ਬਿਹਤਰ ਭਵਿੱਖ ਦਾ ਝਾਂਸਾ ਦੇ ਕੇ ਫਸਾਇਆ। ਮਜ਼ਦੂਰਾਂ ਨੂੰ ਸੀਜ਼ਨਲ ਵਰਕ ਪਰਮਿਟ ’ਤੇ ਹੀ ਕਹਿ ਕੇ ਇਟਲੀ ਲਿਆਂਦਾ ਗਿਆ ਕਿ ਉਨ੍ਹਾਂ ’ਚੋਂ ਹਰੇਕ ਨੂੰ 17,000 ਯੂਰੇ ਮਿਲਣਗੇ ਪਰ ਭਾਰਤੀਆਂ ਤੋਂ ਗੁਲਾਮਾਂ ਵਾਂਗ ਖੇਤਾਂ ’ਚ ਬਿਨਾਂ ਕਿਸੇ ਛੁੱਟੀ ਹਰ ਰੋਜ਼ 10-12 ਘੰਟੇ ਕੰਮ ਕਰਵਾਇਆ ਜਾਂਦਾ ਸੀ।
ਰੋਮ (ਰਾਇਟਰ) : ਇਟਲੀ ’ਚ ਪੁਲਿਸ ਨੇ ਵੇਰੋਨਾ ਸੂਬੇ ’ਚ 33 ਭਾਰਤੀ ਖੇਤ ਮਜ਼ਦੂਰਾਂ ਨੂੰ ਮੁਕਤ ਕਰਵਾਇਆ ਹੈ ਜਿਨ੍ਹਾਂ ਤੋਂ ਗੁਲਾਮਾਂ ਵਰਗਾ ਵਿਵਹਾਰ ਕੀਤਾ ਜਾ ਰਿਹਾ ਸੀ। ਪੁਲਿਸ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਭਾਰਤੀਆਂ ਤੋਂ ਗੁਲਾਮਾਂ ਵਾਂਗ ਕੰਮ ਕਰਵਾਉਣ ਵਾਲੇ ਦੋ ਲੋਕਾਂ ਤੋਂ ਲਗਪਗ ਪੰਜ ਲੱਖ ਯੂਰੋ ਜ਼ਬਤ ਕੀਤੇ ਗਏ ਹਨ। ਇਟਲੀ ’ਚ ਮਜ਼ਦੂਰਾਂ ਦੇ ਸ਼ੋਸ਼ਣ ਦਾ ਮਾਮਲਾ ਤਦ ਚਰਚਾ ’ਚ ਆਇਆ ਜਦ ਪਿਛਲੇ ਮਹੀਨੇ ਮਸ਼ੀਨ ’ਚ ਹੱਥ ਕੱਟੇ ਜਾਣ ਨਾਲ ਭਾਰਤੀ ਮਜ਼ਦੂਰ ਦੀ ਮੌਤ ਹੋ ਗਈ ਸੀ।
ਪੁਲਿਸ ਨੇ ਕਿਹਾ ਕਿ ਭਾਰਤੀਆਂ ਨੂੰ ਗੁਲਾਮ ਬਣਾਉਣ ਦੇ ਗਿਰੋਹ ਦਾ ਸਰਗਨਾ ਭਾਰਤੀ ਹੈ। ਉਸ ਨੇ ਭਾਰਤੀਆਂ ਨੂੰ ਬਿਹਤਰ ਭਵਿੱਖ ਦਾ ਝਾਂਸਾ ਦੇ ਕੇ ਫਸਾਇਆ। ਮਜ਼ਦੂਰਾਂ ਨੂੰ ਸੀਜ਼ਨਲ ਵਰਕ ਪਰਮਿਟ ’ਤੇ ਹੀ ਕਹਿ ਕੇ ਇਟਲੀ ਲਿਆਂਦਾ ਗਿਆ ਕਿ ਉਨ੍ਹਾਂ ’ਚੋਂ ਹਰੇਕ ਨੂੰ 17,000 ਯੂਰੇ ਮਿਲਣਗੇ ਪਰ ਭਾਰਤੀਆਂ ਤੋਂ ਗੁਲਾਮਾਂ ਵਾਂਗ ਖੇਤਾਂ ’ਚ ਬਿਨਾਂ ਕਿਸੇ ਛੁੱਟੀ ਹਰ ਰੋਜ਼ 10-12 ਘੰਟੇ ਕੰਮ ਕਰਵਾਇਆ ਜਾਂਦਾ ਸੀ। ਇਸ ਬਦਲੇ ਉਨ੍ਹਾਂ ਨੂੰ ਸਿਰਫ਼ ਚਾਰ ਯੂਰੋ ਪ੍ਰਤੀ ਘੰਟੇ ਦੀ ਦਰ ਨਾਲ ਮਜ਼ਦੂਰੀ ਮਿਲਦੀ ਸੀ। ਅਸਲ ’ਚ ਇਹ ਮਜ਼ਦੂਰੀ ਵੀ ਨਹੀਂ ਮਿਲਦੀ ਸੀ ਕਿਉਂਕਿ ਇਨ੍ਹਾਂ ਮਜ਼ਦੂਰਾਂ ਨੂੰ ਗਿਰੋਹ ਨੇ ਕਰਜ਼ੇ ਦੇ ਜਾਲ ’ਚ ਫਸਾ ਕੇ ਰੱਖਿਆ ਸੀ।
ਕਿਹਾ ਗਿਆ ਕਿ ਜਦ ਤੱਕ ਕਿ ਉਹ ਆਪਣਾ ਸਾਰਾ ਕਰਜ਼ਾ ਨਹੀਂ ਚੁਕਾ ਦਿੰਦੇ, ਮਜ਼ਦੂਰੀ ਨਹੀਂ ਮਿਲੇਗੀ। ਕੁਝ ਭਾਰਤੀ ਮਜ਼ਦੂਰਾਂ ਨੂੰ ਕਿਹਾ ਗਿਆ ਕਿ ਸਥਾਈ ਵਰਕ ਪਰਮਿਟ ਲਈ ਵਾਧੂ 13,000 ਯੂਰੋ ਦੇਣੇ ਪੈਣਗੇ। ਇਸ ਲਈ ਜਦ ਤੱਕ ਇਹ ਰਕਮ ਨਹੀਂ ਦਿੰਦੇ ਮੁਫ਼ਤ ’ਚ ਕੰਮ ਕਰਨ। ਇਹ ਰਕਮ ਦੇਣੀ ਮਜ਼ਦੂਰਾਂ ਲਈ ਨਾਮੁਮਕਿਨ ਸੀ। ਇਸ ਗਿਰੋਹ ’ਤੇ ਗੁਲਾਮੀ ਤੇ ਕਿਰਤ ਦੇ ਸ਼ੋਸ਼ਣ ਦੇ ਦੋਸ਼ ਲਾਏ ਗਏ ਹਨ। ਪੁਲਿਸ ਨੇ ਕਿਹਾ ਕਿ ਪੀੜਤਾਂ ਨੂੰ ਸੁਰੱਖਿਆ, ਕੰਮ ਦੇ ਮੌਕੇ ਤੇ ਕਾਨੂੰਨੀ ਨਿਵਾਸ ਦੇ ਕਾਗਜ਼ਾਤ ਦਿੱਤੇ ਜਾਣਗੇ।
ਜ਼ਿਕਰਯੋਗ ਹੈ ਕਿ ਹੋਰ ਯੂਰਪੀ ਦੇਸ਼ਾਂ ਵਾਂਗ, ਇਟਲੀ ’ਚ ਵੀ ਮਜ਼ਦੂਰਾਂ ਦੀ ਕਮੀ ਵਧਦੀ ਜਾ ਰਹੀ ਹੈ। ਇਮੀਗ੍ਰੇਸ਼ਨ ਰਾਹੀਂ ਮਜ਼ਦੂਰਾਂ ਦੀ ਘਾਟ ਪੂਰੀ ਕੀਤੀ ਜਾਂਦੀ ਹੈ। ਖ਼ਾਸ ਕਰ ਕੇ ਘੱਟ ਤਨਖ਼ਾਹ ਵਾਲੀਆਂ ਨੌਕਰੀਆਂ ’ਚ ਪਰਵਾਸੀ ਵਰਕ ਵੀਜ਼ਾ ਪ੍ਰਣਾਲੀ ਹੈ। ਇਸ ਵਿਚ ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਹਨ।