ਕੈਨੇਡਾ ਸਰਕਾਰ ਨੇ ਮਲਟੀਪਲ ਐਂਟਰੀ ਵੀਜ਼ਾ ਨੀਤੀ ’ਚ ਕੀਤਾ ਵੱਡਾ ਬਦਲਾਅ, ਦਸ ਸਾਲ ਦਾ ਟੂਰਿਸਟ ਵੀਜ਼ਾ ਜਾਰੀ ਕਰਨਾ ਕੀਤਾ ਬੰਦ
ਨਵੀਆਂ ਗਾਈਡਲਾਈਨਾਂ ਦੇ ਤਹਿਤ ਇਮੀਗਰੇਸ਼ਨ ਅਧਿਕਾਰੀ ਆਪਣੇ ਪੱਧਰ ’ਤੇ ਹੀ ਫ਼ੈਸਲਾ ਕਰ ਸਕਣਗੇ ਕਿ ਉਨ੍ਹਾਂ ਨੂੰ ਸਿੰਗਲ ਐਂਟਰੀ ਜਾਂ ਮਲਟੀਪਲ ਐਂਟਰੀ ਵੀਜ਼ਾ ਜਾਰੀ ਕੀਤਾ ਜਾਏ। ਇਹ ਫ਼ੈਸਲਾ ਵੀ ਅਧਿਕਾਰੀ ਹੀ ਕਰਨਗੇ ਕਿ ਇਹ ਵੀਜ਼ਾ ਕਿੰਨੇ ਸਮੇਂ ਲਈ ਜਾਰੀ ਕੀਤਾ ਜਾਏ।
Publish Date: Fri, 08 Nov 2024 09:47 AM (IST)
Updated Date: Fri, 08 Nov 2024 09:54 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਐਡਮਿੰਟਨ : ਕੈਨੇਡਾ ਸਰਕਾਰ ਨੇ ਮਲਟੀਪਲ ਐਂਟਰੀ ਵੀਜ਼ਾ ਬਾਰੇ ਆਪਣੀ ਨੀਤੀ ’ਚ ਵੱਡਾ ਬਦਲਾਅ ਕਰਦੇ ਹੋਏ ਦਸ ਸਾਲਾਂ ਦਾ ਟੂਰਿਸਟ ਵੀਜ਼ਾ ਜਾਰੀ ਕਰਨਾ ਬੰਦ ਕਰ ਦਿੱਤਾ ਹੈ। ਇਸ ਨਾਲ ਕੈਨੇਡਾ ਆਉਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਵੀਆਂ ਗਾਈਡਲਾਈਨਾਂ ਦੇ ਤਹਿਤ ਇਮੀਗਰੇਸ਼ਨ ਅਧਿਕਾਰੀ ਆਪਣੇ ਪੱਧਰ ’ਤੇ ਹੀ ਫ਼ੈਸਲਾ ਕਰ ਸਕਣਗੇ ਕਿ ਉਨ੍ਹਾਂ ਨੂੰ ਸਿੰਗਲ ਐਂਟਰੀ ਜਾਂ ਮਲਟੀਪਲ ਐਂਟਰੀ ਵੀਜ਼ਾ ਜਾਰੀ ਕੀਤਾ ਜਾਏ। ਇਹ ਫ਼ੈਸਲਾ ਵੀ ਅਧਿਕਾਰੀ ਹੀ ਕਰਨਗੇ ਕਿ ਇਹ ਵੀਜ਼ਾ ਕਿੰਨੇ ਸਮੇਂ ਲਈ ਜਾਰੀ ਕੀਤਾ ਜਾਏ। ਪਹਿਲਾਂ ਇਸ ਦੀ ਵੱਧ ਤੋਂ ਵੱਧ ਜਾਇਜ਼ਤਾ 10 ਸਾਲ ਤੱਕ ਜਾਂ ਯਾਤਰਾ ਦਸਤਾਵੇਜ਼ ਜਾਂ ਬਾਇਓਮੈਟ੍ਰਿਕ ਦੀ ਸਮਾਪਤੀ ਤੱਕ ਸੀ। ਇਹ ਨੀਤੀਗਤ ਬਦਲਾਅ ਤਦ ਆਇਆ ਹੈ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਰਿਹਾਇਸ਼ ਦੀ ਕਮੀ ਤੇ ਰਹਿਣ ਦੀ ਉੱਚ ਲਾਗਤ ’ਤੇ ਲੋਕਾਂ ’ਚ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਰੂਡੋ ਸਰਕਾਰ ਪਹਿਲਾਂ ਦੀ ਪੱਕੀ ਤੇ ਆਰਜ਼ੀ ਇਮੀਗਰੇਸ਼ਨ ਦੋਵਾਂ ਨੂੰ ਘੱਟ ਕਰਨ ਦੀ ਯੋਜਨਾ ਦਾ ਸੰਕੇਤ ਦੇ ਚੁੱਕੀ ਹੈ। ਇਹ ਉਪਾਅ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਉਹ ਆਰਜ਼ੀ ਤੇ ਪੱਕੀ ਇਮੀਗਰੇਸ਼ਨ ਦੋਵਾਂ ਨੂੰ ਘੱਟ ਕਰ ਰਹੀ ਹੈ। ਪਿਛਲੇ ਮਹੀਨੇ ਇਮੀਗਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਸੀ ਕਿ ਕੈਨੇਡੀਅਨ ਸਰਕਾਰ ਨੂੰ ਦੇਸ਼ ’ਚ ਆਰਜ਼ੀ ਇਮੀਗਰੇਸ਼ਨ ਦੇ ਪ੍ਰਵਾਹ ਨੂੰ ਰੋਕਣ ਲਈ ਛੇਤੀ ਹੀ ਕਾਰਵਾਈ ਕਰਨੀ ਚਾਹੀਦੀ ਸੀ, ਜਿਸਦੇ ਕਾਰਨ ਰਿਹਾਇਸ਼ਾਂ ਦਾ ਸੰਕਟ ਪੈਦਾ ਹੋ ਰਿਹਾ ਹੈ। ਇਮੀਗਰੇਸ਼ਨ ਵਿਭਾਗ ਨੇ ਸਪਸ਼ਟ ਕੀਤਾ ਕਿ ਮਲਟੀਪਲ ਵੀਜ਼ਾ ਧਾਰਕ ਨੂੰ ਵੀਜ਼ੇ ਦੀ ਜਾਇਜ਼ਤਾ ਦੀ ਮਿਆਦ ਦੌਰਾਨ ਜਿੰਨੀ ਵਾਰੀ ਜ਼ਰੂਰੀ ਹੋਵੇ, ਕਿਸੇ ਵੀ ਦੇਸ਼ ਤੋਂ ਕੈਨੇਡਾ ’ਚ ਦਾਖ਼ਲੇ ਦੀ ਇਜਾਜ਼ਤ ਦਿੰਦਾ ਹੈ। ਇਸ ਦੀ ਵੱਧ ਤੋਂ ਵੱਧ ਜਾਇਜ਼ਤਾ ਤਰੀਕ 10 ਸਾਲ ਜਾਂ ਯਾਤਰਾ ਦਸਤਾਵੇਜ਼ ਜਾਂ ਬਾਇਓਮੈਟ੍ਰਿਕਸ ਦੀ ਸਮਾਪਤੀ ਤਰੀਕ, ਜਿਹੜੀ ਵੀ ਪਹਿਲਾਂ ਹੋਵੇ, ਤੱਕ ਹੈ। ਵੀਜ਼ਾ ਕਿਸਮ ਤੇ ਮਿਆਦ ਤੈਅ ਕਰਦੇ ਸਮੇਂ ਅਧਿਕਾਰੀ ਕਈ ਕਾਰਕਾਂ ਦੀ ਸਮੀਖਿਆ ਕਰਨਗੇ।