ਕੈਨੇਡਾ 'ਚ Hindu Temple 'ਤੇ ਹਮਲੇ ਕਰਨ ਵਾਲਾ ਮਾਸਟਰਮਾਈਂਡ ਗ੍ਰਿਫ਼ਤਾਰ, ਪੰਨੂ ਨਾਲ ਹੈ ਕੁਨੈਕਸ਼ਨ; ਨਿੱਜਰ ਦੀ ਜਗ੍ਹਾ ਕਰ ਰਿਹਾ ਕੰਮ
Inderjeet Gosal ਨੂੰ 8 ਨਵੰਬਰ ਨੂੰ Hindu Sabha Mandir ਵਿਖੇ ਪ੍ਰਦਰਸ਼ਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ, ਜਿੱਥੇ ਖਾਲਿਸਤਾਨੀ ਕੱਟੜਪੰਥੀਆਂ ਨੇ ਹਿੰਦੂ-ਕੈਨੇਡੀਅਨ ਸ਼ਰਧਾਲੂਆਂ 'ਤੇ ਹਮਲਾ ਕੀਤਾ ਸੀ।
Publish Date: Sun, 10 Nov 2024 12:38 PM (IST)
Updated Date: Sun, 10 Nov 2024 04:04 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਕੈਨੇਡਾ ਦੇ ਬਰੈਂਪਟਨ 'ਚ ਹਿੰਦੂ ਮੰਦਰ 'ਚ ਭੰਨਤੋੜ ਕਰਨ ਦੇ ਮਾਮਲੇ 'ਚ ਕੈਨੇਡੀਅਨ ਪੁਲਿਸ ਨੇ ਇਕ ਹੋਰ ਗ੍ਰਿਫਤਾਰੀ ਕੀਤੀ ਹੈ। ਸ਼ਨਿਚਰਵਾਰ ਨੂੰ ਜਾਰੀ ਇਕ ਰੀਲੀਜ਼ 'ਚ ਪੀਲ ਰੀਜਨਲ ਪੁਲਿਸ (PRP) ਨੇ ਐਲਾਨ ਕੀਤਾ ਕਿ ਬਰੈਂਪਟਨ ਦੇ ਇੰਦਰਜੀਤ ਗੋਸਲ (35) ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਉੱਪਰ ਹਥਿਆਰ ਨਾਲ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ।
ਹਾਲਾਂਕਿ, ਰੀਲੀਜ਼ 'ਚ ਕਿਹਾ ਗਿਆ ਹੈ ਕਿ ਉਸਨੂੰ ਕੁਝ ਸ਼ਰਤਾਂ ਅਧੀਨ ਰਿਹਾਅ ਕੀਤਾ ਗਿਆ ਹੈ ਤੇ ਬਾਅਦ 'ਚ ਉਸ ਨੇ ਬਰੈਂਪਟਨ 'ਚ ਓਨਟਾਰੀਓ ਕੋਰਟ ਆਫ਼ ਜਸਟਿਸ 'ਚ ਪੇਸ਼ ਹੋਣਾ ਹੈ। ਗੋਸਲ ਨੂੰ 8 ਨਵੰਬਰ ਨੂੰ ਹਿੰਦੂ ਸਭਾ ਮੰਦਿਰ ਵਿਖੇ ਪ੍ਰਦਰਸ਼ਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ, ਜਿੱਥੇ ਖਾਲਿਸਤਾਨੀ ਕੱਟੜਪੰਥੀਆਂ ਨੇ ਹਿੰਦੂ-ਕੈਨੇਡੀਅਨ ਸ਼ਰਧਾਲੂਆਂ 'ਤੇ ਹਮਲਾ ਕੀਤਾ ਸੀ।
ਹਿੰਸਾ 'ਚ ਬਦਲਿਆ ਪ੍ਰਦਰਸ਼ਨ
ਦਿ ਗੋਰ ਰੋਡ 'ਤੇ ਹੋਇਆ ਪ੍ਰਦਰਸ਼ਨ, ਸਰੀਰਕ ਹਿੰਸਾ 'ਚ ਬਦਲ ਗਿਆ, ਵਿਅਕਤੀਆਂ ਨੇ ਝੰਡਿਆਂ ਤੇ ਲਾਠੀਆਂ ਨੂੰ ਹਥਿਆਰ ਵਜੋਂ ਵਰਤਿਆ। ਪੁਲਿਸ ਨੇ ਕਈ ਅਪਰਾਧਾਂ ਦੀ ਜਾਂਚ ਸ਼ੁਰੂ ਕੀਤੀ, ਜਿਨ੍ਹਾਂ ਵਿਚੋਂ ਕਈਆਂ ਨੂੰ ਵੀਡੀਓ 'ਚ ਕੈਪਚਰ ਕਰ ਲਿਆ ਗਿਆ ਤੇ ਹੋਰ ਸ਼ੱਕੀਆਂ ਦੀ ਪਛਾਣ ਕਰਨ ਲਈ ਫੁਟੇਜ ਦੀ ਜਾਂਚ ਜਾਰੀ ਹੈ।
ਗੁਰਪਤਵੰਤ ਪੰਨੂ ਦਾ ਹੈ ਕਰੀਬੀ
ਗੋਸਲ ਨੂੰ ਸਿੱਖ ਫਾਰ ਜਸਟਿਸ (SFJ) ਦੇ ਜਨਰਲ ਕਾਊਂਸਿਲ ਗੁਰਪਤਵੰਤ ਪੰਨੂ ਦਾ ਲੈਫਟੀਨੈਂਟ ਦੱਸਿਆ ਜਾਂਦਾ ਹੈ। ਪਿਛਲੇ ਸਾਲ 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਤੋਂ ਬਾਅਦ ਉਸ ਨੇ ਰਾਇਸ਼ੁਮਾਰੀ ਦੇ ਮੁੱਖ ਕੈਨਾਡਾਈ ਕਨਵੀਨਰ ਦੇ ਰੂਪ 'ਚ ਉਸ ਦੀ ਜਗ੍ਹਾ ਲਈ। ਨਿੱਜਰ ਦੀ ਹੱਤਿਆ ਤੋਂ ਬਾਅਦ ਉੱਥੇ ਰੈਫਰੈਂਡਮ ਨਾਲ ਜੁੜੇ ਕੰਮ ਨੂੰ ਦੇਖ ਰਿਹਾ ਹੈ।
ਪੁਲਿਸ ਨੇ 3 ਤੇ 4 ਨਵੰਬਰ ਦੀਆਂ ਘਟਨਾਵਾਂ ਦੀ ਜਾਂਚ ਜਾਰੀ ਰੱਖਣ ਲਈ ਰਣਨੀਤਕ ਜਾਂਚ ਟੀਮ ਦਾ ਗਠਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਜਾਂਚਾਂ 'ਚ ਸਮਾਂ ਲੱਗਦਾ ਹੈ ਤੇ ਵਿਅਕਤੀਆਂ ਦੀ ਪਛਾਣ ਹੁੰਦੇ ਹੀ ਗ੍ਰਿਫ਼ਤਾਰੀਆਂ ਕੀਤੀਆਂ ਜਾਂਦੀਆਂ ਹਨ।