ਕਮਲਾ ਹੈਰਿਸ 2028 ’ਚ ਲੜ ਸਕਦੇ ਹਨ ਰਾਸ਼ਟਰਪਤੀ ਚੋਣ, ਇੰਟਰਵਿਊ ਦੌਰਾਨ ਦਿੱਤੇ ਸੰਕੇਤ
ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਆਉਣ ਵਾਲੇ ਸਾਲਾਂ ’ਚ ਇਕ ਮਹਿਲਾ ਰਾਸ਼ਟਰਪਤੀ ਬਣੇਗੀ ਤੇ ਇਹ ਸੰਭਾਵੀ ਤੌਰ ’ਤੇ ਉਹ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਮੈਂ ਆਪਣਾ ਪੂਰਾ ਕਰੀਅਰ ਸੇਵਾ ਦਾ ਜੀਵਨ ਬਤੀਤ ਕੀਤਾ ਹੈ ਤੇ ਇਹ ਮੇਰੀਆਂ ਰਗਾਂ ’ਚ ਵਸਿਆ ਹੈ। ਤੇ ਸੇਵਾ ਕਰਨ ਦੇ ਕਈ ਤਰੀਕੇ ਹਨ।
Publish Date: Mon, 27 Oct 2025 09:15 AM (IST)
Updated Date: Mon, 27 Oct 2025 09:18 AM (IST)
ਵਾਸ਼ਿੰਗਟਨ (ਏਪੀ) : ਅਮਰੀਕਾ ਦੀ ਸਾਬਕਾ ਉਪ ਰਾਸ਼ਟਰਪਤੀ ਕਮਲਾ ਹੈਰਿਸ 2028 ਦੀ ਰਾਸ਼ਟਰਪਤੀ ਚੋਣ ਲੜ ਸਕਦੇ ਹਨ। ਉਨ੍ਹਾਂ ਇਹ ਸੰਕੇਤ ਹਾਲ ਹੀ ਵਿਚ ਇਕ ਇੰਟਰਵਿਊ ਦੌਰਾਨ ਦਿੱਤੇ। ਇਸ ਵਿਚ ਉਨ੍ਹਾਂ ਵ੍ਹਾਈਟ ਹਾਊਸ ਲਈ ਇਕ ਹੋਰ ਦੌੜ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਆਉਣ ਵਾਲੇ ਸਾਲਾਂ ’ਚ ਇਕ ਮਹਿਲਾ ਰਾਸ਼ਟਰਪਤੀ ਬਣੇਗੀ ਤੇ ਇਹ ਸੰਭਾਵੀ ਤੌਰ ’ਤੇ ਉਹ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਮੈਂ ਆਪਣਾ ਪੂਰਾ ਕਰੀਅਰ ਸੇਵਾ ਦਾ ਜੀਵਨ ਬਤੀਤ ਕੀਤਾ ਹੈ ਤੇ ਇਹ ਮੇਰੀਆਂ ਰਗਾਂ ’ਚ ਵਸਿਆ ਹੈ। ਤੇ ਸੇਵਾ ਕਰਨ ਦੇ ਕਈ ਤਰੀਕੇ ਹਨ। ਮੈਂ ਕਦੀ ਲੋਕਮਤ ਸਰਵੇਖਣਾਂ ’ਤੇ ਧਿਆਨ ਨਹੀਂ ਦਿੱਤਾ।
 ਉਨ੍ਹਾਂ ਹਾਲ ਹੀ ਵਿਚ ਆਪਣੀ ਕਿਤਾਬ ‘107 ਡੇਜ਼’ ਦੀ ਘੁੰਢ-ਚੁਕਾਈ ਤੋਂ ਬਾਅਦ ਕਈ ਇੰਟਰਵਿਊ ਦਿੱਤੇ ਹਨ। ਇਹ ਇੰਟਰਵਿਊ 2024 ਦੇ ਡੈਮੋਕ੍ਰੇਟਿਕ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਤੌਰ ’ਤੇ ਤਤਕਾਲੀ ਰਾਸ਼ਟਰਪਤੀ ਜੋਅ ਬਾਇਡਨ ਦੇ ਦੌੜ ’ਚੋਂ ਬਾਹਰ ਹੋਣ ਤੋਂ ਬਾਅਦ ਉਨ੍ਹਾਂ ਦੀ ਥਾਂ ਲੈਣ ਦੇ ਉਨ੍ਹਾਂ ਦੇ ਤਜਰਬੇ ’ਤੇ ਕੇਂਦਰਤ ਹੈ। ਉਹ ਅਖ਼ੀਰ ਰਿਪਬਲੀਕਨ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਹਾਰ ਗਏ ਸਨ। ਪਿਛਲੇ ਹਫ਼ਤੇ ਇਕ ਇੰਟਰਵਿਊ ’ਚ 60 ਸਾਲਾ ਹੈਰਿਸ ਨੇ ਇਹ ਵੀ ਸਪੱਸ਼ਟ ਕੀਤਾ ਕੀ 2028 ’ਚ ਮੁੜ ਚੋਣ ਲੜਨ ’ਤੇ ਹਾਲੇ ਵੀ ਵਿਚਾਰ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਦ ਨੂੰ ਪਾਰਟੀ ਦੇ ਇਕ ਨੇਤਾ ਦੇ ਤੌਰ ’ਤੇ ਦੇਖਦੇ ਹਨ, ਜਿਸ ਵਿਚ ਟਰੰਪ ਖ਼ਿਲਾਫ਼ ਲੜਾਈ ਤੇ 2026 ਦੇ ਮੱਧ ਮਿਆਦ ਦੀਆਂ ਚੋਣਾਂ ਦੀ ਤਿਆਰੀ ਵੀ ਸ਼ਾਮਲ ਹੈ।