ਪਾਬੰਦੀ ਦੇ ਬਾਵਜੂਦ ਹਰ ਪੰਜ ’ਚੋਂ ਇਕ ਆਸਟ੍ਰੇਲਿਆਈ ਅੱਲ੍ਹੜ ਚਲਾ ਰਿਹਾ ਇੰਟਰਨੈੱਟ ਮੀਡੀਆ, ਰਿਪੋਰਟ ’ਚ ਖ਼ੁਲਾਸਾ
ਰਿਪੋਰਟ ਦੇ ਮੁਤਾਬਕ, ਦਸੰਬਰ ’ਚ ਲਾਗੂ ਪਾਬੰਦੀ ਦੇ ਬਾਅਦ 13 ਤੋਂ 15 ਸਾਲ ਦੇ ਅਲ੍ਹੜਾਂ ਵਲੋਂ ਇੰਟਰਨੈੱਟ ਮੀਡੀਆ ਦੀ ਵਰਤੋਂ ’ਚ ਗਿਰਾਵਟ ਜ਼ਰੂਰ ਆਈ ਹੈ, ਪਰ ਫਰਵਰੀ ਤੱਕ ਵੀ 20 ਫ਼ੀਸਦੀ ਤੋਂ ਜ਼ਿਆਦਾ ਅੱਲ੍ਹੜ ਟਿਕਟਾਕ ਤੇ ਸਨੈਪਚੈਟ ਦਾ ਇਸਤੇਮਾਲ ਕਰ ਰਹੇ ਸਨ।
Publish Date: Sat, 14 Mar 2026 09:59 AM (IST)
Updated Date: Sat, 14 Mar 2026 10:02 AM (IST)

ਸਿਡਨੀ (ਰਾਇਟਰ) : ਆਸਟ੍ਰੇਲੀਆ ’ਚ ਨਾਬਾਲਗਾਂ ਨੂੰ ਇੰਟਰਨੈੱਟ ਮੀਡੀਆ ਤੋਂ ਦੂਰ ਰੱਖਣ ਲਈ ਲਗਾਈ ਗਈ ਪਾਬੰਦੀ ਦੇ ਬਾਵਜੂਦ ਹਰ ਪੰਜ ’ਚੋਂ ਇਕ ਅੱਲ੍ਹੜ ਹਾਲੇ ਵੀ ਟਿਕਟਾਕ ਤੇ ਸਨੈਪਚੈਟ ਵਰਗੇ ਪਲੇਟਫਾਰਮਾਂ ਦਾ ਇਸਤੇਮਾਲ ਕਰ ਰਿਹਾ ਹੈ। ਇਹ ਜਾਣਕਾਰੀ ਪੈਰੇਂਟਲ ਕੰਟਰੋਲ ਸਾਫਟਵੇਅਰ ਕੰਪਨੀ ਦੀ ਇਕ ਰਿਪੋਰਟ ’ਚ ਸਾਹਮਣੇ ਆਈ ਹੈ। ਰਿਪੋਰਟ ਦੇ ਮੁਤਾਬਕ, ਦਸੰਬਰ ’ਚ ਲਾਗੂ ਪਾਬੰਦੀ ਦੇ ਬਾਅਦ 13 ਤੋਂ 15 ਸਾਲ ਦੇ ਅਲ੍ਹੜਾਂ ਵਲੋਂ ਇੰਟਰਨੈੱਟ ਮੀਡੀਆ ਦੀ ਵਰਤੋਂ ’ਚ ਗਿਰਾਵਟ ਜ਼ਰੂਰ ਆਈ ਹੈ, ਪਰ ਫਰਵਰੀ ਤੱਕ ਵੀ 20 ਫ਼ੀਸਦੀ ਤੋਂ ਜ਼ਿਆਦਾ ਅੱਲ੍ਹੜ ਟਿਕਟਾਕ ਤੇ ਸਨੈਪਚੈਟ ਦਾ ਇਸਤੇਮਾਲ ਕਰ ਰਹੇ ਸਨ। ਆਸਟ੍ਰੇਲੀਆ ਸਰਕਾਰ ਨੇ ਦਸੰਬਰ ’ਚ ਨਿਯਮ ਲਾਗੂ ਕਰਦੇ ਹੋਏ ਇੰਸਟਾਗ੍ਰਾਮ, ਫੇਸਬੁੱਕ, ਥ੍ਰੈਡਸ, ਯੂਟਿਊਬ, ਟਿਕਟਾਕ ਤੇ ਸਨੈਪਚੈਟ ਵਰਗੇ ਪਲੇਟਫਾਰਮਾਂ ਨੂੰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਪਹੁੰਚ ਤੋਂ ਰੋਕਣ ਦਾ ਆਦੇਸ਼ ਦਿੱਤਾ ਸੀ। ਨਿਯਮ ਦੀ ਉਲੰਘਣਾ ਕਰਨ ’ਤੇ ਕੰਪਨੀਆਂ ’ਤੇ ਕਰੀਬ 3.5 ਕਰੋੜ ਅਮਰੀਕੀ ਡਾਲਰ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਸਰਕਾਰੀ ਰੈਗੂਲੇਟਰੀ ਈ- ਸੁਰੱਖਿਆ ਕਮਿਸ਼ਨਰ ਨੇ ਕਿਹਾ ਕਿ ਕੁਝ ਨਾਬਾਲਗਾਂ ਦੇ ਹਾਲੇ ਵੀ ਇੰਟਰਨੈੱਟ ਮੀਡੀਆ ’ਤੇ ਸਰਗਰਮ ਰਹਿਣ ਦੀਆਂ ਰਿਪੋਰਟਾਂ ਨੂੰ ਦੇਖਦੇ ਹੋਏ ਪਲੇਟਫਾਰਮ ਕੰਪਨੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਕਾਨੂੰਨ ਦੀ ਪਾਲਣਾ ਦੀ ਨਿਗਰਾਨੀ ਜਾਰੀ ਹੈ। ਰਿਪੋਰਟ ਦੇ ਮੁਤਾਬਕ, ਪਾਬੰਦੀ ਦੇ ਬਾਅਦ ਸਨੈਪਚੈਟ ਦੀ ਵਰਤੋਂ 13.8 ਫ਼ੀਸਦੀ ਘਟ ਕੇ 20.3 ਫ਼ੀਸਦੀ ਤੇ ਟਿਕਟਾਕ ਦੀ ਵਰਤੋਂ 5.7 ਫ਼ੀਸਦੀ ਘਟ ਕੇ 21.2 ਫ਼ੀਸਦੀ ਰਹਿ ਗਿਆ। ਹਾਲਾਂਕਿ ਵ੍ਹਟਸਐਪ ਦੀ ਵਰਤੋਂ ’ਚ ਹਲਕਾ ਵਾਧਾ ਦਰਜ ਕੀਤਾ ਗਿਆ ਹੈ।