ਸ਼ੋਅ ’ਚ ਬੀਤੇ ਤਿੰਨ ਦਹਾਕਿਆਂ ਤੋਂ ਪਰਿਵਾਰਿਕ ਤੇ ਉਸਾਰੂ ਗੀਤਾਂ ਦੇ ਪਹਿਰੇਦਾਰ ਤੇ ਪੰਜਾਬੀਆਂ ਦੇ ਮਾਣਮੱਤੇ ਹਰਮਨ ਪਿਆਰੇ ਪੰਜਾਬੀ ਗਾਇਕੀ ’ਚ ਵਿਰਸੇ ਦੇ ਵਾਰਿਸ ਵਜੋਂ ਜਾਣੇ ਜਾਂਦੇ ਵਾਰਿਸ ਭਰਾ ਮਨਮੋਹਣ ਵਾਰਿਸ, ਸੰਗਤਾਰ ਤੇ ਕਮਲ ਹੀਰ ਨੇ ਸਾਂਝੇ ਤੋਰ ਤੇ ਗੀਤ "ਕਲੇਜੇ ਤੀਰ ਵੇਖਣ ਨੂੰ, ਸਿਰ ਤੇ ਤਾਜ ਵੇਖਣ ਨੂੰ, ਜ਼ਮਾਨਾ ਰੁਕ ਗਿਆ ਤੇਰਾ ਉਹ ਹੀ ਅੰਦਾਜ ਵੇਖਣ ਨੂੰ," ‘ਅਸੀ ਜਿੱਤਾਗੇ ਜਰੂਰ ਜਾਰੀ ਜੰਗ ਰੱਖਿਓ’, 'ਇਕੋ ਘਰ ਨਹੀਂ ਜੰਮਣਾ ਮੁੜ ਟੱਬਰ ਦੇ ਜੀਆਂ ਨੇ', ‘ਹੋਰ ਕੋਈ ਥਾ ਲੈ ਨਹੀ ਸਕਦਾ ਸਕੇ ਭਰਾਵਾਂ ਦੀ’, ਪੇਸ਼ ਕੀਤਾ ਤਾ ਦਰਸ਼ਕਾ ਵਿੱਚ ਜੋਸ਼ ਭਰ ਦਿੱਤਾ।

ਹਰਪ੍ਰੀਤ ਸਿੰਘ ਕੋਹਲੀ, ਬ੍ਰਿਸਬੇਨ: ਵਿਰਾਸਤ ਇੰਟਰਟੇਨਮੈਂਟ ਤੇ ਲੀਡਰ ਇੰਸਟੀਚਿਊਟ ਵੱਲੋ 'ਪੰਜਾਬੀ ਵਿਰਸਾ 2024' ਬ੍ਰਿਸਬੇਨ ਵਿਖੇ ਪ੍ਰਬੰਧਕ ਹਰਜੀਤ ਭੁੱਲਰ, ਮਨਜੀਤ ਭੁੱਲਰ, ਨਵਜੋਤ ਸਿੰਘ ਜਗਤਪੁਰ, ਫ਼ਤਿਹ ਪ੍ਰਤਾਪ ਸਿੰਘ, ਅਮਨਦੀਪ ਸਿੰਘ ਤੇ ਰਣਬੀਰ ਸਿੰਘ ਵੱਲੋਂ ਸਾਂਝੇ ਤੌਰ 'ਤੇ ਸਫਲਤਾਪੂਰਵਕ ਕਰਵਾਇਆ ਗਿਆ। ਸ਼ੋਅ ’ਚ ਬੀਤੇ ਤਿੰਨ ਦਹਾਕਿਆਂ ਤੋਂ ਪਰਿਵਾਰਕ ਤੇ ਉਸਾਰੂ ਗੀਤਾਂ ਦੇ ਪਹਿਰੇਦਾਰ ਤੇ ਪੰਜਾਬੀਆਂ ਦੇ ਮਾਣਮੱਤੇ ਹਰਮਨ ਪਿਆਰੇ ਪੰਜਾਬੀ ਗਾਇਕੀ ’ਚ ਵਿਰਸੇ ਦੇ ਵਾਰਿਸ ਵਜੋਂ ਜਾਣੇ ਜਾਂਦੇ ਵਾਰਿਸ ਭਰਾ ਮਨਮੋਹਨ ਵਾਰਿਸ, ਸੰਗਤਾਰ ਤੇ ਕਮਲ ਹੀਰ ਨੇ ਸਾਂਝੇ ਤੌਰ 'ਤੇ ਗੀਤ "ਕਲੇਜੇ ਤੀਰ ਵੇਖਣ ਨੂੰ, ਸਿਰ ਤੇ ਤਾਜ ਵੇਖਣ ਨੂੰ, ਜ਼ਮਾਨਾ ਰੁਕ ਗਿਆ ਤੇਰਾ ਉਹ ਹੀ ਅੰਦਾਜ਼ ਵੇਖਣ ਨੂੰ" ‘ਅਸੀ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ’, 'ਇਕੋ ਘਰ ਨਹੀਂ ਜੰਮਣਾ ਮੁੜ ਟੱਬਰ ਦੇ ਜੀਆਂ ਨੇ', ‘ਹੋਰ ਕੋਈ ਥਾਂ ਲੈ ਨਹੀਂ ਸਕਦਾ ਸਕੇ ਭਰਾਵਾਂ ਦੀ’ ਪੇਸ਼ ਕੀਤਾ ਤਾਂ ਦਰਸ਼ਕਾਂ 'ਚ ਜੋਸ਼ ਭਰ ਗਿਆ।
ਉਪਰੰਤ ਸੰਗੀਤਕਾਰ, ਸ਼ਾਇਰ ਤੇ ਗਾਇਕ ਵਜੋਂ ਜਾਣੇ ਜਾਂਦੇ ਸੰਗਤਾਰ ਨੇ ਆਪਣੀ ਮਿੱਠੀ ਤੇ ਸੁਰੀਲੀ ਗਾਇਕੀ ਰਾਹੀਂ ਗੀਤ 'ਮੈਤੋਂ ਈ-ਮੇਲਾ ਤੇਰੀਆਂ ਡਿਲੀਟ ਹੋ ਗਈਆਂ' ਤੇ ਸ਼ੇਅਰੋ-ਸ਼ਾਇਰੀ ਦੁਆਰਾ ਸਰੋਤਿਆਂ ਨੂੰ ਮੰਤਰ-ਮੁਗਧ ਕਰ ਕੇ ਹਾਜ਼ਰੀ ਲਗਵਾਈ।
ਇਸ ਤੋਂ ਬਾਅਦ ਕਮਲ ਹੀਰ ਨੇ ਸਟੇਜ 'ਤੇ ਆਪਣੇ ਨਵੇਂ ਤੇ ਪੁਰਾਣੇ ਗੀਤਾਂ 'ਜੱਟ ਪੂਰਾ ਦੇਸੀ ਸੀ", 'ਰਾਤੀਂ ਉਹਦੀ ਫੋਟੋ ਵੇਖੀ ਫੇਸਬੁੱਕ 'ਤੇ, 'ਜਿੰਦੇਂ ਨੀ ਜਿੰਦੇਂ', 'ਟੌਪ ਦਾ ਸ਼ੌਕੀਨ ਮੁੰਡਾ’, 'ਕੁੜੀਏ ਨੀ ਸੱਗੀ ਫੁੱਲ ਵਾਲੀਏ" ਆਦਿ ਗੀਤਾਂ ਨਾਲ ਦਸਤਕ ਦਿੱਤੀ ਤਾਂ ਸਾਰਾ ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ। ਕਮਲ ਹੀਰ ਦੇ ਸੁਰੀਲੇ ਸੁਰਾਂ ਤੇ ਸੰਗੀਤ ਦੀ ਤਾਲ ਨਾਲ ਸਰੋਤਿਆਂ ਨੂੰ ਆਪ ਮੁਹਾਰੇ ਨੱਚਣ ਟੱਪਣ ਲਈ ਮਜਬੂਰ ਕਰੀ ਰੱਖਿਆ ਤੇ ਮਾਹੌਲ 'ਚ ਸੰਗੀਤਮਈ ਨਿੱਘ ਭਰ ਦਿੱਤਾ।
ਅਖੀਰ ’ਚ ਮਨਮੋਹਨ ਵਾਰਿਸ ਨੇ ਜਦੋਂ ਸਟੇਜ ’ਤੇ ਆਪਣੇ ਨਵੇਂ ਤੇ ਪੁਰਾਣੇ ਸੱਭਿਆਚਰਕ ਗੀਤਾਂ ਜਿਨ੍ਹਾਂ ’ਚ "ਕੀ ਦੁਨੀਆ ਤੇ ਆਇਆ ਜਿਨੇ ਅੱਖ 'ਚੋਂ ਪੀਤੀ ਨਾ",'ਕਿਤੇ ਕੱਲੀ ਬਹਿ ਕੇ ਸੋਚੀਂ ਨੀ', 'ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ', ‘ਕੋਕਾ ਕਰਕੇ ਧੋਖਾ’, "ਲੋਕਲ ਚਲਾ ਲੈ ਟਰੱਕ ਸੋਹਣਿਆ', ‘ਫੁਲਕਾਰੀ’, 'ਦੋ ਤਾਰਾ ਵੱਜਦਾ' ਆਦਿ ਗੀਤਾਂ ਅਤੇ ਪੰਜਾਬ ਦੀ ਜਵਾਨੀ, ਕਿਸਾਨੀ ਤੇ ਸਮਾਜਿਕ ਸਰੋਕਾਰਾਂ ਦੀ ਗੱਲ ਕਰਦਿਆਂ ਪੰਜਾਬ ਤੇ ਪੰਜਾਬੀਅਤ ਦੇ ਪਿਆਰ ਤੇ ਸਾਂਝ ਦਾ ਸੁਨੇਹਾਂ ਦਿੰਦਿਆਂ ਪੰਜਾਬ ਨੂੰ ਚੇਤਿਆਂ 'ਚ ਵਸਾ ਦਿੱਤਾ। ਹਾਲ 'ਚ ਠਾਠਾਂ ਮਾਰਦਾ ਇਕੱਠ ਅਸ਼-ਅਸ਼ ਕਰ ਉੱਠਿਆਂ ਤੇ ਸਰੋਤਿਆਂ ਨੂੰ ਦੇਰ ਰਾਤ ਤਕ ਆਪਣੇ ਪ੍ਰਸਿੱਧ ਗੀਤਾਂ ਨਾਲ ਨਚਾ ਕੇ ਪੰਜਾਬੀ ਵਿਰਸਾ ਸ਼ੋਅ ਨੂੰ ਸਿਖਰਾਂ ਤਕ ਪਹੁੰਚਾ ਕੇ ਭਰਪੂਰ ਮੰਨੋਰੰਜਨ ਕੀਤਾ।
ਜ਼ਿਕਰਯੋਗ ਹੈ ਕਿ ਵਾਰਿਸ ਭਰਾਵਾਂ ਦੇ ਸ਼ੋਅ ’ਚ ਵੱਡੀ ਗਿਣਤੀ 'ਚ ਆਏ ਹੋਏ ਪਰਿਵਾਰਾਂ ਨੇ ਸਾਬਤ ਕਰ ਦਿੱਤਾ ਕਿ ਸਰੋਤੇ ਅੱਜ ਵੀ ਚੰਗੀ ਤੇ ਸਾਫ-ਸੁਥਰੀ ਗਾਇਕੀ ਨੂੰ ਪੂਰਾ ਮਾਣ-ਸਤਿਕਾਰ ਦਿੰਦੇ ਹਨ। ਪ੍ਰਬੰਧਕ ਹਰਜੀਤ ਭੁੱਲਰ, ਮਨਜੀਤ ਭੁੱਲਰ, ਨਵਜੋਤ ਸਿੰਘ ਜਗਤਪੁਰ ਤੇ ਫ਼ਤਿਹ ਪ੍ਰਤਾਪ ਸਿੰਘ ਨੇ ਸਾਂਝੇ ਤੌਰ 'ਤੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਾਰਿਸ ਭਰਾਵਾਂ ਦੀ ਮਿਆਰੀ ਤੇ ਸਮਾਜ ਨੂੰ ਸੇਧ ਦੇਣ ਵਾਲੀ ਗਾਇਕੀ ਕਾਰਨ ਦੁਨੀਆ ਭਰ ਵਿਚ ਕੀਤੇ ਜਾ ਰਹੇ ਸ਼ੋਅ ਸਰੋਤਿਆਂ ਦੇ ਭਰਵੇ ਹੁੰਗਾਰੇ ਨਾਲ ਲਗਾਤਾਰ ਸੋਲਡ ਆਊਟ ਜਾ ਰਹੇ ਹਨ ਜੋ ਕਿ ਸ਼ੁਭ ਸ਼ਗਨ ਹੈ। ਵਾਰਿਸ ਭਰਾਵਾਂ ਦਾ ‘ਪੰਜਾਬੀ ਵਿਰਸਾ ਸ਼ੋਅ’ ਵਿਰਸੇ ਦੀ ਬਾਤ ਪਾਉਂਦਾ ਹੋਇਆ ਅਮਿੱਟ ਪੈੜਾਂ ਛੱਡਦਾ ਨਵੇਂ ਕੀਰਤੀਮਾਨ ਸਥਾਪਿਤ ਕਰ ਗਿਆ। ਮੰਚ ਦਾ ਸੰਚਾਲਨ ਰਾਜਦੀਪ ਲਾਲੀ ਵਲੋਂ ਸ਼ੇਅਰੋ-ਸ਼ਾਇਰੀ ਦੁਆਰਾ ਬਹੁਤ ਹੀ ਖੂਬਸੂਰਤੀ ਨਾਲ ਕੀਤਾ ਗਿਆ।