ਆਸਟ੍ਰੇਲੀਆ ’ਚ ਸਿੱਖ ਨੌਜਵਾਨ ’ਤੇ ਨਸਲੀ ਹਮਲਾ; ਹਮਲਾਵਰਾਂ ਨੇ ‘ਭਾਰਤੀ ਕੁੱਤਾ’ ਕਹਿ ਕੇ ਕੀਤੀ ਬਦਸਲੂਕੀ
ਹਰਮਨਪ੍ਰੀਤ ਮੁਤਾਬਕ ਜਦੋਂ ਜਿੰਮ ਤੋਂ ਬਾਹਰ ਆਇਆ ਇਕ ਹਮਲਾਵਰ ਨੇ ਉਸਦੇ ਨੱਕ ’ਤੇ ਆਪਣਾ ਸਿਰ ਮਾਰਿਆ, ਜਿਸ ਨਾਲ ਉਸਦੇ ਨੱਕ ’ਚੋਂ ਖੂਨ ਨਿਕਲਣ ਲੱਗਿਆ। ਇਸ ਤੋ ਬਾਅਦ ਹਮਲਾਵਰ ਫ਼ਰਾਰ ਹੋ ਗਏ। ਹਰਮਨਪ੍ਰੀਤ ਨੂੰ ਹਸਪਤਾਲ ਲਿਜਾਇਆ ਗਿਆ ਤੇ ਸਾਰੀ ਰਾਤ ਉਸਦਾ ਇਲਾਜ ਚੱਲਿਆ।
Publish Date: Fri, 20 Feb 2026 08:43 AM (IST)
Updated Date: Fri, 20 Feb 2026 08:47 AM (IST)

ਪੱਤਰ ਪ੍ਰੇਰਕ, ਮੈਲਬੌਰਨ: ਆਸਟ੍ਰੇਲੀਆ ਦੇ ਕੋਰੀਓ ਇਲਾਕੇ ’ਚ ਇਕ ਜਿੰਮ ਦੇ ਬਾਹਰ ਪੰਜਾਬੀ ਮੂਲ ਦੇ ਨੌਜਵਾਨ ਹਰਮਨਪ੍ਰੀਤ ਸਿੰਘ ’ਤੇ ਕੁਝ ਸਥਾਨਕ ਨੌਜਵਾਨਾਂ ਵੱਲੋਂ ਨਸਲੀ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ’ਚ ਜਿੰਮ ਦੇ ਬਾਹਰ ਇਕ ਵਿਅਕਤੀ ਦੂਜੇ ਨੂੰ ਹਰਮਨ ’ਤੇ ਹਮਲੇ ਦੀ ਹਦਾਇਤ ਦੇ ਰਿਹਾ ਹੈ। ਉਹ ਹਰਮਨਪ੍ਰੀਤ ਨੂੰ 'ਭਾਰਤੀ ਕੁੱਤਾ' ਕਹਿ ਰਿਹਾ ਹੈ ਤੇ ਉੱਥੇ ਵਾਪਸ ਜਾਣ ਲਈ ਕਹਿ ਰਿਹਾ ਹੈ ਜਿੱਥੋਂ ਉਹ ਆਇਆ ਹੈ। 22 ਸਾਲਾ ਹਰਮਨਪ੍ਰੀਤ ਸਿੰਘ ਮੁਤਾਬਕ ਬੁੱਧਵਾਰ ਦੇਰ ਰਾਤ ਉਹ ਵਿਕਟੋਰੀਆ ਦੇ ਜੀਲੋਂਗ ਇਲਾਕੇ ’ਚ ਇਕ ਫਿਟਨੈੱਸ ਸੈਂਟਰ ’ਚ ਕਸਰਤ ਕਰਨ ਗਿਆ ਸੀ। ਇੱਥੇ ਤਿੰਨ ਸਥਾਨਕ ਵਿਅਕਤੀਆਂ ਨੇ ਪਹਿਲਾਂ ਉਸਨੂੰ ਗਾਲ੍ਹਾਂ ਕੱਢੀਆਂ ਤੇ ਫਿਰ ਬਾਹਰ ਆ ਕੇ ਹਮਲੇ ਲਈ ਉਸਦੀ ਉਡੀਕ ਕਰਦੇ ਰਹੇ। ਹਰਮਨਪ੍ਰੀਤ ਮੁਤਾਬਕ ਜਦੋਂ ਜਿੰਮ ਤੋਂ ਬਾਹਰ ਆਇਆ ਇਕ ਹਮਲਾਵਰ ਨੇ ਉਸਦੇ ਨੱਕ ’ਤੇ ਆਪਣਾ ਸਿਰ ਮਾਰਿਆ, ਜਿਸ ਨਾਲ ਉਸਦੇ ਨੱਕ ’ਚੋਂ ਖੂਨ ਨਿਕਲਣ ਲੱਗਿਆ। ਇਸ ਤੋ ਬਾਅਦ ਹਮਲਾਵਰ ਫ਼ਰਾਰ ਹੋ ਗਏ। ਹਰਮਨਪ੍ਰੀਤ ਨੂੰ ਹਸਪਤਾਲ ਲਿਜਾਇਆ ਗਿਆ ਤੇ ਸਾਰੀ ਰਾਤ ਉਸਦਾ ਇਲਾਜ ਚੱਲਿਆ। ਓਧਰ ਸਥਾਨਕ ਪੁਲਿਸ ਨੇ ਹਮਲਾਵਰਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਇਸ ਨਾਲ ਆਸਟ੍ਰੇਲੀਆ ’ਚ ਭਾਰਤੀ ਭਾਈਚਾਰੇ ’ਚ ਚਿੰਤਾ ਪੈਦਾ ਹੋ ਗਈ ਹੈ। ਆਸਟ੍ਰੇਲੀਆ ’ਚ ਕਰੀਬ ਅੱਠ ਲੱਖ 45 ਹਜ਼ਾਰ ਭਾਰਤੀ ਰਹਿ ਰਹੇ ਹਨ।